- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਕੇਸ਼ ਮਲਹੋਤਰਾ ਨੇ ਸਿਹਤ ਵਿਭਾਗ ਤੋਂ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੋਈ ਤਕਨੀਕੀ ਗਲਤੀ ਹੈ ਤਾਂ ਉਸ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਜੇਕਰ ਕਿਸੇ ਪੱਧਰ 'ਤੇ ਜਾਣਬੁੱਝ ਕੇ ਹੇਰਾਫੇਰੀ ਕੀਤੀ ਗਈ ਹੈ, ਤਾਂ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਨਿਤਿਨ ਧੀਮਾਨ, ਅੰਮ੍ਰਿਤਸਰ : ਪਿੰਕ ਪਲਾਜ਼ਾ ਸਥਿਤ ਆਮ ਆਦਮੀ ਕਲੀਨਿਕ 'ਚ ਦਵਾਈਆਂ ਦੀ ਵੰਡ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਬੰਬੇ ਵਾਲਾ ਖੂਹ ਦੇ ਰਹਿਣ ਵਾਲੇ ਰਾਕੇਸ਼ ਮਲਹੋਤਰਾ ਨੇ ਕਲੀਨਿਕ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਨਹੀਂ ਦਿੱਤੀ ਗਈ, ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਦਵਾਈਆਂ ਲੈਣ ਲਈ ਧੰਨਵਾਦ ਦਾ ਸੁਨੇਹਾ ਭੇਜ ਦਿੱਤਾ ਗਿਆ। ਇਸ ਘਟਨਾ ਨੇ ਕਲੀਨਿਕ ਦੀ ਕਾਰਜਪ੍ਰਣਾਲੀ ਅਤੇ ਦਵਾਈ ਵੰਡ ਪ੍ਰਣਾਲੀ ਦੀ ਪਾਰਦਰਸ਼ਤਾ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।
ਰਾਕੇਸ਼ ਮਲਹੋਤਰਾ ਅਨੁਸਾਰ, ਉਨ੍ਹਾਂ ਨੇ ਬੀਤੇ ਵੀਰਵਾਰ ਨੂੰ ਪਿੰਕ ਪਲਾਜ਼ਾ ਦੇ ਆਮ ਆਦਮੀ ਕਲੀਨਿਕ 'ਚ ਆਪਣੀ ਸਿਹਤ ਦੀ ਜਾਂਚ ਕਰਵਾਈ ਸੀ। ਜਾਂਚ ਤੋਂ ਬਾਅਦ ਉਸੇ ਦਿਨ ਉਨ੍ਹਾਂ ਦੇ ਮੋਬਾਈਲ 'ਤੇ ਇਕ ਮੈਸੇਜ ਆਇਆ, ਜਿਸ ਵਿੱਚ ਜਾਂਚ ਕਰਵਾਉਣ ਲਈ ਧੰਨਵਾਦ ਕਰਦੇ ਹੋਏ ਰਿਪੋਰਟ ਜਲਦੀ ਭੇਜਣ ਦੀ ਗੱਲ ਕਹੀ ਗਈ ਸੀ। ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਮੋਬਾਈਲ 'ਤੇ ਫਿਰ ਸੁਨੇਹਾ ਆਇਆ ਕਿ ਉਨ੍ਹਾਂ ਦੀ ਜਾਂਚ ਰਿਪੋਰਟ ਤਿਆਰ ਹੋ ਗਈ ਹੈ। ਇਸ ਤੋਂ ਬਾਅਦ ਵ੍ਹਟਸਐਪ ਰਾਹੀਂ ਰਿਪੋਰਟ ਭੇਜ ਦਿੱਤੀ ਗਈ, ਜਿਸ ਵਿਚ ਸਭ ਕੁਝ ਸਾਧਾਰਨ ਸੀ। ਰਾਕੇਸ਼ ਦਾ ਕਹਿਣਾ ਹੈ ਕਿ 3 ਫਰਵਰੀ ਨੂੰ ਉਨ੍ਹਾਂ ਦੇ ਮੋਬਾਈਲ 'ਤੇ ਇਕ ਹੋਰ ਮੈਸੇਜ ਆਇਆ, ਜਿਸ ਵਿੱਚ ਲਿਖਿਆ ਸੀ ਕਿ ਉਪਰੋਕਤ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਲੈਣ ਲਈ ਧੰਨਵਾਦ।
ਰਾਕੇਸ਼ ਮਲਹੋਤਰਾ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਕੋਈ ਦਵਾਈ ਮਿਲੀ ਹੀ ਨਹੀਂ ਤਾਂ ਦਵਾਈ ਵੰਡ ਦਾ ਮੈਸੇਜ ਆਉਣਾ ਆਪਣੇ ਆਪ 'ਚ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜਾਂ ਤਾਂ ਕਲੀਨਿਕ ਦੇ ਕੰਪਿਊਟਰ ਸਿਸਟਮ 'ਚ ਕੋਈ ਵੱਡੀ ਖ਼ਾਮੀ ਹੈ ਜਾਂ ਫਿਰ ਦਵਾਈਆਂ ਦੀ ਐਂਟਰੀ ਸਿਰਫ਼ ਕਾਗਜ਼ਾਂ ਅਤੇ ਸਿਸਟਮ 'ਚ ਦਿਖਾ ਕੇ ਅਸਲ ਵੰਡ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੀ ਲਾਪਰਵਾਹੀ ਸਰਕਾਰੀ ਸਕੀਮਾਂ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਬਿਨਾਂ ਦਵਾਈ ਦਿੱਤੇ ਮਰੀਜ਼ਾਂ ਦੇ ਨਾਂ 'ਤੇ ਦਵਾਈ ਵੰਡ ਦਰਜ ਕੀਤੀ ਜਾ ਰਹੀ ਹੈ, ਤਾਂ ਇਹ ਨਾ ਸਿਰਫ਼ ਪ੍ਰਸ਼ਾਸਨਿਕ ਲਾਪਰਵਾਹੀ ਹੈ ਬਲਕਿ ਸੰਭਾਵੀ ਭ੍ਰਿਸ਼ਟਾਚਾਰ ਵੱਲ ਵੀ ਇਸ਼ਾਰਾ ਕਰਦੀ ਹੈ।
ਰਾਕੇਸ਼ ਮਲਹੋਤਰਾ ਨੇ ਸਿਹਤ ਵਿਭਾਗ ਤੋਂ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੋਈ ਤਕਨੀਕੀ ਗਲਤੀ ਹੈ ਤਾਂ ਉਸ ਨੂੰ ਤੁਰੰਤ ਸੁਧਾਰਿਆ ਜਾਵੇ ਅਤੇ ਜੇਕਰ ਕਿਸੇ ਪੱਧਰ 'ਤੇ ਜਾਣਬੁੱਝ ਕੇ ਹੇਰਾਫੇਰੀ ਕੀਤੀ ਗਈ ਹੈ, ਤਾਂ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।