ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੀ ਤਰੀਕ 'ਚ ਬਦਲਾਅ, ਹੁਣ 10 ਅਪ੍ਰੈਲ ਨੂੰ ਰਵਾਨਾ ਹੋਣਗੇ ਸ਼ਰਧਾਲੂ
ਕਾਹਲਵਾਂ ਨੇ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ, ਉਹ 9 ਅਪ੍ਰੈਲ ਨੂੰ ਦਫ਼ਤਰੀ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ। ਪਾਕਿਸਤਾਨ ਵਿੱਚ ਸਿੱਖ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) 'ਚ ਖਾਲਸਾ ਸਾਜਣਾ ਦਿਵਸ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣਗੇ।
Publish Date: Tue, 07 Apr 2026 04:33 PM (IST)
Updated Date: Tue, 07 Apr 2026 04:36 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾ ਸਾਜਣਾ ਦਿਵਸ ਅਤੇ ਵਿਸਾਖੀ ਮੌਕੇ 1763 ਸ਼ਰਧਾਲੂਆਂ ਦਾ ਜਥਾ ਦਸ ਅਪ੍ਰੈਲ ਨੂੰ ਪਾਕਿਸਤਾਨ ਭੇਜਿਆ ਜਾਵੇਗਾ। ਹਾਲਾਂਕਿ ਭਾਰਤ ਸਰਕਾਰ ਵੱਲੋਂ ਜਥੇ ਦੀ ਰਵਾਨਗੀ ਦੀ ਤਰੀਕ 12 ਅਪ੍ਰੈਲ ਨਿਰਧਾਰਤ ਕੀਤੀ ਗਈ ਸੀ, ਪਰ ਪਾਕਿਸਤਾਨ ਵੱਲੋਂ 10 ਅਪ੍ਰੈਲ ਨੂੰ ਜਥੇ ਨੂੰ ਆਉਣ ਲਈ ਕਿਹਾ ਗਿਆ ਸੀ। ਹੁਣ ਇਹ ਜਥਾ ਦਸ ਅਪ੍ਰੈਲ ਨੂੰ ਹੀ ਸ਼੍ਰੋਮਣੀ ਕਮੇਟੀ (SGPC) ਦੇ ਦਫ਼ਤਰ ਤੋਂ ਰਵਾਨਾ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਕਮੇਟੀ ਵੱਲੋਂ 1795 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 1763 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ ਹੈ ਜਦਕਿ 32 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਣਾ ਦਿਵਸ (ਵਿਸਾਖੀ) ਦੇ ਮੌਕੇ 'ਤੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਇਹ ਜਥਾ 10 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ 'ਚ ਰਵਾਨਾ ਹੋਵੇਗਾ। ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਕਰਵਾਏ ਜਾਣ ਵਾਲੇ ਮੁੱਖ ਸਮਾਗਮ 'ਚ ਸ਼ਾਮਲ ਹੋਵੇਗਾ ਅਤੇ ਇਸ ਤੋਂ ਬਾਅਦ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰੇਗਾ। ਜਥਾ 19 ਅਪ੍ਰੈਲ ਨੂੰ ਭਾਰਤ ਵਾਪਸ ਪਰਤੇਗਾ।
ਕਾਹਲਵਾਂ ਨੇ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ, ਉਹ 9 ਅਪ੍ਰੈਲ ਨੂੰ ਦਫ਼ਤਰੀ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੇ ਹਨ। ਪਾਕਿਸਤਾਨ ਵਿੱਚ ਸਿੱਖ ਸ਼ਰਧਾਲੂ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) 'ਚ ਖਾਲਸਾ ਸਾਜਣਾ ਦਿਵਸ ਦੇ ਮੁੱਖ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਸ਼ਰਧਾਲੂ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਐਮਨਾਬਾਦ ਅਤੇ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਵੀ ਦਰਸ਼ਨ ਕਰਨਗੇ। 19 ਅਪ੍ਰੈਲ ਨੂੰ ਸਾਰੇ ਸ਼ਰਧਾਲੂ ਭਾਰਤ ਵਾਪਸ ਪਰਤਣਗੇ।