ਸੋਨੇ ਦੀ ਧੁਆਈ ਲਈ ਕੁਦਰਤੀ ਢੰਗ ਅਪਨਾਇਆ ਜਾਂਦਾ ਹੈ। ਧੁਆਈ ਲਈ ਰੀਠੇ ਨੂੰ ਪਾਣੀ ‘ਚ ਉਬਾਲ ਕੇ ਮਿਸ਼ਰਨ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਿਆਦਾ ਪ੍ਰਦੂਸ਼ਣ ਦੀ ਪਰਤ ਹੋਣ ’ਤੇ ਨਿੰਬੂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਕੁਦਰਤੀ ਤਰੀਕਾ ਹੈ ਅਤੇ ਜਿਸ ਵਿਚ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋਨੇ ਉਪਰ ਲੱਗੀ ਪ੍ਰਦੂਸ਼ਣ ਦੀ ਪਰਤ ਨੂੰ ਮਿਸ਼ਰਨ ਦੇ ਨਾਲ ਮਲਿਆ ਜਾਂਦਾ ਹੈ।

ਸਟਾਫ ਰਿਪੋਰਟਰ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਬਾਹਰੀ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਹੋ ਗਈ ਹੈ। ਸੇਵਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਮੁਖੀ ਭਾਈ ਮਹਿੰਦਰ ਸਿੰਘ ਅਤੇ ਜਥੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਵੀ ਮੌਜੂਦ ਸਨ । ਸੋਨੇ ਦੀ ਧੁਆਈ ਦੀ ਸੇਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁੱਖੀ ਭਾਈ ਮਹਿੰਦਰ ਸਿੰਘ ਨੂੰ ਦਿੱਤੀ ਗਈ ਹੈ। ਸੇਵਕ ਜਥੇ ਵੱਲੋਂ ਇਹ ਸੇਵਾ ਹਰ ਸਾਲ ਹੋਲੇ-ਮਹੱਲੇ ਤੋਂ ਬਾਅਦ ਕੀਤੀ ਜਾਂਦੀ ਹੈ, ਜੋ ਤਕਰੀਬਨ 10 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਹੁੰਦੀ ਹੈ। ਸੋਨੇ ਦੀ ਧੁਆਈ ਦੀ ਸੇਵਾ ਮੁੱਖ ਗੁੰਬਦ, ਛੋਟੀਆਂ ਗੁਮਟੀਆਂ, ਬਾਹਰੀ ਦੀਵਾਰਾਂ, ਪੁੱਲ ’ਤੇ ਲੱਗੀਆਂ ਬੁਰਜੀਆਂ ਦੀਆਂ ਗੁੰਮਟੀਆਂ, ਦਰਸ਼ਨੀ ਡਿਓੜੀ ’ਤੇ ਲੱਗੇ ਸੋਨੇ ਦੀ ਧੁਆਈ ਦੀ ਸੇਵਾ ਵੀ ਕੀਤੀ ਜਾਂਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਂਦੀ ਹੈ ਅਤੇ ਸਮੇਂ-ਸਮੇ ਇਸ ਦੀ ਧੁਆਈ ਦਾ ਕਾਰਜ ਭਾਈ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘੱਟ ਜਾਂਦੀ ਹੈ, ਜਿਸ ਦੀ ਸਾਫ-ਸਫਾਈ ਜ਼ਰੂਰੀ ਹੋ ਜਾਂਦੀ ਹੈ। ਦੱਸਣਯੋਗ ਹੈ ਕਿ ਜੂਨ 1984 ਦਰਮਿਆਨ ਹੋਏ ਫੌਜੀ ਹਮਲੇ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਲੱਗੇ ਪੱਤਰਿਆਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ 1995 ਵਿਚ ਪੱਤਰੇ ਅਤੇ ਸੋਨਾ ਲਗਾਉਣ ਦੀ ਸੇਵਾ ਦਿੱਤੀ ਗਈ ਸੀ। ਜਥੇ ਦੀਆਂ ਸਮੂਹ ਸੰਗਤਾਂ ਨੇ ਇਸ ਸੇਵਾ ਵਿਚ ਵਧਚੜ੍ਹ ਕੇ ਹਿੱਸਾ ਪਾਇਆ ਅਤੇ ਖਾਲਸਾ ਸਾਜਨਾ ਦਿਵਸ ਤੀਜੀ ਸ਼ਤਾਬਦੀ ਮੌਕੇ ਵਿਸਾਖੀ 1999 ’ਤੇ ਮੁਕੰਮਲ ਕੀਤੀ ਸੀ। ਸੋਨੇ ਦੀ ਸਾਫ ਸਫਾਈ ਤੇ ਸੇਵਾ ਸੰਭਾਲ ਲਈ ਸ਼੍ਰੋਮਣੀ ਕਮੇਟੀ ਵੱਲੋਂ ਧੁਆਈ ਦੀ ਸੇਵਾ ਵੀ ਜਥੇ ਨੂੰ ਸੌਂਪੀ ਗਈ ਸੀ। ਇਸ ਤੋਂ ਬਾਅਦ ਹਰ ਸਾਲ ਧੁਆਈ ਦੀ ਸੇਵਾ ਕੁਦਰਤੀ ਢੰਗ ਅਤੇ ਮਰਿਆਦਾ ਅਨੁਸਾਰ ਕੀਤੀ ਜਾਂਦੀ ਹੈ। ਸੋਨੇ ਦੀ ਧੁਆਈ ਲਈ ਕੁਦਰਤੀ ਢੰਗ ਅਪਨਾਇਆ ਜਾਂਦਾ ਹੈ। ਧੁਆਈ ਲਈ ਰੀਠੇ ਨੂੰ ਪਾਣੀ ‘ਚ ਉਬਾਲ ਕੇ ਮਿਸ਼ਰਨ ਤਿਆਰ ਕੀਤਾ ਜਾਂਦਾ ਹੈ ਅਤੇ ਜ਼ਿਆਦਾ ਪ੍ਰਦੂਸ਼ਣ ਦੀ ਪਰਤ ਹੋਣ ’ਤੇ ਨਿੰਬੂ ਦੇ ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇਕ ਕੁਦਰਤੀ ਤਰੀਕਾ ਹੈ ਅਤੇ ਜਿਸ ਵਿਚ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋਨੇ ਉਪਰ ਲੱਗੀ ਪ੍ਰਦੂਸ਼ਣ ਦੀ ਪਰਤ ਨੂੰ ਮਿਸ਼ਰਨ ਦੇ ਨਾਲ ਮਲਿਆ ਜਾਂਦਾ ਹੈ। ਨਰਮ ਬਰੱਸ਼ ਦੇ ਨਾਲ ਰਗੜਾਈ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਸਾਫ ਪਾਣੀ ਦੇ ਨਾਲ ਧੁਆਈ ਕਰਕੇ ਤੋਲੀਆਂ ਦੇ ਨਾਲ ਸੁਕਾਇਆ ਜਾਂਦਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰੀ ਲੱਗੇ ਸੋਨੇ ਦੀ ਸਫਾਈ ਲਈ ਇੰਗਲੈਂਡ ਤੋਂ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਿਰਮਿੰਘਮ ਦੀਆਂ ਸੰਗਤਾਂ ਹਰ ਸਾਲ ਪਹੁੰਚਦੀਆਂ ਹਨ। ਇਸ ਸਾਲ ਵੀ ਤਕਰੀਬਨ 40 ਦੇ ਕਰੀਬ ਜਥੇ ਦੇ ਮੈਂਬਰ ਧੁਆਈ ਲਈ ਪਹੁੰਚੇ ਹਨ। 10 ਦਿਨਾਂ ਦੇ ਕਰੀਬ ਇਹ ਧੁਆਈ ਦੀ ਸੇਵਾ ਮੁਕੰਮਲ ਕੀਤੀ ਜਾਵੇਗੀ, ਉਪਰੰਤ ਜਥੇ ਦੀਆਂ ਸੰਗਤਾਂ ਵਾਪਸ ਵਰਤਣਗੀਆਂ।