ਐੱਮਪੀ ਮੀਤ ਹੇਅਰ ਵੱਲੋਂ 70 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦੀ ਸ਼ੁਰੂਆਤ
ਸੰਸਦ ਮੈਂਬਰ ਮੀਤ ਹੇਅਰ ਵਲੋਂ 70 ਕਰੋੜ ਦੀ ਲਾਗਤ ਵਾਲੇ ਸੀਵਰੇਜ ਪ੍ਰੋਜੈਕਟ ਦੀ ਸ਼ੁਰੂਆਤ
Publish Date: Wed, 06 May 2026 04:26 PM (IST)
Updated Date: Wed, 06 May 2026 04:26 PM (IST)
- ਮਾਨ ਸਰਕਾਰ ਵੱਲੋਂ ਜ਼ਿਲ੍ਹੇ ’ਚ ਨਹਿਰੀ ਪ੍ਰਾਜੈਕਟਾਂ ਲਈ ਖਰਚੇ ਗਏ 300 ਕਰੋੜ ਰੁਪਏ : ਮੀਤ ਹੇਅਰ
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹੰਡਿਆਇਆ ਕੈਂਚੀਆਂ ਵਿਖੇ ਬਰਨਾਲਾ ਸ਼ਹਿਰ ਦੇ 69 ਕਰੋੜ ਤੋਂ ਵੱਧ ਲਾਗਤ ਵਾਲੇ ਸੀਵਰੇਜ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਐੱਮਪੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਸ਼ਹਿਰ ’ਚ ਸੀਵਰੇਜ ਅਤੇ ਜਲ ਸਪਲਾਈ ਨੂੰ ਬਿਹਤਰ ਬਣਾਉਣ ਲਈ 83 ਕਰੋੜ ਰੁਪਏ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ 6963.55 ਲੱਖ ਰੁਪਏ ਸਿਰਫ ਸੀਵਰੇਜ ਦੇ ਨਿਕਾਸੀ ਸਿਸਟਮ ਲਈ ਖਰਚੇ ਜਾਣੇ ਹਨ ਤੇ ਇਸ ਕੰਮ ਲਈ ਟੈਂਡਰ ਲੱਗਣ ਤੋਂ ਬਾਅਦ ਹੁਣ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਬਰਨਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ 65 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਣੀ ਹੈ, ਜਿਸ ਮਗਰੋਂ ਸੀਵਰੇਜ ਦੀ ਕੋਈ ਸਮੱਸਿਆ ਨਹੀਂ ਰਹੇਗੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਕਰੋੜਾਂ ਰੁਪਏ ਦੇ ਫੰਡ ਬਰਨਾਲਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਉੱਥੇ ਸੜਕਾਂ ਚੌੜੀਆਂ (10 ਤੋਂ 18 ਫੁੱਟ) ਵੀ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ 300 ਕਰੋੜ ਰੁਪਏ ਸਿਰਫ ਜਲ ਸਰੋਤ ਮਹਿਕਮੇ ਰਾਹੀਂ ਲਿਆਂਦੇ ਗਏ ਹਨ ਜਿਸ ਨਾਲ ਖੇਤਾਂ ’ਚ ਪਾਈਪਲਾਈਨਾਂ ਪਾਈਆਂ ਗਈਆਂ ਹਨ, ਇਸ ਤੋਂ ਇਲਾਵਾ ਮੋਘੇ ਨਵੇਂ ਕੱਢਣ ਦੇ ਨਾਲ-ਨਾਲ ਖਾਲ ਬਹਾਲ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਉਪਰਾਲਿਆਂ ਨਾਲ ਇਲਾਕੇ ’ਚ ਪਾਣੀ ਦਾ ਪੱਧਰ ਹੋਰ ਨੀਵਾਂ ਜਾਣ ਤੋਂ ਰੁਕਿਆ ਹੈ, ਕਿਉੰਕਿ ਨਹਿਰੀ ਪਾਣੀ ਦੀ ਲਾਗਤ ਵਧੀ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਹਲਕੇ ’ਚ ਆਉਂਦੇ ਦਿਨੀ ਹੋਰ ਵੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਐਕਸੀਅਨ ਸੀਵਰੇਜ ਬੋਰਡ ਐੱਸਐੱਸ ਢਿੱਲੋਂ, ਗੁਰਜੀਤ ਸਿੰਘ ਰਾਮਨਵਾਸੀਆ, ਨਛੱਤਰ ਸਿੰਘ ਸਟੈਂਡਰਡ ਕੰਬਾਈਨ, ਮੱਖਣ ਸਿੰਘ ਬਲਕਾਰ ਕੰਬਾਈਨ, ਗੁਰਮੇਲ ਸਿੰਘ ਤੇ ਇਲਾਕੇ ਦੇ ਹੋਰ ਪਤਵੰਤੇ ਮੌਜੂਦ ਸਨ।