ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖਜਾਨਚੀ ਮਾਨ ਸਿੰਘ ਗੁਰਮ ਅਤੇ ਬਲਾਕ ਆਗੂ ਕੁਲਦੀਪ ਸਿੰਘ ਚੌਹਾਨਕੇ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਮਹਿਲ ਕਲਾਂ ਵੱਲੋਂ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨੋਟੀਫਿਕੇਸ਼ਨ, ਰਿਪੇਰੀਅਨ ਕਾਨੂੰਨ, ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਨੂੰ ਦੇਣ ਅਤੇ ਪਾਣੀ ਦੀ ਵੰਡ ਨਾਲ ਜੁੜੇ ਮਸਲਿਆਂ ਸਬੰਧੀ ਕੇਂਦਰ ਸਰਕਾਰ ਖ਼ਿਲਾਫ਼ ਵੱਖ-ਵੱਖ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਦੇ ਪੁਤਲੇ ਸਾੜੇ ਗਏ। ਬਲਾਕ ਦੇ ਪਿੰਡ ਗੁਰਮ, ਗਹਿਲ, ਸੱਦੋਵਾਲ, ਦੀਵਾਨਾ, ਚੌਹਾਣਕੇ ਕਲਾਂ, ਭੋਤਨਾ, ਸੰਘੇੜਾ ਅਤੇ ਮਹਿਲ ਕਲਾਂ ਸਮੇਤ ਹੋਰ ਪਿੰਡਾਂ ’ਚ ਕਿਸਾਨ ਵਰਕਰਾਂ ਨੇ ਇਕੱਠੇ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਮੀਤ ਪ੍ਰਧਾਨ ਰਾਮ ਸਿੰਘ ਸੰਘੇੜਾ, ਜਰਨਲ ਸਕੱਤਰ ਕੁਲਜੀਤ ਸਿੰਘ ਵਜੀਦਕੇ, ਖਜਾਨਚੀ ਮਾਨ ਸਿੰਘ ਗੁਰਮ ਅਤੇ ਬਲਾਕ ਆਗੂ ਕੁਲਦੀਪ ਸਿੰਘ ਚੌਹਾਨਕੇ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖਤਮ ਕਰਨ ਦਾ ਫੈਸਲਾ ਪੰਜਾਬ ਦੇ ਹੱਕਾਂ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵੱਲ ਕਿਸਾਨਾਂ ਅਤੇ ਔਰਤਾਂ ਦਾ ਵੱਡਾ ਕਾਫ਼ਲਾ ਗਿਆ ਸੀ ਪਰ ਚੰਡੀਗੜ੍ਹ ਦੀ ਹੱਦ ’ਤੇ ਵੱਡੀ ਗਿਣਤੀ ’ਚ ਤਾਇਨਾਤ ਪੁਲਿਸ ਅਤੇ ਕਮਾਂਡੋ ਫੋਰਸਾਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ। ਕਿਸਾਨ ਆਗੂਆਂ ਮੁਤਾਬਕ ਜਦੋਂ ਕਿਸਾਨਾਂ ਨੇ ਬੈਰੀਅਰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਚਲਾਏ ਗਏ, ਜਿਸ ਨਾਲ ਕਈ ਕਿਸਾਨ ਅਤੇ ਔਰਤਾਂ ਜ਼ਖ਼ਮੀ ਹੋਏ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਹੱਕਾਂ ਨਾਲ ਖਿਲਵਾੜ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਕਿਸਾਨ ਆਗੂ ਨਿਸ਼ਾਨ ਸਿੰਘ ਗੁੰਮਟੀ, ਅਜਮੇਰ ਸਿੰਘ ਭੱਠਲ, ਸੁਖਵਿੰਦਰ ਸਿੰਘ ਕਾਲਾ ਮਹਿਲ ਕਲਾਂ, ਇਕਾਈ ਪ੍ਰਧਾਨ ਮੇਜਰ ਸਿੰਘ ਗੁਰਮ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਬਾਵਾ, ਖਜਾਨਚੀ ਗੁਰਦੇਵ ਸਿੰਘ ਗੁਰਮ, ਸਕੱਤਰ ਹੀਰਾ ਸਿੰਘ, ਪ੍ਰੈਸ ਸਕੱਤਰ ਬੂਟਾ ਸਿੰਘ, ਮੁਲਾਜਮ ਆਗੂ ਸੁਰਤ ਰਾਮ ਗੁਰਮ, ਗੁੱਡੂ ਸਿੰਘ, ਨਿਹਾਲ ਸਿੰਘ, ਮਜ਼ਦੂਰ ਆਗੂ ਚੇਤ ਰਾਮ ਸਿੰਘ, ਪ੍ਰਧਾਨ ਹਰਦੇਵ ਕੌਰ, ਮੀਤ ਪ੍ਰਧਾਨ ਜਮੁਨਾ ਦੇਵੀ, ਮਹਿੰਦਰ ਕੌਰ, ਬੰਤ ਕੌਰ, ਕਰਮਜੀਤ ਕੌਰ ਅਤੇ ਗੁਰਨਾਮ ਸਿੰਘ ਭੋਤਨਾ ਤੋਂ ਇਲਾਵਾ ਹੋਰ ਵਰਕਰ ਆਗੂ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।