ਭਾਜਪਾ ਆਗੂ ਰਜਿੰਦਰ ਉੱਪਲ ਨੇ ਧੱਕੇਸ਼ਾਹੀ ਦੇ ਲਾਏ ਦੋਸ਼
ਬੀਤੇ ਕੱਲ੍ਹ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਰਡ ਨੰਬਰ 38 ਤੋਂ ਉਮੀਦਵਾਰ ਖ਼ਿਲਾਫ਼ ਪਰਚੇ ਦਰਜ ਕਰਨ ਦੀ ਧਮਕੀ ਦੇਣ ਤੋਂ ਖਫ਼ਾ ਭਾਜਪਾ ਆਗੂ ਰਾਜਿੰਦਰ ਉੱਪਲ ਵੱਲੋਂ ਥਾਣੇ ਅੱਗੇ ਰੋਸ ਪ੍ਰਦਰਸਨ ਕੀਤਾ ਗਿਆ।
Publish Date: Wed, 27 May 2026 06:27 PM (IST)
Updated Date: Wed, 27 May 2026 06:28 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬੀਤੇ ਕੱਲ੍ਹ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵਾਰਡ ਨੰਬਰ 38 ਤੋਂ ਉਮੀਦਵਾਰ ਖ਼ਿਲਾਫ਼ ਪਰਚੇ ਦਰਜ ਕਰਨ ਦੀ ਧਮਕੀ ਦੇਣ ਤੋਂ ਖਫ਼ਾ ਭਾਜਪਾ ਆਗੂ ਰਾਜਿੰਦਰ ਉੱਪਲ ਵੱਲੋਂ ਥਾਣੇ ਅੱਗੇ ਰੋਸ ਪ੍ਰਦਰਸਨ ਕੀਤਾ ਗਿਆ। ਇਸ ਮੌਕੇ ਭਾਜਪਾ ਆਗੂ ਰਜਿੰਦਰ ਉੱਪਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਇਨ੍ਹਾਂ ਵੋਟਾਂ ’ਚ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਭਾਜਪਾ ਆਗੂਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਜਿਸ ਦੀ ਉਹ ਪੁਰਜ਼ੋਰ ਨਿਖੇਧੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਮ 4:00 ਵਜੇ ਤੱਕ ਉਨ੍ਹਾਂ ਦੇ ਬੂਥ ’ਤੇ ਪੂਰੀ ਸ਼ਾਂਤੀਪੂਰਵਕ ਵੋਟਾਂ ਪੈ ਰਹੀਆਂ ਸਨ, ਪਰ ਸ਼ਾਮ 4:00 ਵਜੇ ਤੋਂ ਬਾਅਦ ਅਚਾਨਕ ਡੀਐੱਸਪੀ ਸਿਟੀ ਸਤਵੀਰ ਸਿੰਘ ਬੈਂਸ ਤੇ ਐੱਸਐੱਚਓ ਸਿਟੀ ਬਰਨਾਲਾ ਲਖਵਿੰਦਰ ਸਿੰਘ ਵੱਡੀ ਗਿਣਤੀ ’ਚ ਪੁਲਿਸ ਪਾਰਟੀ ਨਾਲ ਬੂਥ ’ਤੇ ਪਹੁੰਚੇ। ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਬੂਥ ’ਚੋਂ ਬਾਹਰ ਕੱਢ ਦਿੱਤਾ ਗਿਆ ਤੇ ਗੱਡੀ ’ਚ ਸੁੱਟ ਕੇ ਥਾਣੇ ਲੈ ਆਏ, ਜਦਕਿ ਅਸੀਂ ਆਪੋ-ਆਪਣੇ ਉਮੀਦਵਾਰਾਂ ਦੇ ਪੋਲਿੰਗ ਏਜੰਟ ਵੀ ਸੀ। ਰਾਜਿੰਦਰ ਉੱਪਲ ਨੇ ਦੱਸਿਆ ਕਿ ਪੁਲਿਸ ਵੱਲੋਂ ਉਨ੍ਹਾਂ ਦੇ ਪਿਤਾ ਜੋ ਸੇਵਾਮੁਕਤ ਪੁਲਿਸ ਅਧਿਕਾਰੀ ਹਨ ਤੇ ਮਾਤਾ ਉਸ ਨੂੰ ਮਿਲਣ ਲਈ ਥਾਣੇ ਪਹੁੰਚੇ, ਨਾਲ ਵੀ ਬਦਸਲੂਕੀ ਕੀਤੀ ਗਈ। ਥਾਣਾ ਸਿਟੀ ਵਿਖੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਸੰਟੀ, ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ, ਸੰਦੀਪ ਜੇਠੀ ਸਮੇਤ ਵੱਡੀ ਗਿਣਤੀ ’ਚ ਭਾਜਪਾ ਵਰਕਰ ਪੁੱਜੇ, ਉੱਥੇ ਹੀ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵੀ ਵੱਡੀ ਗਿਣਤੀ ’ਚ ਕਾਂਗਰਸੀ ਵਰਕਰਾਂ ਲਾਲ ਉੱਥੇ ਪਹੁੰਚੇ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਵੱਲੋਂ ਵੋਟਿੰਗ ਦੇ ਅਖ਼ੀਰਲੇ ਦੋ ਘੰਟਿਆਂ ਦਰਮਿਆਨ ਬੂਥ ਕੈਪਚਰਿੰਗ ਕੀਤੀ ਤੇ ਕਰਵਾਈ ਕੀਤੀ ਹੈ ਤੇ ਵੱਡੀ ਗਿਣਤੀ ’ਚ ਜਾਅਲੀ ਵੋਟਾਂ ਪਵਾਈਆਂ ਗਈਆਂ ਹਨ। ਇਸ ਸਬੰਧੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇ।