ਬਰਨਾਲਾ 'ਚ ਵੱਡਾ ਹਾਦਸਾ: ਜੈੱਕ ਨਾਲ ਉੱਚਾ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, ਮਲਬੇ ਹੇਠ ਦੱਬਣ ਨਾਲ 3 ਮਜ਼ਦੂਰਾਂ ਦੀ ਮੌਤ
ਘਰ ਡਿੱਗਣ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤਾ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ, ਜਿਨਾਂ ਗੁਰਦੁਆਰਾ ਸਾਹਿਬ ਤੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਇਸ ਘਟਨਾ ਦੀ ਅਨਾਉਂਸਮੈਂਟ ਕਰਵਾਈ ਤਾਂ ਜੋ ਫੌਰੀ ਮਦਦ ਬੁਲਾਈ ਜਾ ਸਕੇ ਅਤੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ।
Publish Date: Sun, 29 Mar 2026 10:50 AM (IST)
Updated Date: Sun, 29 Mar 2026 11:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ: ਨੇੜਲੇ ਪਿੰਡ ਫਰਵਾਹੀ ਵਿਖੇ ਜੈੱਕ ਨਾਲ ਉੱਚਾ ਚੁੱਕਿਆ ਜਿਹਾ ਜਾ ਰਿਹਾ ਮਕਾਨ ਅੱਜ ਤੜਤੇ ਡਿੱਗ ਗਿਆ। ਜਿਸ ਕਾਰਨ ਚਾਰ ਮਜ਼ਦੂਰ ਮਲਬੇ ਦੇ ਹੇਠਾਂ ਦੱਬ ਗਏ। ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਮਜ਼ਦੂਰ ਨੂੰ ਮਲਬੇ ਵਿੱਚੋਂ ਕੱਢਣ ਲਈ ਯਤਨ ਜਾਰੀ ਹਨ | ਘਰ ਡਿੱਗਣ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤਾ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ, ਜਿਨਾਂ ਗੁਰਦੁਆਰਾ ਸਾਹਿਬ ਤੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਇਸ ਘਟਨਾ ਦੀ ਅਨਾਉਂਸਮੈਂਟ ਕਰਵਾਈ ਤਾਂ ਜੋ ਫੌਰੀ ਮਦਦ ਬੁਲਾਈ ਜਾ ਸਕੇ ਅਤੇ ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਪਿੰਡ ਫਰਵਾਹੀ ਦੇ ਵਸਨੀਕ ਵਿਸਾਲ ਪੁੱਤਰ ਸਵ: ਜੀਵਨ ਕੁਮਾਰ ਦਾ ਪਿਛਲੇ ਕਾਫੀ ਦਿਨਾਂ ਤੋਂ ਜੈੱਕ ਨਾਲ ਘਰ ਉੱਚਾ ਚੁੱਕਿਆ ਜਾ ਰਿਹਾ ਸੀ, ਕਿ ਅੱਜ ਸਵੇਰੇ ਸਵਾ ਕੁ ਚਾਰ ਵਜੇ ਅਚਾਨਕ ਲੈਂਟਰ ਡਿੱਗਣ ਕਾਰਨ ਘਰ ਅੰਦਰ ਪਏ ਚਾਰ ਮਜ਼ਦੂਰ ਮਲਬੇ ਹੇਠਾਂ ਦੱਬ ਗਏ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਗਏ ਅਤੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਡਿਊਟੀ ਅਫਸਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੀ ਮੌਕੇ ਉੱਤੇ ਪਹੁੰਚ ਗਏ ਤੇ ਜਿਨ੍ਹਾਂ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ। ਮਲਬੇ ਹੇਠਾਂ ਦੱਬੇ ਮਜ਼ਦੂਰਾਂ ਵਿੱਚੋਂ ਇੱਕ ਮਜ਼ਦੂਰ ਜ਼ਖ਼ਮੀ ਹਾਲਤ ਵਿੱਚ ਮਲਬੇ ਹੇਠੋਂ ਬਾਹਰ ਕੱਢਣ ਲਈ ਆਵਾਜ਼ ਲਗਾ ਰਿਹਾ ਸੀ। ਭਾਰੀ ਮੁਸ਼ੱਕਤ ਦੇ ਬਾਅਦ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਵੱਖ ਵੱਖ ਐਂਬੂਲੈਂਸਾਂ ਰਾਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਜੋ ਗੰਭੀਰ ਹਾਲਤ ਵਿੱਚ ਸਨ। ਪਰ ਹਸਪਤਾਲ ਵਿੱਚ ਜਾ ਕੇ ਉਕਤ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਫਿਰ ਚੌਥੇ ਮਜ਼ਦੂਰ ਨੂੰ ਮਲਬੇ ਵਿੱਚੋਂ ਕੱਢਣ ਲੋਕਾਂ ਵੱਲੋਂ ਮਲਬਾ ਹਟਾਇਆ ਜਾ ਰਿਹਾ ਸੀ।