Bomb Threat : ਬਰਨਾਲਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅਦਾਲਤੀ ਕੰਪਲੈਕਸ ਖ਼ਾਲੀ; ਪੁਲਿਸ ਵੱਲੋਂ ਸਰਚ ਆਪ੍ਰੇਸ਼ਨ ਜਾਰੀ
ਬਰਨਾਲਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਉਸ ਵੇਲੇ ਅਫ਼ਰਾ ਤਫ਼ਰੀ ਫੈਲ ਗਈ ਜਦੋਂ ਅਦਾਲਤੀ ਕੰਪਲੈਕਸ ਦੇ ਅੰਦਰ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੰਮ ਕਰ ਰਹੇ ਮਾਨਯੋਗ ਸਾਰੇ ਜੱਜ ਆਪਣੀਆਂ ਅਦਾਲਤਾਂ ਛੱਡ ਕੇ ਚਲੇ ਗਏ ਬਾਕੀ ਸਾਰਾ ਸਟਾਫ਼ ਅਦਾਲਤੀ ਕੰਪਲੈਕਸ ਤੋਂ ਬਾਹਰ ਨਿਕਲ ਆਇਆ।
Publish Date: Mon, 06 Apr 2026 04:26 PM (IST)
Updated Date: Mon, 06 Apr 2026 04:28 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ । ਬਰਨਾਲਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਉਸ ਵੇਲੇ ਅਫ਼ਰਾ ਤਫ਼ਰੀ ਮਚ ਗਈ ਜਦੋਂ ਅਦਾਲਤੀ ਕੰਪਲੈਕਸ ਦੇ ਅੰਦਰ ਬੰਬ ਰੱਖੇ ਹੋਣ ਦੀ ਧਮਕੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਕੰਮ ਕਰ ਰਹੇ ਮਾਨਯੋਗ ਸਾਰੇ ਜੱਜ ਆਪਣੀਆਂ ਅਦਾਲਤਾਂ ਛੱਡ ਕੇ ਚਲੇ ਗਏ ਬਾਕੀ ਸਾਰਾ ਸਟਾਫ਼ ਅਦਾਲਤੀ ਕੰਪਲੈਕਸ ਤੋਂ ਬਾਹਰ ਨਿਕਲ ਆਇਆ।
ਸੂਚਨਾ ਮਿਲਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਹੁੰਚੀ ਤੇ ਡੱਗ ਸਕੁਐਡ ਅਤੇ ਬੰਬ ਨਿਰੋਧਕ ਦਸਤਿਆਂ ਰਾਹੀਂ ਅਦਾਲਤੀ ਕੰਪਲੈਕਸ ਦੇ ਅੰਦਰੂਨੀ ਕਮਰਿਆਂ ਦੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਅਦਾਲਤੀ ਕੰਪਲੈਕਸ ਅੰਦਰ ਬੰਬ ਹੋਣ ਦੀ ਧਮਕੀ ਸਾਹਮਣੇ ਆਉਣ ਤੋਂ ਬਾਅਦ ਸਾਰੀਆਂ ਅਦਾਲਤਾਂ ਦੇ ਜੱਜਾਂ ਨੇ ਅਦਾਲਤਾਂ ਦਾ ਕੰਮ ਇੱਕਦਮ ਠੱਪ ਕਰ ਦਿੱਤਾ ਅਤੇ ਇਹ ਹੁਕਮ ਪਾਸ ਕਰ ਦਿੱਤੇ ਕਿ ਅੱਜ ਦੁਪਹਿਰ ਤੋਂ ਬਾਅਦ ਸਾਰੀ ਅਦਾਲਤੀ ਕਾਰਵਾਈ ਦੇ ਮਾਮਲੇ 'ਚ ਵੱਖ-ਵੱਖ ਅਦਾਲਤਾਂ 'ਚ ਲੱਗਣ ਵਾਲੇ ਕੇਸਾਂ ਸੰਬੰਧੀ ਕੋਈ ਹੁਕਮ ਪਾਸ ਨਹੀਂ ਕੀਤਾ ਜਾਵੇਗਾ।
ਇਸ ਮਾਮਲੇ ਸਬੰਧੀ ਬਰਨਾਲਾ ਅਦਾਲਤ 'ਚ ਪਿਛਲੇ ਕਾਫੀ ਸਮੇਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਨੀਅਰ ਐਡਵੋਕੇਟ ਹਰਿੰਦਰ ਸਿੰਘ ਰਾਣੂੰ, ਕੁਲਵੰਤ ਰਾਏ ਗੋਇਲ ਅਤੇ ਐਡਵੋਕੇਟ ਧੀਰਜ ਕੁਮਾਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਚਿੰਤਾਜਨਕ ਹੈ, ਅਜਿਹੀਆਂ ਪਰਿਸਥਿਤੀਆਂ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਹਨ ਤੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਦਾ ਕਾਰਨ ਬਣ ਰਹੀਆਂ ਹਨ। ਉਹਨਾਂ ਦੱਸਿਆ ਕਿ ਮਾਨਯੋਗ ਜੱਜ ਸਾਹਿਬਾਨ ਦੇ ਹੁਕਮ 'ਤੇ ਸਾਰੀਆਂ ਅਦਾਲਤਾਂ ਦਾ ਕੰਮ ਬੰਦ ਕੀਤਾ ਗਿਆ ਹੈ, ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਾਅਦ ਹੀ ਅਗਲਾ ਕੰਮਕਾਰ ਸ਼ੁਰੂ ਕੀਤਾ ਜਾ ਸਕੇਗਾ। ਤਿੰਨ ਸਾਲ ਪਾਸ ਦੂਜੇ ਪਾਸੇ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਪੂਰੀ ਜਾਂਚ ਤੋਂ ਬਾਅਦ ਹੀ ਆਪਣਾ ਪੱਖ ਦਿੱਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ।