19 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਪੰਥਕ ਮਾਮਲਿਆਂ ਸਮੇਤ ਕਈ ਮਤੇ ਕੀਤੇ ਜਾ ਸਕਦੇ ਹਨ ਪਾਸ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਕਾਰਜਕਾਰੀ ਤੌਰ ‘ਤੇ ਵਧੀਕ ਮੁੱਖ ਗੰਥੀ ਗਿਆਨੀ ਅਮਰਜੀਤ ਸਿੰਘ ਨੂੰ ਕਾਰਜਕਾਰੀ ਸੇਵਾਵਾਂ ਸੌਂਪੀਆਂ ਗਈਆਂ ਹਨ। ਇਸ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲਗਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।
Publish Date: Fri, 13 Feb 2026 09:13 AM (IST)
Updated Date: Fri, 13 Feb 2026 09:17 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 19 ਫਰਵਰੀ ਨੂੰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਸਬੰਧੀ ਏਜੰਡਾ ਤੇ ਪੱਤਰ ਅੰਤ੍ਰਿੰਗ ਕਮੇਟੀ ਮੈਂਬਰਾਂ ਨੂੰ ਭੇਜ ਦਿੱਤਾ ਹੈ। ਇਹ ਮੀਟਿੰਗ ਹੰਗਾਮੀ ਹੋ ਸਕਦੀ ਹੈ, ਪਿਛਲੇ ਸਮੇਂ ਦੌਰਾਨ ਚੱਲ ਰਹੇ ਪੰਥਕ ਮਾਮਲਿਆਂ ਸਮੇਤ ਕਈ ਮਤੇ ਪਾਸ ਕੀਤੇ ਜਾ ਸਕਦੇ ਹਨ, ਪ੍ਰੋ. ਦਵਿੰਦਰਪਾਲ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀ ਮਤਾ ਪਾਸ ਕੀਤਾ ਜਾ ਸਕਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਕਾਰਜਕਾਰੀ ਤੌਰ ‘ਤੇ ਵਧੀਕ ਮੁੱਖ ਗੰਥੀ ਗਿਆਨੀ ਅਮਰਜੀਤ ਸਿੰਘ ਨੂੰ ਕਾਰਜਕਾਰੀ ਸੇਵਾਵਾਂ ਸੌਂਪੀਆਂ ਗਈਆਂ ਹਨ। ਇਸ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਲਗਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਚਰਚਾ ਹੈ ਕਿ ਪਹਿਲਾਂ ਇਹ ਫੈਸਲਾ 31 ਜਨਵਰੀ ਨੂੰ ਰੱਖੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲੈਣਾ ਸੀ, ਪਰ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਸੀ। ਹੁਣ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 19 ਫਰਵਰੀ ਨੂੰ ਰੱਖੀ ਗਈ ਹੈ ਜਿਸ ਮੁੱਖ ਏਜੰਡਾ ਮੈਂਬਰਾਂ ਨੂੰ ਭੇਜ ਦਿੱਤਾ ਹੈ, ਫੁੱਟਕਲ ਏਜੰਡਾ 2 ਦਿਨ ਪਹਿਲਾ ਤਿਆਰ ਹੋਵੇਗਾ, ਜਿਸ ਵਿਚ ਅਹਿਮ ਫੈਸਲਿਆਂ ਦਾ ਏਜੰਡਾ ਸ਼ਾਮਲ ਹੋਵੇਗਾ। ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਨਿਯੁਕਤੀ ਦਾ ਫੈਸਲਾ ਵੀ ਕੀਤਾ ਜਾ ਸਕਦਾ ਹੈ।
ਇਥੇ ਇਹ ਵੀ ਦਸਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਛੁੱਟੀ ਲੈ ਕੇ ਨਿੱਜੀ ਤੌਰ ‘ਤੇ ਆਮ ਲੋਕਾਂ ਵਿਚ ਵਿਚਰ ਰਹੇ ਹਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ਨੇ ਇਕ ਸਾਲ ਦੀ ਵਿਦੇਸ਼ ਛੱਟੀ ਲਈ ਹੈ, ਜੋ ਕਿ ਅਮਰੀਕਾ ਦਾ ਆਰ ਵਨ ਵੀਜ਼ਾ ਲੈ ਕੇ ਅਮਰੀਕਾ ਪੱਕੇ ਤੌਰ ‘ਤੇ ਰਹਿਣ ਦੀ ਤਿਆਰੀ ਕਰ ਰਹੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਰ ਗ੍ਰੰਥੀ ਸਿੰਘ ਨਿਯੁਕਤ ਕਰਨ ਦਾ ਵੀ ਮਤਾ ਪਾਸ ਕੀਤਾ ਜਾ ਸਕਦਾ ਹੈ।