ਇਸੇ ਦੌਰਾਨ ਹੀ ਸਿੰਘ ਸਾਹਿਬ ਅਚਾਨਕ ਬੈਠਦੇ ਬੈਠਦੇ ਦੁਬਾਰਾ ਉੱਠ ਕੇ ਸਟੇਜ ਉੱਤੇ ਬਾਕੀ ਸਖ਼ਸ਼ੀਅਤਾਂ ਨਾਲ ਖੜ੍ਹੇ ਹੋ ਜਾਂਦੇ ਹਨ। ਇਸ ਸਾਰੀ ਘਟਨਾਕ੍ਰਮ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਸਤਿਕਾਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਉੱਚ ਪਦਵੀ ਨੂੰ ਸੱਟ ਮਾਰਨ ਦੀ ਮਨਸ਼ਾ ਨਾਲ ਵੀਡੀਓ ਅਗਾਂਹ ਪਿਛਾਂਹ ਐਡਿਟ ਕਰਕੇ ਗਲਤ ਰੰਗਤ ਦਿੱਤੀ ਗਈ,
ਸਟਾਫ ਰਿਪੋਰਟਰ, ਅੰਮ੍ਰਿਤਸਰ : ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਟਾਲਾ ਵਿਖੇ ਗੁਰਮਤਿ ਸਮਾਗਮ ਮੌਕੇ ਦੀ ਇੱਕ ਵੀਡੀਓ ਨੂੰ ਗਲਤ ਰੰਗਤ ਦੇ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰਨ ਲਈ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ਤੇ ਸ਼ਰਾਰਤੀ ਅਨਸਰਾਂ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਿਕਾਰਤ ਸਿੰਘ ਸਾਹਿਬ ਸਿੱਖੀ ਸਿਧਾਂਤ ਅਤੇ ਮਰਯਾਦਾ ਦੇ ਪੂਰਨ ਧਾਰਨੀ ਹਨ ਅਤੇ ਉਹ ਕਿਸੇ ਵੀ ਹਾਲ ਵਿੱਚ ਮਰਯਾਦਾ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜਿਸ ਵੀਡੀਓ ਨੂੰ ਵਾਇਰਲ ਕਰਕੇ ਇਹ ਪੇਸ਼ ਕੀਤਾ ਜਾ ਰਿਹਾ ਹੈ ਕਿ ਸਿੰਘ ਸਾਹਿਬ ਜੀ ਨੇ ਇੱਕ ਅਕਾਲੀ ਆਗੂ ਦੇ ਪੈਰੀਂ ਹੱਥ ਲਗਾਇਆ, ਦਰਅਸਲ ਉਸ ਦੀ ਸਚਾਈ ਇਹ ਨਹੀਂ।
ਅਸਲ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮਾਗਮ ਦੌਰਾਨ ਸਟੇਜ ਸਕੱਤਰ ਦੀ ਬੇਨਤੀ ਉੱਤੇ ਸੰਬੋਧਨ ਕਰਨ ਉਪਰੰਤ ਸਨਮਾਨ ਲੈ ਕੇ ਬੈਠਣ ਲੱਗਦੇ ਹਨ। ਇਸੇ ਦੌਰਾਨ ਸਟੇਜ ਸਕੱਤਰ ਸਬੰਧਤ ਅਕਾਲੀ ਆਗੂ ਜੋ ਇਸ ਮੌਕੇ ਸਿੰਘ ਸਾਹਿਬ ਜੀ ਦੇ ਨਾਲ ਹੀ ਸਟੇਜ ਉੱਤੇ ਮੌਜੂਦ ਸਨ ਨੂੰ ਵੀ ਸੰਬੋਧਨ ਕਰਨ ਲਈ ਆਖਦੇ ਹਨ, ਪਰੰਤੂ ਅਕਾਲੀ ਆਗੂ ਇਹ ਕਹਿ ਕੇ ਇਨਕਾਰ ਕਰ ਦਿੰਦੇ ਹਨ ਕਿ ਸਿੰਘ ਸਾਹਿਬ ਜੀ ਸੰਗਤ ਨੂੰ ਸੰਬੋਧਤ ਹੋ ਚੁੱਕੇ ਹਨ, ਇਸ ਲਈ ਉਨ੍ਹਾਂ ਦੇ ਬੋਲਣ ਦੀ ਲੋੜ ਨਹੀਂ। ਇਸ ਮੌਕੇ ਅਕਾਲੀ ਆਗੂ ਪੂਰੀ ਵੀਡੀਓ ਵਿੱਚ ਮਾਈਕ ਨੂੰ ਪਾਸੇ ਕਰਦੇ ਹੋਏ ਵੀ ਦੇਖੇ ਜਾ ਸਕਦੇ ਹਨ। ਇਸੇ ਦੌਰਾਨ ਹੀ ਸਿੰਘ ਸਾਹਿਬ ਅਚਾਨਕ ਬੈਠਦੇ ਬੈਠਦੇ ਦੁਬਾਰਾ ਉੱਠ ਕੇ ਸਟੇਜ ਉੱਤੇ ਬਾਕੀ ਸਖ਼ਸ਼ੀਅਤਾਂ ਨਾਲ ਖੜ੍ਹੇ ਹੋ ਜਾਂਦੇ ਹਨ। ਇਸ ਸਾਰੀ ਘਟਨਾਕ੍ਰਮ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਸਤਿਕਾਰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਉੱਚ ਪਦਵੀ ਨੂੰ ਸੱਟ ਮਾਰਨ ਦੀ ਮਨਸ਼ਾ ਨਾਲ ਵੀਡੀਓ ਅਗਾਂਹ ਪਿਛਾਂਹ ਐਡਿਟ ਕਰਕੇ ਗਲਤ ਰੰਗਤ ਦਿੱਤੀ ਗਈ, ਜਿਸ ਨੂੰ ਬਰਦਾਸਤ ਨਹੀਂ ਕੀਤਾ ਜਾ ਸਕਦਾ।
ਬਗੀਚਾ ਸਿੰਘ ਨੇ ਸਿੰਘ ਸਾਹਿਬ ਜੀ ਦੀ ਵੀਡੀਓ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੇ ਸੋਸ਼ਲ ਮੀਡੀਆ ਮੰਚਾਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਅਜਿਹੀਆਂ ਹਰਕਤਾਂ ਕਰਨ ਤੋਂ ਬਾਜ਼ ਆਉਣ ਅਤੇ ਆਪਣੇ ਮੰਚਾਂ ਉੱਤੇ ਪਾਈਆਂ ਗਲਤ ਵੀਡੀਓ ਆਦਿ ਨੂੰ ਹਟਾਉਣ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਕਿਸਮ ਦਾ ਵੀ ਗਲਤ ਪ੍ਰਾਪੇਗੰਡਾ ਨਹੀਂ ਕਰਨਾ ਚਾਹੀਦਾ, ਨਾ ਹੀ ਉਸ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਸੱਚ ਉੱਤੇ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਸ਼ਕਤੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨ ਦੀ ਮਨਸ਼ਾ ਨਾਲ ਸਿੱਖ ਸੰਗਤ ਦੇ ਮਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਤਿਕਾਰਤ ਸਿੰਘ ਸਾਹਿਬਾਨ ਪ੍ਰਤੀ ਦੁਵਿਧਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਿਨ੍ਹਾਂ ਪ੍ਰਤੀ ਸਮੁੱਚੇ ਖ਼ਾਲਸਾ ਪੰਥ ਤੇ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ।