ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵੁਜ਼ੂ ਕਰਨ ਦਾ ਮਾਮਲਾ ਬੇਅਦਬੀ ਕਰਾਰ, SGPC ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
SGPC ਅਨੁਸਾਰ, ਮੁਸਿਲਮ ਨੌਜਵਾਨ ਦੀਆਂ ਗਤੀਵਿਧੀਆਂ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਇਸ ਲਈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸਦੀ ਸ਼ਿਕਾਇਤ ਥਾਣਾ ਈ ਡਿਵੀਜ਼ਨ ਵਿਖੇ Sri Darbar Sahib ਦੇ ਮੈਨੇਜਰ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ I
Publish Date: Sat, 24 Jan 2026 04:00 PM (IST)
Updated Date: Sat, 24 Jan 2026 04:45 PM (IST)
ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ : ਬੀਤੇ ਦਿਨੀਂ ਇੱਕ ਮੁਸਲਿਮ ਨੌਜਵਾਨ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਕੁਰਲੀ ਕਰਨ ਦੇ ਮਾਮਲੇ ਨੂੰ ਬੇਅਦਬੀ ਕਰਾਰ ਦਿੰਦਿਆਂ ਸ਼ਨਿਚਰਵਾਰ ਨੂੰ ਪ੍ਰਬੰਧਕਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਈ-ਡਵੀਜ਼ਨ ਪੁਲਿਸ ਥਾਣੇ 'ਚ ਅਧਿਕਾਰਤ ਰੂਪ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਵਿਅਕਤੀ ਦੀ ਪਛਾਣ ਸੁਬਹਾਨ ਰੰਗਰੀਜ਼ ਵਾਸੀ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ ਜੋ 13 ਜਨਵਰੀ 2026 ਨੂੰ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਆਇਆ ਸੀ।
ਪ੍ਰਬੰਧਕਾਂ ਵੱਲੋਂ ਕੀਤੀ ਗਈ ਜਾਂਚ ਵਿਚ ਪਾਇਆ ਗਿਆ ਹੈ ਕਿ ਉਸ ਨਾਲ ਉਸ ਦਿਨ ਚਾਰ ਨੌਜਵਾਨ ਹੋਰ ਸਨ, ਜੋ ਇਹ ਸਾਰੇ ਪੰਜ ਜਣੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕੇ ਬਿਨਾਂ ਹੀ ਬਾਹਰ ਚਲੇ ਗਏ ਸਨ। ਪਰਿਕਰਮਾ 'ਚ ਪਾਵਨ ਸਰੋਵਰ ਅੰਦਰ ਕੁਰਲੀ ਤੇ ਚੂਲੀ ਲੈਂਦਿਆਂ ਸੁਬਹਾਨ ਨੇ ਆਪਣੀ ਰਿਕਾਰਡ ਕੀਤੀ ਵੀਡੀਓ 16 ਜਨਵਰੀ 2026 ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ 'ਤੇ ਪਾਈ।
ਮਾਮਲਾ ਧਿਆਨ 'ਚ ਆਉਣ ਤੋਂ ਬਾਅਦ SGPC ਨੇ ਇਸ ਦੀ ਜਾਂਚ ਅਰੰਭੀ ਤੇ ਸਬੰਧਤ ਨੌਜਵਾਨਾਂ ਦੀ ਗਤੀਵਿਧੀ ਕੈਮਰਿਆਂ ਰਾਹੀਂ ਵਾਚੀ ਗਈ ਜਿਸ ਤੋਂ ਪ੍ਰਬੰਧਕਾਂ ਅਨੁਸਾਰ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਦੀ ਮਨਸ਼ਾ ਸ਼ਰਧਾ ਭਾਵਨਾ ਵਾਲੀ ਘੱਟ ਅਤੇ ਵਿਵਾਦ ਕਰਨ ਵਾਲੀ ਵੱਧ ਸੀ ਜਿਸ ਨੂੰ ਬੇਅਦਬੀ ਮੰਨਿਆ ਗਿਆ ਹੈ। ਇਹ ਕਿਹਾ ਗਿਆ ਹੈ ਕਿ ਦੋਸ਼ੀ ਦੀ ਗਤੀਵਿਧੀਆਂ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਇਸ ਲਈ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸਦੀ ਸ਼ਿਕਾਇਤ ਥਾਣਾ ਈ ਡਿਵੀਜ਼ਨ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਪਾਲ ਸਿੰਘ ਤੇ ਰਜਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਹੈ I