SGPC ਸਲਾਹਕਾਰ ਵਿਵਾਦ: ਅਕਾਲ ਤਖ਼ਤ ਵਿਖੇ ਪੇਸ਼ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ, ਜਥੇਦਾਰ ਸਾਹਮਣੇ ਰੱਖਿਆ ਆਪਣਾ ਪੱਖ
ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 25 ਅਕਤੂਬਰ 2025 ਨੂੰ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਜਿਸ ਉੱਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰੋਕ ਲਗਾਈ ਗਈ ਸੀ, ਪਰੰਤੂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਆਦੇਸ਼ ਦੀ ਉਲੰਘਣਾ ਕਰਦਿਆਂ ਇਜਲਾਸ ਜਾਰੀ ਰੱਖਿਆ ਗਿਆ।
Publish Date: Mon, 05 Jan 2026 11:23 AM (IST)
Updated Date: Mon, 05 Jan 2026 11:37 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਿਛਲੇ ਸਮੇਂ ਤੋਂ ਲਟਕਦੇ ਆ ਰਹੇ ਕੁਝ ਅਹਿਮ ਪੰਥਕ ਮਾਮਲਿਆਂ ਸਬੰਧੀ ਅੱਜ ਸਬੰਧਤ ਧਿਰਾਂ ਦੇ ਪੱਖ ਸੁਣੇ। ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੇ ਸਕੱਤਰੇਤ ਵਿਖੇ ਹਾਜ਼ਰ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ।
ਮੰਤਰੀ ਸੋਂਦ ਨੂੰ ਵਿਭਾਗ ਵਿਚ ਮਾਹਰ ਅਧਿਕਾਰੀ ਲਗਾਉਣ ਦੀ ਸਲਾਹ ਦਿੱਤੀ ਤਾਂ ਜੋ ਭਵਿੱਖ ਵਿਚ ਇਤਿਹਾਸ, ਮਰਿਆਦਾ ਤੇ ਵਿਰਾਸਤ ਆਦਿ ਪੱਖੋਂ ਕੋਈ ਵੀ ਮੁਸ਼ਕਿਲ ਨਾ ਆਵੇ। ਮੰਤਰੀ ਸੋਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਆਦੇਸ਼ ਸਬੰਧੀ ਵਿਚਾਰ ਕਰਕੇ ਵਿਭਾਗ ਵਿਚ ਮਾਹਰ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਤਿਆਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਆਦਾ ਅਤੇ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਸੀ, ਜਿਸ ਨੂੰ ਜਥੇਦਾਰ ਨੇ ਪ੍ਰਵਾਨ ਕੀਤਾ ਹੈ।
ਇਸ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 25 ਅਕਤੂਬਰ 2025 ਨੂੰ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਜਿਸ ਉੱਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਰੋਕ ਲਗਾਈ ਗਈ ਸੀ, ਪਰੰਤੂ ਦਿੱਲੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਆਦੇਸ਼ ਦੀ ਉਲੰਘਣਾ ਕਰਦਿਆਂ ਇਜਲਾਸ ਜਾਰੀ ਰੱਖਿਆ ਗਿਆ। ਇਸ ਲਈ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਅਤੇ ਸਕੱਤਰ ਆਪਣਾ ਪੱਖ ਰੱਖਣ ਲਈ ਪਹੁੰਚੇ ਹਨ। ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਪਾਸੋਂ ਵੀ ਅੰਮ੍ਰਿਤਧਾਰੀ ਮੈਂਬਰ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦੀ ਜਾਣਕਾਰੀ ਮੰਗੀ ਹੈ । ਇਸ ਸਬੰਧੀ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਪੇਸ਼ ਹੋਏ।