ਗਿਆਨੀ ਰਘਬੀਰ ਸਿੰਘ ਦੇ ਇਲਜ਼ਾਮਾਂ ’ਤੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਕਰੇ ਤੁਰੰਤ ਕਾਰਵਾਈ : ਸਰਨਾ
ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਪ੍ਰਤੀ ਲੋਕਾਂ ਦੀ ਜੋ ਰਾਏ ਆ ਰਹੀ ਹੈ, ਉਹ ਇੱਕ ਧਾਰਮਿਕ ਸ਼ਖਸ਼ੀਅਤ ਲਈ ਸਹਿਣਯੋਗ ਨਹੀਂ ਹੈ।
Publish Date: Thu, 19 Feb 2026 11:16 AM (IST)
Updated Date: Thu, 19 Feb 2026 11:59 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਜਲੰਧਰ ’ਚ ਪ੍ਰੈੱਸ ਕਲੱਬ ’ਚ ਪੱਤਰਕਾਰਾਂ ਦੇ ਸਮਾਹਣੇ ਜੋ ਗੰਭੀਰ ਦੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਲਗਾਏ ਹਨ ਉਸ ਨੂੰ ਦੇਖਦੇ ਹੋਏ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੁਰੰਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਸ਼ ਸੱਚੇ ਹਨ ਤਾਂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਨੀ ਬਣਦੀ ਹੈ। ਜੇਕਰ ਇਹ ਦੋਸ਼ ਬੇਬੁਨਿਆਦ ਹਨ ਤਾਂ ਕਮੇਟੀ ਗਿਆਨੀ ਰਘਬੀਰ ਸਿੰਘ ’ਤੇ ਕਾਰਵਾਈ ਕਰੇ। ਇਸ ਦੇ ਨਾਲ ਹੀ ਇਹ ਕੇਸ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪਰਸਤੀ ਹੇਠ ਦੇ ਦੇਣਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਤੁਰੰਤ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅਗਲੇਰੀ ਕਾਰਵਾਈ ਕੀਤੀ ਜਾਵੇ। ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਪ੍ਰਤੀ ਲੋਕਾਂ ਦੀ ਜੋ ਰਾਏ ਆ ਰਹੀ ਹੈ, ਉਹ ਇੱਕ ਧਾਰਮਿਕ ਸ਼ਖਸ਼ੀਅਤ ਲਈ ਸਹਿਣਯੋਗ ਨਹੀਂ ਹੈ।
ਸਰਨਾ ਨੇ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ’ਚ ਜਿਹੜਾ ਬਿਆਨ ਦਿੱਤਾ ਜਾ ਰਿਹਾ ਹੈ, ਇਹ ਪੜ੍ਹ ਕੇ ਮੀਡੀਆ ਦੇ ਸਨਮੁੱਖ ਰੱਖਿਆ ਜਾ ਰਿਹਾ ਹੈ। ਗਿਆਨੀ ਰਘਬੀਰ ਸਿੰਘ ਇਹ ਪਰਚਾ ਕਿਸ ਪਾਸੋਂ ਲੈ ਕੇ ਪੜ੍ਹ ਰਹੇ ਹਨ ਇਹ ਵੀ ਸੰਗਤ ਅੱਗੇ ਰੱਖਣ। ਉਨ੍ਹਾਂ ਕਿਹਾ ਕਿ ਧਾਰਮਿਕ ਅਹੁਦੇ ‘ਤੇ ਤਾਇਨਾਤ ਰਹਿ ਕੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਣ ਤੋਂ ਚੰਗਾ ਹੁੰਦਾ ਆਪਣੇ ਅਹੁਦੇ ਦੇ ਅਧਿਕਾਰਾਂ ਦੀ ਵਰਤੋਂ ਕਰਕੇ ਇਸ ’ਤੇ ਕਾਰਵਾਈ ਕਰਦੇ। ਕਿਉਂਕਿ ਇਹ ਇਕ ਸਿਆਸਤ ਦਾ ਹਿੱਸਾ ਲੱਗ ਰਿਹਾ ਹੈ, ਜਿਸ ਲਈ ਗਿਆਨੀ ਰਘਬੀਰ ਸਿੰਘ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਹੀ ਇਹ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ।