ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ, ਰੋਸ ਵਜੋਂ ਬਰਨਾਲਾ ਦੇ ਮੁੱਖ ਬਾਜ਼ਾਰ ਬੰਦ
ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ, ਰੋਸ ਵਜੋਂ ਬਰਨਾਲਾ ਦੇ ਮੁੱਖ ਬਾਜ਼ਾਰ ਬੰਦ
Publish Date: Wed, 20 May 2026 04:08 PM (IST)
Updated Date: Wed, 20 May 2026 04:10 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਬਰਨਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਬਰਨਾਲਾ ਦੇ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਕੀਤੇ ਗਏ ਹਨ ਅਤੇ ਵਿਰੋਧੀ ਧਿਰਾਂ ਵੱਲੋਂ ਸੱਤਾਧਿਰ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਵੇਰ ਤੋਂ ਹੀ ਸ਼ਹਿਰ ਦੀ ਸਦਰ ਬਾਜ਼ਾਰ, ਹੰਡਿਆਇਆ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ’ਚ ਵੱਡੇ ਪੱਧਰ ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ, ਵਪਾਰ ਮੰਡਲ, ਜਥੇਬੰਦੀਆਂ ਅਤੇ ਹੋਰ ਵੱਖ-ਵੱਖ ਸੰਗਠਨਾਂ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਚੌਂਕ ’ਚ ਇਕੱਤਰ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਉਪਰੰਤ ਬਾਜ਼ਾਰਾਂ ’ਚ ਰੋਸ ਮਾਰਚ ਕੱਢ ਕੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਸ਼ੋਰੀ, ਰੁਪਿੰਦਰ ਸਿੰਘ ਸੰਧੂ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਭਾਜਪਾ ਆਗੂ ਪ੍ਰੇਮ ਪ੍ਰੀਤਮ ਜਿੰਦਲ ਅਤੇ ਹਿੰਦੂ ਆਗੂ ਨੀਲਮਣੀ ਸਮਾਧੀਆ ਨੇ ਕਿਹਾ ਕਿ ਬਰਨਾਲਾ ’ਚ ਹੋ ਰਹੀਆਂ ਨਗਰ ਨਿਗਮ ਚੋਣਾਂ ’ਚ ਸੱਤਾਧਿਰ ਆਮ ਆਦਮੀ ਪਾਰਟੀ ਵੱਲੋਂ ਸ਼ਰੇਆਮ ਲੋਕਤੰਤਰ ਦਾ ਕਤਲ ਕਰਕੇ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਵਾਏ ਗਏ ਹਨ। ਜਿਸ ਤਹਿਤ ਬਾਜ਼ਾਰ ਦੇ ਵਾਰਡ ਨੰਬਰ 31 ’ਚੋਂ ਭਾਜਪਾ ਉਮੀਦਵਾਰ ਰਜਨੀ ਰਾਣੀ ਅਤੇ ਹੋਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਗਲਤ ਇਤਰਾਜ਼ ਲਗਾ ਕੇ ਰੱਦ ਕੀਤੇ ਗਏ ਹਨ। ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਸਾਰੇ ਬਰਨਾਲਾ ਦੇ ਲੋਕ ਇੱਕਜੁੱਟ ਹਨ, ਜਿਸ ਤਹਿਤ ਬੁੱਧਵਾਰ ਨੂੰ ਬਰਨਾਲਾ ਦੇ ਬਾਜ਼ਾਰ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਬੰਦ ਨੂੰ ਬਰਨਾਲਾ ਦੇ ਲੋਕਾਂ ਨੇ ਵੱਡੇ ਪੱਧਰ ਤੇ ਸਮਰਥਨ ਦਿੱਤਾ ਹੈ ਅਤੇ ਆਪਣੇ ਕਾਰੋਬਾਰ ਬੰਦ ਕਰਕੇ ਸੜਕਾਂ ਤੇ ਉਤਰੇ ਹਨ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਸੱਤਾਧਿਰ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਇਸ ਪੂਰੀ ਚੋਣ ਦੌਰਾਨ ਅਤੇ ਖਾਸ ਤੌਰ ਤੇ ਵੋਟਾਂ ਵਾਲੇ ਦਿਨ ਧੱਕੇਸ਼ਾਹੀ ਹੋਵੇਗੀ। ਜਿਸ ਕਰਕੇ ਉਹਨਾਂ ਪਾਰਟੀਆਂ, ਜੱਥੇਬੰਦੀਆਂ ਦੇ ਬਰਨਾਲਾ ਦੇ ਲੋਕਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਵਿਰੁੱਧ ਸ਼ਹਿਰ ਦੇ ਸਾਰੇ ਵਾਰਡਾਂ ’ਚ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਸੀ। ਬਾਜ਼ਾਰ ਬੰਦ ਅਤੇ ਵੱਖ-ਵੱਖ ਪਾਰਟੀਆਂ ਦੇ ਵਿਰੋਧ ਦੇ ਮੱਦੇਨਜ਼ਰ ਵੱਡੀ ਗਿਣਤੀ ’ਚ ਪੁਲੀਸ ਬਲ ਵੀ ਤਾਇਨਾਤ ਰਿਹਾ।