ਸਮਾਗਮ ਦੇ ਮੁੱਖ ਬੁਲਾਰੇ ਅਤੇ ਮੀਡੀਆ ਅਦਾਰੇ ‘ਦ ਵਾਇਰ’ ਦੀ ਸੀਨੀਅਰ ਸੰਪਾਦਕ ਆਰਿਫਾ ਖਾਨੁਮ ਸ਼ੇਰਵਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਹੱਕ, ਸੱਚ ਅਤੇ ਇਨਸਾਫ਼ ਲਈ ਆਸ ਅਤੇ ਉਮੀਦ ਦੀ ਕਿਰਨ ਹੈ ਜਿਹੜਾ ਆਜ਼ਾਦੀ ਤੋਂ ਲੋਕ ਸੰਘਰਸ਼ਾਂ ਦੀ ਅਗਵਾਈ ਕਰਦਾ ਰਿਹਾ ਹੈ।

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਲਹਿਰ ਦੇ ਮਰਹੂਮ ਨਾਇਕ ਕ੍ਰਿਸ਼ਨ ਬਰਗਾੜੀ ਦੀ 24ਵੀਂ ਬਰਸੀ ਦੇ ਸਬੰਧ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ ‘ਅਜੋਕਾ ਮੀਡੀਆ ਅਤੇ ਸਾਡੇ ਕਾਰਜ’ ਵਿਸ਼ੇ ਸਬੰਧੀ ਇਕ ਸੈਮੀਨਾਰ ਤੇ ਸਨਮਾਨ ਸਮਾਗਮ ਹੋਇਆ। ਸਮਾਗਮ ਦੀ ਪ੍ਰਧਾਨਗੀ ਡਾ.ਨਵਸ਼ਰਨ, ਆਰਿਫਾ ਖ਼ਾਨੁਮ ਸ਼ੇਰਵਾਨੀ, ਤਰਕਸ਼ੀਲ਼ ਸੁਸਾਇਟੀ ਕੇਨੈਡਾ ਦੇ ਪ੍ਰਧਾਨ ਬਲਦੇਵ ਰਹਿਪਾ,ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ ਅਤੇ ਕ੍ਰਿਸ਼ਨ ਬਰਗਾੜੀ ਦੀ ਜੀਵਨ ਸਾਥਣ ਮੈਡਮ ਰਾਜਿੰਦਰ ਕੌਰ ਬਰਗਾੜੀ ਨੇ ਕੀਤੀ।
ਇਸ ਮੌਕੇ ਸਮਾਗਮ ਦੇ ਮੁੱਖ ਬੁਲਾਰੇ ਅਤੇ ਮੀਡੀਆ ਅਦਾਰੇ ‘ਦ ਵਾਇਰ’ ਦੀ ਸੀਨੀਅਰ ਸੰਪਾਦਕ ਆਰਿਫਾ ਖਾਨੁਮ ਸ਼ੇਰਵਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਹੱਕ, ਸੱਚ ਅਤੇ ਇਨਸਾਫ਼ ਲਈ ਆਸ ਅਤੇ ਉਮੀਦ ਦੀ ਕਿਰਨ ਹੈ ਜਿਹੜਾ ਆਜ਼ਾਦੀ ਤੋਂ ਲੋਕ ਸੰਘਰਸ਼ਾਂ ਦੀ ਅਗਵਾਈ ਕਰਦਾ ਰਿਹਾ ਹੈ। ਦੇਸ਼ ਵਿੱਚ ਹਕੂਮਤੀ ਸਰਪ੍ਰਸਤੀ ਹੇਠ ਫ਼ਿਰਕੂ ਫਾਸ਼ੀਵਾਦ ਬੜੀ ਤੇਜ਼ੀ ਨਾਲ ਵਧ ਰਿਹਾ ਹੈ ਪਰ ਮੀਡੀਏ ਦਾ ਵੱਡਾ ਹਿੱਸਾ ਲੋਕ ਪੱਖੀ ਪੱਤਰਕਾਰੀ ਕਰਨ ਦੀ ਥਾਂ ਹੁਣ ਸਾਮਰਾਜੀ ਹਕੂਮਤਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮੂਕ ਦਰਸ਼ਕ ਬਣ ਕੇ ਸੱਤਾਧਾਰੀ ਜਮਾਤਾਂ ਦੀ ਬੋਲੀ ਬੋਲ ਰਿਹਾ ਹੈ। ਉਨ੍ਹਾਂ ਨੇ ਪੰਜਾਬ ਅੰਦਰ ਵਿਗਿਆਨਕ ਚੇਤਨਾ ਦੀ ਲਹਿਰ ਵਿਕਸਤ ਕਰਨ ਲਈ ਤਰਕਸ਼ੀਲ ਸੁਸਾਇਟੀ ਦੀ ਭੂਮਿਕਾ ਨੂੰ ਸਲਾਮ ਕੀਤਾ।
ਇਸ ਮੌਕੇ ਮਨੁੱਖੀ ਹੱਕਾਂ ਦੀ ਨਾਮਵਰ ਕਾਰਕੁੰਨ ਅਤੇ ਜਮਹੂਰੀ ਚਿੰਤਕ ਡਾ.ਨਵਸ਼ਰਨ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਲਈ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਡਾ.ਨਵਸ਼ਰਨ ਨੇ ਕਿਹਾ ਕਿ ਮੌਜੂਦਾ ਹਕੂਮਤਾਂ ਵੱਲੋਂ ਸਿੱਖਿਆ ਅਤੇ ਵਿੱਦਿਅਕ ਸੰਸਥਾਵਾਂ ਦਾ ਭਗਵਾਂਕਰਨ ਕਰਕੇ ਵਿਗਿਆਨਕ ਵਿਚਾਰਧਾਰਾ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਵੱਡੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਫ਼ਿਰਕੂ ਸੰਗਠਨਾਂ ਵੱਲੋਂ ਤਰਕਸ਼ੀਲ਼ ਵਿਦਵਾਨਾਂ ਨਰਿੰਦਰ ਦਾਭੋਲਕਰ, ਐੱਮ ਐੱਮ ਕਲਬੁਰਗੀ,ਗੋਵਿੰਦ ਪੰਸਰੇ,ਅਤੇ ਗੌਰੀ ਲੰਕੇਸ਼ ਦੇ ਕਤਲਾਂ ਦੀ ਸਖ਼ਤ ਨਿਖੇਧੀ ਕੀਤੀ।
ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਕੂਮਤਾਂ ਵੱਲੋਂ ਆਮ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਧਰਮਾਂ, ਜਾਤਾਂ ਅਤੇ ਡੇਰਿਆਂ ਅਤੇ ਬਾਬਿਆਂ ਦੀ ਫ਼ਿਰਕੂ ਰਾਜਨੀਤੀ ਕੀਤੀ ਜਾ ਰਹੀ ਹੈ ਜਿਸਨੂੰ ਲੋਕ ਕਦੇ ਸਫਲ ਨਹੀਂ ਹੋਣ ਦੇਣਗੇ।
ਇਸ ਤੋਂ ਪਹਿਲਾਂ ਪਲਸ ਮੰਚ ਦੇ ਆਗੂ ਰਾਮ ਕੁਮਾਰ ਭਦੌੜ ਨੇ ਉਤਰੀ ਭਾਰਤ ਦੇ ਪਹਿਲੇ ਸਰੀਰਦਾਨੀ ਮਰਹੂਮ ਆਗੂ ਕ੍ਰਿਸ਼ਨ ਬਰਗਾੜੀ ਦੀ ਤਰਕਸ਼ੀਲ ਲਹਿਰ ਸਮੇਤ ਵੱਖ ਵੱਖ ਸਮਾਜਿਕ ਖੇਤਰਾਂ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਅਤੇ ਜੀਵਨ ਬਾਰੇ ਚਾਨਣ ਪਾਇਆ। ਮਾਸਟਰ ਰਾਜਿੰਦਰ ਭਦੌੜ ਨੇ ਤਰਕਸ਼ੀਲ ਕਾਫਲੇ ‘ਚੋਂ ਵਿਛੜ ਚੁੱਕੇ ਬਾਕੀ ਸਾਥੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਸਮਾਗਮ ਵਿੱਚ ਸ਼ਾਮਿਲ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ ਜਦਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੂਬਾਈ ਆਗੂ ਰਾਮ ਸਵਰਨ ਲੱਖੇਵਾਲੀ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਸਰਬਸੰਮਤੀ ਨਾਲ ਪਾਸ ਕੀਤੇ ਮਤਿਆਂ ਵਿੱਚ ਪੱਤਰਕਾਰਾਂ ਅਤੇ ਆਰਟੀਆਈ ਕਾਰਕੁਨਾਂ ਉਤੇ ਦਰਜ ਨਜਾਇਜ਼ ਕੇਸ ਰੱਦ ਕਰਨ, ਬਿਜਲੀ ਸੋਧ ਬਿੱਲ,ਬੀਜ ਬਿੱਲ ਅਤੇ ਚਾਰ ਕਿਰਤ ਕੋਡ ਰੱਦ ਕਰਨ, ਬੀ ਕੇ ਯੂ (ਏਕਤਾ ਉਗਰਾਹਾਂ) ਦੇ ਗ੍ਰਿਫਤਾਰ ਆਗੂਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ , ਭਾਰਤ - ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਆਦਿਵਾਸੀਆਂ ਅਤੇ ਇਨਕਲਾਬੀ ਕਾਰਕੁਨਾਂ ਨੂੰ ਪੁਲੀਸ ਮੁਕਾਬਲਿਆਂ ਚ ਮਾਰਨਾ ਬੰਦ ਕਰਨ,ਛੇ ਸਾਲਾਂ ਤੋਂ ਜੇਲ੍ਹਾਂ ਵਿੱਚ ਡੱਕੇ ਉਮਰ ਖ਼ਾਲਿਦ, ਸ਼ਰਜੀਲ ਇਮਾਮ ਸਮੇਤ ਬੁੱਧੀਜੀਵੀਆਂ, ਲੇਖਕਾਂ,ਪੱਤਰਕਾਰਾਂ,ਸਮਾਜਿਕ ਕਾਰਕੁਨਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਤਮਾਮ ਕੈਦੀਆਂ ਨੂੰ ਰਿਹਾਅ ਕਰਨ, ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੋੜਨ ਵਾਲੇ ਫ਼ਿਰਕੂ ਅਨਸਰਾਂ ਨੂੰ ਗ੍ਰਿਫਤਾਰ ਕਰਨ ਅਤੇ ਯੂਏਪੀਏ, ਐਨਐਸਏ ਅਤੇ ਐਫਸਪਾ ਅਤੇ ਐਨਆਈਏ ਦੇ ਕਾਲੇ ਕਾਨੂੰਨ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾਈ ਤਰਕਸ਼ੀਲ ਆਗੂ ਰਾਜੇਸ਼ ਅਕਲੀਆ,ਸੁਮੀਤ ਅੰਮ੍ਰਿਤਸਰ, ਸੁਰਜੀਤ ਟਿੱਬਾ,ਜਸਵੰਤ ਮੋਹਾਲੀ,ਗੁਰਪ੍ਰੀਤ ਸ਼ਹਿਣਾ, ਜੁਝਾਰ ਲੌਂਗੋਵਾਲ,ਕੁਲਜੀਤ ਡੰਗਰਖੇੜਾ ਜੋਨ ਆਗੂ ਸੁਖਦੇਵ ਫਗਵਾੜਾ,ਅਜੀਤ ਪ੍ਰਦੇਸੀ, ਸੰਦੀਪ ਧਾਰੀਵਾਲ ਭੌਜਾ, ਬਲਰਾਜ ਮੌੜ, ਸਤਪਾਲ ਸਲੋਹ ਨਵਾਂ ਸ਼ਹਿਰ, ਕੁਲਵੰਤ ਕੌਰ ਪਟਿਆਲਾ, ਪ੍ਰਵੀਨ ਜੰਡਵਾਲਾ, ਬੀਰਬਲ ਭਦੌੜ,ਸੰਪਾਦਕ ਸੁਰਖ ਲੀਹ ਪਾਵੇਲ ਕੁੱਸਾ,ਪ੍ਰੋ.ਏ. ਕੇ. ਮਲੇਰੀ ਅਤੇ ਵੱਖ ਵੱਖ ਜੋਨਾਂ ਅਤੇ ਇਕਾਈਆਂ ਦੇ ਸੈਂਕੜੇ ਕਾਰਕੁੰਨ ਸ਼ਾਮਿਲ ਹੋਏ।