ਪ੍ਰੀਤਨਗਰ 'ਚ ਮਨਾਇਆ ਜਾਵੇਗਾ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ ਦਿਨ: ਭਾਸ਼ਾ ਵਿਭਾਗ ਵੱਲੋਂ ਵਿਸ਼ੇਸ਼ ਸਾਹਿਤਕ ਸਮਾਗਮ ਦਾ ਐਲਾਨ
ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਵਿਚ ਵਿਭਾਗੀ ਟੀਮ ਤੋਂ ਇਲਾਵਾ ਪਟਿਆਲੇ ਅਤੇ ਰਸਤੇ ਦੇ ਸ਼ਹਿਰਾਂ ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ, ਬਿਆਸ, ਅੰਮ੍ਰਿਤਸਰ ਆਦਿ ਥਾਵਾਂ ਤੋਂ ਸਾਹਿਤਕਾਰ ਅਤੇ ਸਾਹਿਤ ਰਸੀਏ ਸ਼ਾਮਿਲ ਹੋ ਸਕਣਗੇ।
Publish Date: Sat, 11 Apr 2026 09:33 AM (IST)
Updated Date: Sat, 11 Apr 2026 09:35 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ , ਅੰਮ੍ਰਿਤਸਰ : ਪ੍ਰੀਤਲੜੀ ਵਜੋਂ ਪ੍ਰਸਿੱਧ ਹੋਏ ਅਤੇ ਅੰਮ੍ਰਿਤਸਰ ਵਿਚ ਪ੍ਰੀਤ ਨਗਰ ਵਸਾਉਣ ਵਾਲੇ ਅਧੁਨਿਕ ਪੰਜਾਬੀ ਵਾਰਤਕ ਦੇ ਮੋਢੀ ਗੁਰਬਖਸ਼ ਸਿੰਘ ਦਾ 26 ਅਪ੍ਰੈਲ ਨੂੰ ਜਨਮ ਦਿਨ ਹੈ। ਉਸ ਦਿਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਪਟਿਆਲਾ ਤੋਂ ਪ੍ਰੀਤ ਨਗਰ ਤੱਕ ਖ਼ਾਸ ਪ੍ਰੀਤ ਯਾਤਰਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਵਿਚ ਵਿਭਾਗੀ ਟੀਮ ਤੋਂ ਇਲਾਵਾ ਪਟਿਆਲੇ ਅਤੇ ਰਸਤੇ ਦੇ ਸ਼ਹਿਰਾਂ ਫਤਿਹਗੜ੍ਹ ਸਾਹਿਬ, ਖੰਨਾ, ਲੁਧਿਆਣਾ, ਫਿਲੌਰ, ਫਗਵਾੜਾ, ਜਲੰਧਰ, ਬਿਆਸ, ਅੰਮ੍ਰਿਤਸਰ ਆਦਿ ਥਾਵਾਂ ਤੋਂ ਸਾਹਿਤਕਾਰ ਅਤੇ ਸਾਹਿਤ ਰਸੀਏ ਸ਼ਾਮਿਲ ਹੋ ਸਕਣਗੇ। ਗੁਰਬਖਸ਼ ਸਿੰਘ ਦੇ ਸਪੁੱਤਰ ਹਿਰਦੇਪਾਲ ਸਿੰਘ ਪ੍ਰੀਤਨਗਰ ਦੇ ਸੰਕਲਪ ਤੇ ਸਰਗਰਮੀਆਂ ਦੀਆਂ ਯਾਦਾਂ ਸਾਂਝੀਆਂ ਕਰਨਗੇ। ਉੱਘੇ ਨਾਟਕਕਾਰ ਕੇਵਲ ਧਾਲੀਵਾਲ ਖ਼ਾਸ ਡਾਕੂਮੈਂਟਰੀ ਦਿਖਾਉਣਗੇ। ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਗੁਰਬਖਸ਼ ਸਿੰਘ ਦੀ ਪੰਜਾਬੀ ਜਨ-ਜੀਵਨ, ਰਹਿਣ-ਸਹਿਣ ਅਤੇ ਪੰਜਾਬੀ ਸੋਹਜ ਨੂੰ ਦੇਣ ਦੇ ਨਾਲ-ਨਾਲ ਉਹਨਾਂ ਦੀ ਵਾਰਤਕ ਬਾਰੇ ਡਾ. ਹਰਭਜਨ ਸਿੰਘ ਭਾਟੀਆ ਚਰਚਾ ਕਰਨਗੇ। ਯਾਤਰਾ ਲਈ ਖ਼ਾਸ ਏਸੀ ਬੱਸ ਦਾ ਪ੍ਰਬੰਧ ਕੀਤਾ ਜਾਵੇਗਾ। ਸਭ ਦੇ ਆਉਣ ਜਾਣ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿਚ ਸ਼ਾਮਿਲ ਹੋਣ ਦੇ ਚਾਹਵਾਨ ਉਨ੍ਹਾਂ ਨਾਲ ਫੋਨ ਨੰ. 9041008888 ਅਤੇ ਡਾ. ਮਨਜਿੰਦਰ ਸਿੰਘ ਜ਼ਿਲ੍ਹਾ ਖੋਜ ਅਫ਼ਸਰ ਨਾਲ ਫੋਨ ਨੰ. 9417583168 ’ਤੇ ਸੰਪਰਕ ਕਰਨ ਅਤੇ 24 ਅਪ੍ਰੈਲ ਸ਼ਾਮ ਤੋਂ ਪਹਿਲਾਂ ਆਪਣੇ ਨਾਂ ਰਜਿਸਟਰ ਕਰਵਾ ਲੈਣ ਤਾਂ ਕਿ ਸਮੇਂ ਸਿਰ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।