ਪਾਵਰਕਾਮ ਮੁਲਾਜ਼ਮ ਜਥੇਬੰਦੀਆਂ ਦਾ ਵਫ਼ਦ ਉਪ ਮੁੱਖ ਇੰਜੀਨੀਅਰ ਨੂੰ ਮਿਲਿਆ
ਪਾਵਰਕੌਮ ਮੁਲਾਜ਼ਮ ਜਥੇਬੰਦੀਆਂ ਦਾ ਵਫਦ ਉਪ ਮੁੱਖ ਇੰਜੀਨੀਅਰ ਬਰਨਾਲਾ ਨੂੰ ਮਿਲਿਆ
Publish Date: Wed, 27 May 2026 04:21 PM (IST)
Updated Date: Wed, 27 May 2026 04:22 PM (IST)

- ਟੈਕਨੀਕਲ ਕਾਮਿਆਂ ਨੂੰ ਜਬਰੀ ਮੋਬਾਈਲ ਵੰਡਣ ਦੀ ਪ੍ਰਕਿਰਿਆ ਤੁਰੰਤ ਰੋਕਣ ਦੀ ਮੰਗ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪਾਵਰਕਾਮ ਦੇ ਮੁਲਾਜ਼ਮਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਇੰਜ. ਗੁਰਲਾਭ ਸਿੰਘ ਮੌੜ ਦੀ ਅਗਵਾਈ ’ਚ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਸਮੂਹ ਜਥੇਬੰਦੀਆਂ ਦੇ ਆਗੂ ਨੇ ਉਪ ਮੁੱਖ ਨਿਗਰਾਨ ਇੰਜੀਨੀਅਰ ਸੰਚਾਲਨ ਸਰਕਲ ਬਰਨਾਲਾ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਜਥੇਬੰਦੀ ਦੇ ਆਗੂਆਂ ਵੱਲੋਂ ਉਪ ਮੁੱਖ ਇੰਜੀਨੀਅਰ ਦੇ ਧਿਆਨ ’ਚ ਲਿਆਂਦਾ ਗਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਕਰਮਚਾਰੀਆਂ ਨੂੰ ਸਮਾਰਟ ਫੋਨ ਵੰਡਣ ਦੇ ਮਾਮਲੇ ਤੇ ਬਹੁਤ ਕਾਹਲੇ ਕਦਮਾਂ ਰਾਹੀਂ ਫੀਲਡ ਅਧਿਕਾਰੀਆਂ ਦੁਆਰਾ ਕਰਮਚਾਰੀਆਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਇਥੋਂ ਤੱਕ ਕਿ ਕੁੱਝ ਅਧਿਕਾਰੀ ਫੀਲਡ ’ਚ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਕੁੱਝ ਕਰਮਚਾਰੀਆਂ ਨੂੰ ਬੇਲੋੜਾ ਚਿੱਠੀ ਪੱਤਰ ਕਰ ਕੇ ਪਰੇਸ਼ਾਨ ਕਰ ਰਹੇ ਹਨ। ਇਸ ਮਸਲੇ ਨੂੰ ਬੀਤੇ ਦਿਨੀਂ ਜੁਆਇੰਟ ਫੋਰਮ ਅਤੇ ਏਕਤਾ ਮੰਚ ਦੀ ਪਾਵਰਕਾਮ ਮੈਨੇਜਮੈਂਟ ਨਾਲ ਚੰਡੀਗੜ੍ਹ ’ਚ ਸਾਂਝੇ ਧੜੇ ਦੀ ਲੀਡਰਸ਼ਿਪ ਦੀ ਹੋਈ ਮੀਟਿੰਗ ਸਮੇਂ ਇਹ ਮਸਲਾ ਵੀ ਵਿਚਾਰਿਆ ਗਿਆ ਸੀ ਅਤੇ ਮੋਬਾਈਲ ਫੋਨ ਦੇ ਸਬੰਧ ’ਚ ਜੋ ਸ਼ੰਕੇ ਹਨ, ਉਨ੍ਹਾਂ ਬਾਰੇ ਮੈਨੇਜਮੈਂਟ ਦੇ ਧਿਆਨ ’ਚ ਲਿਆ ਕੇ ਮੰਗ ਕੀਤੀ ਗਈ ਸੀ ਕਿ ਮੋਬਾਈਲ ਫੋਨ ਦੇ ਮਾਮਲੇ ਤੇ ਵੱਖਰੇ ਤੌਰ ’ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਪਾਏ ਜਾ ਰਹੇ ਸ਼ੰਕੇ ਦੂਰ ਕਰ ਕੇ ਹੀ ਮੋਬਾਈਲ ਫੋਨ ਟੈਕਨੀਕਲ ਕਰਮਚਾਰੀਆਂ ਨੂੰ ਵੰਡਣ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਸ ਦੇ ਨਾਲ ਇਹ ਵੀ ਮੈਨੇਜਮੈਂਟ ਤੇ ਜ਼ੋਰ ਦਿੱਤਾ ਸੀ ਕਿ ਫੀਲਡ ਦੇ ’ਚ ਸਟਾਫ(ਸਲਮ,ਦਮ ਅਤੇ ਜੇਈ) ਦੀ ਬਹੁਤ ਜ਼ਿਆਦਾ ਘਾਟ ਕਰਕੇ ਗਰਮੀ ਦੇ ਮੌਸਮ ’ਚ ਫੀਡਰ ਫਾਲਟ ਹੋਣ ਸਮੇਂ ਅਕਸਰ ਕਰਮਚਾਰੀਆਂ ਨੂੰ ਅੱਠ ਘੰਟੇ ਤੋਂ ਵੱਧ ਡਿਊਟੀ ਕਰਨੀ ਪੈਂਦੀ ਹੈ। ਉਸ ਬਾਰੇ ਮੈਨੇਜਮੈਂਟ ਧਿਆਨ ਕਿਉਂ ਨਹੀਂ ਕਰਦੀ ਤਾਂ ਇਸ ਗੱਲ ਦੇ ਜਵਾਬ ’ਚ ਮੈਨੇਜਮੈਂਟ ਨੇ ਟੈਕਨੀਕਲ ਕਰਮਚਾਰੀਆਂ ਨੂੰ 8 ਘੰਟੇ ਤੋਂ ਵੱਧ ਡਿਊਟੀ ਕਰਨ ਦੇ ਬਦਲੇ ’ਚ ਓਵਰਟਾਈਮ ਦੇਣ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਸੀ। ਪਰ ਫੀਲਡ ’ਚ ਇਸ ਦੇ ਉਲਟ ਅਧਿਕਾਰੀ ਟੈਕਨੀਕਲ ਕਰਮਚਾਰੀਆਂ ਨੂੰ ਜਬਰਦਸਤੀ ਮੋਬਾਈਲ ਵੰਡਣ ਲਈ ਲਗਾਤਾਰ ਪਰੇਸ਼ਾਨ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਮੋਬਾਈਲ ਦੇਣ ਦੇ ਮੁੱਦੇ ਮੁਲਾਜ਼ਮਾਂ ਨੂੰ ਤੰਗ ਪਰੇਸ਼ਾਨ ਕਰਨਾ ਤੁਰੰਤ ਬੰਦ ਕੀਤਾ ਜਾਵੇ, ਜੇਕਰ ਫਿਰ ਵੀ ਪਾਵਰਕਾਮ ਦੇ ਅਧਿਕਾਰੀਆਂ ਨੇ ਮੋਬਾਈਲ ਫੋਨ ਦੇ ਮਾਮਲੇ ਤੇ ਆਪਣਾ ਰਵੱਈਆ ਨਾ ਬਦਲਿਆ ਤਾਂ ਸਰਕਲ ਬਰਨਾਲਾ ਦੇ ਸਮੂਹ ਬਿਜਲੀ ਮੁਲਾਜ਼ਮ ਉਨ੍ਹਾਂ ਅਧਿਕਾਰੀਆਂ ਦੇ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਪਾਵਰਕਾਮ ਮੈਨੇਜਮੈਂਟ ਅਤੇ ਲੋਕਲ ਅਧਿਕਾਰੀਆਂ ਦੀ ਹੋਵੇਗੀ। ਉਪ ਮੁੱਖ ਨਿਗਰਾਨ ਇੰਜੀਨੀਅਰ ਹਰਵੇਲ ਸਿੰਘ ਧਾਲੀਵਾਲ ਦੇ ਧਿਆਨ ’ਚ ਲਿਆਂਦਾ ਗਿਆ ਕਿ ਸਰਕਲ ਬਰਨਾਲਾ ਅੰਦਰ ਵੱਡੀ ਪੱਧਰ ਤੇ ਟੈਕਨੀਕਲ ਕਾਮਿਆਂ ਦੀ ਘਾਟ ਹੈ, ਇਸ ਨੂੰ ਮੁੱਖ ਰੱਖਦੇ ਹੋਏ ਜੋ ਟੈਕਨੀਕਲ ਕਰਮਚਾਰੀ ਦਫ਼ਤਰਾਂ ਅੰਦਰ ਕੰਮ ਕਰਦੇ ਹਨ ਉਨ੍ਹਾਂ ਨੂੰ ਤੁਰੰਤ ਫੀਲਡ ’ਚ ਤਬਦੀਲ ਕੀਤਾ ਜਾਵੇ ਤਾ ਕਿ ਅੱਤ ਦੀ ਗਰਮੀ ਦੇ ਸੀਜਨ ’ਚ ਲੋਕਾਂ ਨੂੰ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣ। ਮੁਲਾਜ਼ਮਾਂ ਤੇ ਫਾਲਟ ਨੂੰ ਇੱਕ ਘੰਟੇ ਦੇ ’ਚ ਦੂਰ ਕਰਨ ਲਈ ਜੋ ਨਾਦਰਸ਼ਾਹੀ ਫੁਰਮਾਨ ਪਾਵਰਕਾਮ ਦੀ ਮਨੈਜਮੈਂਟ ਵੱਲੋਂ ਕੀਤੇ ਜਾ ਰਹੇ ਹਨ, ਉਸ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਸਾਡੇ ਮੁਲਾਜ਼ਮ ਘੰਟੇ ਤੋਂ ਪਹਿਲਾਂ ਹੀ ਫਾਲਟ ਦੂਰ ਕਰਨ ਲਈ ਤਿਆਰ ਹਨ, ਪਰ ਫ਼ੀਲਡ ’ਚ ਪਈਆਂ ਅਨੇਕਾਂ ਖ਼ਾਲੀ ਅਸਾਮੀਆਂ ਨੂੰ ਰੈਗੂਲਰ ਸਟਾਫ ਦੁਆਰਾ ਭਰਤੀ ਕੀਤਾ ਜਾਵੇ ਅਤੇ ਟੈਕਨੀਕਲ ਕਾਮਿਆਂ ਨੂੰ ਲੁੜੀਂਦੀ ਸੰਦ ਸਾਧਨ ਮੁੱਹਈਆ ਕਰਵਾਏ ਜਾਣ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਦੀ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 14 ਜੂਨ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਸੰਗਰੂਰ ਵਿਖੇ ਲਾਮਿਸਾਲ ਧਰਨਾ ਦੇਣ ਉਪਰੰਤ 16-17 ਜੂਨ ਨੂੰ ਦੋ ਰੋਜ਼ਾ ਹੜਤਾਲ ਕਰਨ ਲਈ ਮਜ਼ਬੂਰ ਹੋਣਗੇ। ਉਪ ਮੁੱਖ ਇੰਜੀਨੀਅਰ ਨੂੰ ਮੰਗ ਪੱਤਰ ਦੇਣ ਵਾਲੇ ਆਗੂਆਂ ’ਚ ਇੰਜ ਰਾਜੇਸ਼ ਕੁਮਾਰ ਬੰਟੀ, ਕਮਲਜੀਤ ਸਿੰਘ ਝਲੂਰ, ਇੰਜ. ਸ਼ੁਭਮ ਗਰਗ, ਜਸਵਿੰਦਰ ਸਿੰਘ ਜੱਸੀ, ਕੁਲਵੀਰ ਸਿੰਘ ਔਲਖ, ਇੰਜ ਆਸ਼ੂਤੋਸ਼ ਕੌਸ਼ਲ, ਪ੍ਰਗਟ ਸਿੰਘ ਮੋਹਿਲ, ਜਸਵਿੰਦਰ ਸਿੰਘ ਜੱਸੀ, ਸਰਬਜੀਤ ਸਿੰਘ ਸਮੇਤ ਸਰਕਲ ਬਰਨਾਲਾ ਦੇ ਆਗੂ ਸ਼ਾਮਲ ਸਨ।