ਤਪਾ ਮੰਡੀ 'ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ: ਕੀਮਤੀ ਸਾਮਾਨ ਸੜ ਕੇ ਸੁਆਹ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਡਰਾਈਵਰ ਸੁਖਪ੍ਰੀਤ ਸਿੰਘ, ਫਾਇਰਮੈਨ ਲਵਪ੍ਰੀਤ ਸਿੰਘ ਅਤੇ ਰਾਜਦੀਪ ਸਿੰਘ ਮੌਕੇ ਤੇ ਪੁੱਜੇ, ਜਿਨ੍ਹਾਂ ਬੜੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ।
Publish Date: Wed, 25 Feb 2026 12:33 PM (IST)
Updated Date: Wed, 25 Feb 2026 12:35 PM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ: ਨਾਮਦੇਵ ਮਾਰਗ 'ਤੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਕਬਾੜ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਦ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਕਬਾੜੀਆਂ ਕਰਤਾਰ ਰਾਮ ਵਾਸੀ ਰੂੜੇਕੇ ਕਲਾਂ ਜਿਸਨੇ ਜਗ੍ਹਾ ਕਿਰਾਏ 'ਤੇ ਲੈ ਕੇ ਕਬਾੜ ਦਾ ਕੰਮ ਕੀਤਾ ਹੋਇਆ ਹੈ। ਜਿੱਥੇ ਉਸਨੇ ਦੁਕਾਨ ਦੇ ਨਾਲ ਪਲਾਟ ਦੇ ਵਿਚ ਕਬਾੜ ਇਕੱਠਾ ਕੀਤਾ ਹੋਇਆ ਸੀ ਤਾਂ ਸਵੇਰ ਸਮੇਂ ਗੁਆਂਢ ਦੇ ਲੋਕਾਂ ਨੇ ਧੂੰਆਂ ਉੱਠਦਾ ਦੇਖਿਆ। ਦੇਖਿਆ ਤਾਂ ਕਬਾੜ ਨੂੰ ਅੱਗ ਲੱਗੀ ਹੋਈ ਸੀ ਜਿਸ ਸਬੰਧੀ ਕਬਾੜੀਏ ਨੂੰ ਸੂਚਿਤ ਕੀਤਾ। ਕਬਾੜੀਏ ਨੇ ਤੁਰੰਤ ਅੱਗ ਲੱਗਣ ਦੀ ਘਟਨਾ ਸਬੰਧੀ ਸੂਚਨਾ ਤਪਾ ਵਿਖੇ ਰਹਿ ਰਹੇ ਆਪਣੇ ਸਕੇ ਸਬੰਧੀਆਂ ਨੂੰ ਦਿੱਤੀ। ਜਿੰਨ੍ਹਾਂ ਮੌਕੇ 'ਤੇ ਪਹੁੰਚ ਕੇ ਗੇਟ ਦੇ ਜਿੰਦਰੇ ਭੰਨੇ ਤੇ ਮੌਕਾ ਦੇਖ ਕੇ ਫਾਇਰ ਬ੍ਰਿਗੇਡ ਤਪਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਡਰਾਈਵਰ ਸੁਖਪ੍ਰੀਤ ਸਿੰਘ, ਫਾਇਰਮੈਨ ਲਵਪ੍ਰੀਤ ਸਿੰਘ ਅਤੇ ਰਾਜਦੀਪ ਸਿੰਘ ਮੌਕੇ ਤੇ ਪੁੱਜੇ, ਜਿਨ੍ਹਾਂ ਬੜੀ ਮੁਸ਼ੱਕਤ ਬਾਅਦ ਅੱਗ 'ਤੇ ਕਾਬੂ ਪਾਇਆ।ਇਸ ਘਟਨਾ 'ਚ ਕਬਾੜੀਏ ਦਾ ਪਲਾਸਟਿਕ, ਰੱਦੀ, ਟਾਇਰ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਉਪਰੋਕਤ ਦੁਕਾਨਦਾਰ ਦੀ ਪਹਿਲਾਂ ਵੀ ਕਈ ਵਾਰ ਚੋਰੀ ਹੋਣ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਕਬਾੜੀਏ ਦੀ ਦੁਕਾਨ ਵਿਚ ਚੋਰੀ ਹੋ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ। ਉਧਰ ਦੂਜੇ ਪਾਸੇ ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਿਸ ਦੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ ਸਨ।