ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ ਦਾ ਕੀਤਾ ਵਿਰੋਧ, ਕਿਹਾ- ਬਿਨਾਂ ਕਿਸੇ ਚਰਚਾ ਦੇ ਕਰ ਦਿੱਤਾ ਗਿਐ ਪਾਸ
ਬਜਟ ਨੂੰ ਖਾਮੀਆਂ ਭਰਿਆ ਦੱਸਦਿਆ ਬੈਂਸ ਨੇ ਕਿਹਾ ਕਿ ਵੱਡੇ ਪੱਧਰ ’ਤੇ ਵਿੱਤੀ ਲੀਕੇਜ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੰਸਥਾਵਾਂ ਅਤੇ ਕਾਲਜਾਂ ਨੂੰ 99 ਸਾਲਾਂ ਦੇ ਲੀਜ਼ ਦੇਣ ਦੇ ਬਾਵਜੂਦ, ਹਰ ਸਾਲ ਕਰੋੜਾਂ ਰੁਪਏ ਜਾਰੀ ਕੀਤੇ ਜਾ ਰਹੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
Publish Date: Sun, 29 Mar 2026 08:51 AM (IST)
Updated Date: Sun, 29 Mar 2026 08:54 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ ਬਜਟ ਦਾ ਵਿਰੋਧ ਕਰਦਿਆਂ ਵਾਕਆਊਟ ਕਰ ਦਿੱਤਾ। ਬੈਂਸ ਨੇ ਦੋਸ਼ ਲਾਇਆ ਕਿ ਬਜਟ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦਕਿ ਬਜਟ ਸੈਸ਼ਨ ਆਮ ਤੌਰ ’ਤੇ ਲੰਬੇ ਸਮੇਂ ਤੱਕ ਚੱਲਦੇ ਹਨ, ਇਸ ਵਾਰ ਬਜਟ ਨੂੰ ਸਿਰਫ ਅੱਧੇ ਘੰਟੇ ਵਿਚ ਪੇਸ਼ ਕੀਤਾ ਗਿਆ ਅਤੇ ਪਾਸ ਕਰ ਦਿੱਤਾ ਗਿਆ, ਜਿਸ ਨਾਲ ਲੋਕਤੰਤਰੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਹੁੰਦੇ ਹਨ।
ਬਜਟ ਨੂੰ ਖਾਮੀਆਂ ਭਰਿਆ ਦੱਸਦਿਆ ਬੈਂਸ ਨੇ ਕਿਹਾ ਕਿ ਵੱਡੇ ਪੱਧਰ ’ਤੇ ਵਿੱਤੀ ਲੀਕੇਜ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਸੰਸਥਾਵਾਂ ਅਤੇ ਕਾਲਜਾਂ ਨੂੰ 99 ਸਾਲਾਂ ਦੇ ਲੀਜ਼ ਦੇਣ ਦੇ ਬਾਵਜੂਦ, ਹਰ ਸਾਲ ਕਰੋੜਾਂ ਰੁਪਏ ਜਾਰੀ ਕੀਤੇ ਜਾ ਰਹੇ ਹਨ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਸਾਰਾਗੜ੍ਹੀ ਕੰਟੀਨ ਬਾਰੇ ਵੀ ਸਵਾਲ ਚੁੱਕਦਿਆ ਕਿਹਾ ਕਿ ਸਵੇਰੇ ਨੋਟਿਸ ਲਾਏ ਜਾਣ ਤੋਂ ਕੁਝ ਘੰਟਿਆਂ ਬਾਅਦ ਬੋਲੀ ਪ੍ਰਕਿਰਿਆ ਪੂਰੀ ਹੋ ਗਈ, ਜਿਸ ਨਾਲ ਪਾਰਦਰਸ਼ਤਾ ’ਤੇ ਸ਼ੱਕ ਪੈਦਾ ਹੁੰਦਾ ਹੈ। ਉਨ੍ਹਾਂ ਇਹ ਵੀ ਚਿੰਤਾ ਪ੍ਰਗਟ ਕੀਤੀ ਕਿ ਬੋਲੀ ਲਾਉਣ ਵਾਲਾ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਦੇ ਨੇੜੇ ਦਾ ਸਾਥੀ ਹੋ ਸਕਦਾ ਹੈ। ਬੈਂਸ ਨੇ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਨੂੰ ਪਿਛਲੇ ਸੈਸ਼ਨ ਵਿਚ ਵੀ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਗਿਆ। ਉਨ੍ਹਾਂ ਇਸ ਨੂੰ ਗਲਤ ਵਤੀਰਾ ਦੱਸਿਆ ਅਤੇ ਕਿਹਾ ਕਿ ਇਸੇ ਕਰ ਕੇ ਉਨ੍ਹਾਂ ਨੇ ਇਸ ਵਾਰ ਸੈਸ਼ਨ ਦਾ ਬਾਈਕਾਟ ਕੀਤਾ ਹੈ।