ਸਕੂਲੀ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇਕ ਦੀ ਮੌਤ, 4 ਜ਼ਖ਼ਮੀ
ਮੋਟਰਸਾਈਕਲ ਤੇ ਸਕੂਲ ਜਾ ਰਹੇ ਸਕੂਲੀ ਬੱਚਿਆਂ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਬੱਚੇ ਦੀ ਮੌਤ, 4 ਜਖਮੀ
Publish Date: Wed, 13 May 2026 05:27 PM (IST)
Updated Date: Wed, 13 May 2026 05:30 PM (IST)
ਤਪਾ ਮੰਡੀ : ਗਊਸ਼ਾਲਾ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਇਕ ਸਕੂਲੀ ਬੱਚੇ ਦੀ ਮੌਤ ਹੋ ਗਈ, ਜਦਕਿ ਇਸ ਹਾਦਸੇ ’ਚ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਤਪਾ ਦੇ ਤਿੰਨ ਵਿਦਿਆਰਥੀ ਬਲਕਰਨ ਸਿੰਘ, ਖੁਦਬਖਸ਼ੀਸ਼ ਸਿੰਘ ਅਤੇ ਗੁਰਦੀਪ ਸਿੰਘ ਸਵੇਰੇ ਪੈਦਲ ਸਕੂਲ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਦੋਸਤ ਹਰਮਨਜੋਤ ਸਿੰਘ ਮੋਟਰਸਾਈਕਲ ’ਤੇ ਕੋਲ ਦੀ ਲੰਘ ਰਿਹਾ ਸੀ ਤੇ ਉਸ ਨੇ ਤਿੰਨਾਂ ਜਣਿਆਂ ਨੂੰ ਸਕੂਲ ਛੱਡਣ ਲਈ ਆਪਣੇ ਮੋਟਰਸਾਈਕਲ ’ਤੇ ਬਿਠਾ ਲਿਆ।
ਜਦੋਂ ਉਹ ਗਊਸ਼ਾਲਾ ਨਜ਼ਦੀਕ ਪੁੱਜੇ ਤਾਂ ਸੜਕ ਪਾਰ ਕਰ ਕਰ ਰਹੇ ਇਕ ਨੌਜਵਾਨ ਨੂੰ ਬਚਾਉਂਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕਿ ਸਾਹਮਣੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ਕਾਰਨ ਮੋਟਰਸਾਈਕਲ ’ਤੇ ਸਵਾਰ ਚਾਰੋਂ ਬੱਚਿਆਂ ਸਮੇਤ ਪੈਦਲ ਜਾ ਰਿਹਾ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ’ਚ ਜ਼ਖ਼ਮੀ ਹੋਏ ਸਕੂਲੀ ਬੱਚਿਆਂ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਦੇ ਪੰਡਤ ਅਰਵਿੰਦ ਸ਼ੁਕਲਾ ਸਣੇ ਕੁਝ ਹੋਰ ਸਮਾਜ ਸੇਵੀਆਂ ਅਤੇ ਮਿੰਨੀ ਸਹਾਰਾ ਕਲੱਬ ਦੀ ਐਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਗਿਆਰ੍ਹਵੀਂ ਜਮਾਤ ਦੇ ਖੁਦਬਖਸ਼ੀਸ਼ ਸਿੰਘ ਨੂੰ ਗੰਭੀਰ ਹਾਲਤ ਵਿਚ ਰੈਫਰ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।