ਬਰਨਾਲਾ ਸਥਾਨਕ ਚੋਣਾਂ ਦਾ ਬਿਗਲ ਵੱਜਿਆ: 89 ਵਾਰਡਾਂ ਲਈ 349 ਉਮੀਦਵਾਰ ਮੈਦਾਨ 'ਚ; 26 ਮਈ ਨੂੰ ਪੈਣਗੀਆਂ ਵੋਟਾਂ
ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖਰ 'ਤੇ ਪਹੁੰਚ ਗਈਆਂ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਕੁੱਲ 89 ਵਾਰਡਾਂ ਵਿੱਚ 349 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ। ਇਸ ਸਬੰਧੀ ਆਉਂਦੀ 26 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ, ਜਦਕਿ ਨਤੀਜਿਆਂ ਦਾ ਐਲਾਨ 29 ਮਈ ਨੂੰ ਹੋਵੇਗਾ।
Publish Date: Wed, 20 May 2026 01:17 PM (IST)
Updated Date: Wed, 20 May 2026 01:20 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖਰ 'ਤੇ ਪਹੁੰਚ ਗਈਆਂ ਹਨ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਕੁੱਲ 89 ਵਾਰਡਾਂ ਵਿੱਚ 349 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਨਿੱਤਰ ਆਏ ਹਨ। ਇਸ ਸਬੰਧੀ ਆਉਂਦੀ 26 ਮਈ ਨੂੰ ਵੋਟਾਂ ਪਾਈਆਂ ਜਾਣਗੀਆਂ, ਜਦਕਿ ਨਤੀਜਿਆਂ ਦਾ ਐਲਾਨ 29 ਮਈ ਨੂੰ ਹੋਵੇਗਾ।
ਨਾਮਜ਼ਦਗੀਆਂ ਦੀ ਪੜਤਾਲ ਅਤੇ ਸਥਿਤੀ: ਡੀ.ਸੀ. ਬਰਨਾਲਾ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ (IAS) ਨੇ ਅਧਿਕਾਰਤ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 4 ਸਥਾਨਕ ਇਕਾਈਆਂ—ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਭਦੌੜ, ਨਗਰ ਕੌਂਸਲ ਧਨੌਲਾ ਅਤੇ ਨਗਰ ਕੌਂਸਲ ਤਪਾ ਲਈ ਕੁੱਲ 395 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ। ਜਾਂਚ ਦੌਰਾਨ 9 ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ, ਜਦਕਿ 35 ਉਮੀਦਵਾਰਾਂ ਨੇ ਆਪਣੇ ਪਰਚੇ ਵਾਪਸ ਲੈ ਲਏ। ਇਸ ਦੌਰਾਨ 2 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ ਹੈ।
ਚੋਣ ਮੈਦਾਨ ਦੀ ਜ਼ਿਲ੍ਹਾਵਾਰ ਸਥਿਤੀ 'ਤੇ ਇੱਕ ਨਜ਼ਰ:
ਨਗਰ ਨਿਗਮ ਬਰਨਾਲਾ (50 ਵਾਰਡ): ਇੱਥੇ ਕੁੱਲ 196 ਨਾਮਜ਼ਦਗੀਆਂ ਵਿੱਚੋਂ 7 ਰੱਦ ਹੋਈਆਂ ਅਤੇ 10 ਵਾਪਸ ਲਈਆਂ ਗਈਆਂ। ਵਾਰਡ ਨੰਬਰ 4 ਅਤੇ 31 ਤੋਂ ਦੋ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ। ਹੁਣ ਬਾਕੀ ਬਚੇ 48 ਵਾਰਡਾਂ ਲਈ 177 ਉਮੀਦਵਾਰ ਆਹਮੋ-ਸਾਹਮਣੇ ਹਨ।
ਨਗਰ ਕੌਂਸਲ ਭਦੌੜ (13 ਵਾਰਡ): ਪ੍ਰਾਪਤ ਹੋਈਆਂ 60 ਨਾਮਜ਼ਦਗੀਆਂ ਵਿੱਚੋਂ ਕੋਈ ਵੀ ਰੱਦ ਨਹੀਂ ਹੋਈ। 5 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਹੁਣ 55 ਉਮੀਦਵਾਰ ਮੈਦਾਨ ਵਿੱਚ ਹਨ।
ਨਗਰ ਕੌਂਸਲ ਧਨੌਲਾ (13 ਵਾਰਡ): ਇੱਥੇ 64 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 1 ਰੱਦ ਹੋਈ ਅਤੇ 5 ਵਾਪਸ ਲਈਆਂ ਗਈਆਂ। ਹੁਣ 58 ਉਮੀਦਵਾਰ ਚੋਣ ਲੜ ਰਹੇ ਹਨ।
ਨਗਰ ਕੌਂਸਲ ਤਪਾ (15 ਵਾਰਡ): ਕੁੱਲ 75 ਨਾਮਜ਼ਦਗੀਆਂ ਵਿੱਚੋਂ 1 ਰੱਦ ਹੋਈ ਅਤੇ ਸਭ ਤੋਂ ਵੱਧ 15 ਉਮੀਦਵਾਰਾਂ ਨੇ ਆਪਣੇ ਪਰਚੇ ਵਾਪਸ ਲਏ, ਜਿਸ ਕਾਰਨ ਹੁਣ 59 ਉਮੀਦਵਾਰ ਹਿੱਸਾ ਲੈ ਰਹੇ ਹਨ।
26 ਮਈ ਨੂੰ ਪੋਲਿੰਗ, ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ
ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਵੋਟਿੰਗ ਪ੍ਰਕਿਰਿਆ 26 ਮਈ (ਮੰਗਲਵਾਰ) ਨੂੰ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲੇਗੀ। ਚੋਣਾਂ ਨੂੰ ਅਮਨ-ਅਮਾਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 29 ਮਈ (ਸ਼ੁੱਕਰਵਾਰ) ਨੂੰ ਨਿਰਧਾਰਿਤ ਕੀਤੇ ਗਏ ਗਿਣਤੀ ਕੇਂਦਰਾਂ 'ਤੇ ਕੀਤੀ ਜਾਵੇਗੀ ਅਤੇ ਉਸੇ ਦਿਨ ਹੀ ਨਤੀਜੇ ਸਪੱਸ਼ਟ ਕਰ ਦਿੱਤੇ ਜਾਣਗੇ।