ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ : ਗੰਡੇਵਾਲ
ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ : ਗੰਡੇਵਾਲ
Publish Date: Wed, 13 May 2026 04:02 PM (IST)
Updated Date: Wed, 13 May 2026 04:03 PM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਪਰਮਾਤਮਾ ਨੇ ਇਹ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਉਹ ਸਭ ਦੇ ਦਿਲਾਂ ਦੀਆਂ ਜਾਣ ਤਾਂ ਸਕਦਾ ਹੈ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਵੀ ਕਰ ਸਕਦਾ ਹੈ ਪਰ ਇੱਕੋ ਸਮੇਂ ਸਭਦਾ ਖਿਆਲ ਰੱਖਣਾ ਬਹੁਤ ਮੁਸ਼ਕਿਲ ਹੁੰਦਾ ਇਸ ਕਰ ਕੇ ਪਰਮਾਤਮਾ ਨੇ ਮਾਂ ਦੀ ਰਚਨਾ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਗੁਰੂ ਰਵਿਦਾਸ ਕਮੇਟੀ ਪਿੰਡ ਗੰਡੇਵਾਲ ਦੇ ਸਾਬਕਾ ਪ੍ਰਧਾਨ ਸੁਖਪਾਲ ਸਿੰਘ ਗੰਡੇਵਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੱਬ ਤੋਂ ਬਾਅਦ ਜੇ ਕੋਈ ਸਾਡਾ ਖਿਆਲ ਰੱਖ ਸਕਦਾ ਹੈ ਤਾਂ ਉਹ ਮਾਂ ਹੀ ਹੈ ਅਤੇ ਅਸੀਂ ਦੇਖਦੇ ਹਾਂ ਕਿ ਜ਼ਮਾਨੇ ਵਿਚ ਜੇ ਕੋਈ ਨਿਰਸਵਾਰਥ ਸਾਨੂੰ ਪਿਆਰ ਕਰਦਾ ਹੈ ਅਤੇ ਸਾਡਾ ਖਿਆਲ ਰੱਖਦਾ ਹੈ ਤਾਂ ਉਹ ਸਿਰਫ ਮਾਂ ਹੈ। ਮਾਂ ਦਿਵਸ ਤੇ ਮਨ ਦੇ ਅਹਿਸਾਸ ਸਾਂਝੇ ਕਰਦੇ ਹੋਏ ਸੁਖਪਾਲ ਸਿੰਘ ਨੇ ਕਿਹਾ ਕਿ ਅਸੀਂ ਆਪਣੇ ਮਾਤਾ ਕੋਲੋਂ ਇੱਕ ਗੱਲ ਬਹੁਤ ਵਧੀਆ ਸਿੱਖੀ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਕੋਈ ਕਿੰਨਾ ਵੀ ਬੁਰਾ ਕਰ ਜਾਵੇ ਤੁਸੀਂ ਕਿਸੇ ਬਾਰੇ ਬੁਰਾ ਨਹੀਂ ਸੋਚਣਾ, ਕਿਉਂਕਿ ਲੁੱਟਣ ਵਾਲੇ ਦੇ ਦੋ ਹੱਥ ਹੁੰਦੇ ਹਨ ਅਤੇ ਉਹ ਦੇਣ ਵਾਲੇ ਪਰਮਾਤਮਾ ਦੇ ਅਨੇਕਾਂ ਹੱਥ ਹਨ ਤੇ ਕਿਸੇ ਦੀ ਲੋੜ ਸਮੇਂ ਕੀਤੀ ਮਦਦ ਪਤਾ ਨਹੀਂ ਸਾਨੂੰ ਕਿੰਨੀਆਂ ਹੀ ਮੁਸੀਬਤਾਂ ਤੋਂ ਬਚਾ ਜਾਂਦੀ ਹੈ। ਰਾਕੇਸ਼ ਕੁਮਾਰ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਬੱਚੇ ਮੋਬਾਈਲਾਂ ਨਾਲ ਏਨੇ ਜੁੜ ਗਏ ਹਨ ਕਿ ਉਨ੍ਹਾਂ ਕੋਲ ਪਰਿਵਾਰ ਅਤੇ ਆਪਣੇ ਮਾਤਾ ਪਿਤਾ ਕੋਲ ਬੈਠ ਕੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ। ਇਸ ਸੰਬੰਧ ਵਿਚ ਜਾਂ ਇਹ ਕਹਿ ਦਈਏ ਕਿ ਉਹ ਏਨਾ ਰੁੱਝ ਗਏ ਹਨ ਕਿ ਆਪਣੇ ਮਾਤਾ ਪਿਤਾ ਤੋਂ ਰੁਜ਼ਗਾਰ ਦੀ ਭਾਲ ਵਿਚ ਬਹੁਤ ਦੂਰ ਚਲੇ ਗਏ ਹਨ। ਸੋ ਮੁੱਕਦੀ ਗੱਲ ਇਹ ਕਿ ਉਹ ਬੱਚੇ ਕਰਮਾਂ ਵਾਲੇ ਹਨ, ਜਿਨ੍ਹਾਂ ਕੋਲ ਮਾਵਾਂ ਹਨ ਪਰ ਕੋਈ ਵਿਰਲਾ ਹੀ ਸਮਝ ਸਕਦਾ ਹੁੰਦਾ ਹੈ।