ਜਾਣਕਾਰੀ ਅਨੁਸਾਰ ਪਾਕਿਸਤਾਨ ਦਾ ਸਕੂਰ ਬ੍ਰਿਜ਼, ਜੋ ਕਿ ਕੈਂਚੀ ਬ੍ਰਿਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪੁਲ਼ ਦੀ ਇਕ ਚਾਬੀ ਹੋਣ ਤੇ ਬਾਅਦ ’ਚ ਦਰਿਆ ਵਿਚ ਡਿੱਗ ਕੇ ਗੁੰਮ ਹੋ ਜਾਣ ਦੀ ਗੱਲ ਵੀ ਪ੍ਰਚੱਲਿਤ ਹੈ। ਇਸ ਦਾ ਨਿਰਮਾਣ ਅੰਗਰੇਜ਼ੀ ਸਾਮਰਾਜ ਸਮੇਂ 140 ਸਾਲ ਪਹਿਲਾਂ ਵੈਸਟਵੁੱਡ ਨਾਮ ਦੀ ਕੰਪਨੀ ਵੱਲੋਂ ਕੀਤਾ ਗਿਆ ਸੀ।

ਗੁਰਮੀਤ ਸੰਧੂ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਰਾਤਨ ਤੇ ਪ੍ਰਾਚੀਨ ਗੀਤ ‘ਗੱਡੀ ਆ ਗਈ ਮੈਦਾਨ ’ਤੇ ਹਾਏ ਜਮਾਲੋ’, ਜਿਸ ਨੂੰ ਚੜ੍ਹਦੇ ਪੰਜਾਬ ਦੇ ਗੋਲਡਨ ਸਟਾਰ ਪੰਜਾਬੀ ਲੋਕ ਗਾਇਕ ਮਲਕੀਤ ਵੱਲੋਂ “ਤੂਤੱਕ ਤੂਤੱਕ ਤੂਤੱਕ ਤੂਤੀਆਂ ਹਾਈ ਜਮਾਲੋ” ਦੇ ਸ਼ਬਦੀ ਬੋਲਾਂ ਰਾਹੀਂ ਗਾਇਆ ਗਿਆ ਸੀ ਜੋ ਕਿ ਆਪਣੇ ਸਮੇਂ ਕਾਫੀ ਮਸ਼ਹੂਰ ਤੇ ਮਕਬੂਲ ਵੀ ਹੋਇਆ ਸੀ। ਪਰ ਅਸਲ ’ਚ ਇਸ ਗੀਤ ਦਾ ਗੂੜਾ ਸਬੰਧ ਪਿਛੋਕੜ ਤੇ ਇਤਿਹਾਸ ਲਹਿੰਦੇ ਪੰਜਾਬ ਪਾਕਿਸਤਾਨ ਦੇ ਸਕੂਰ ਬ੍ਰਿਜ਼ (ਲੇਨਸ ਡਾਊਨ) ਨਾਲ ਹੈ ਜੋ ਕਿ ਬਿਨ੍ਹਾਂ ਕਿਸੇ ਕਾਲਮ, ਬੁਰਜ਼ ਤੇ ਸਪੋਰਟ ਦੇ ਅੱਜ ਵੀ ਚਾਲੂ ਤੇ ਚੰਗੀ ਹਾਲਤ ’ਚ ਖੜਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਪਾਕਿਸਤਾਨ ਦਾ ਸਕੂਰ ਬ੍ਰਿਜ਼, ਜੋ ਕਿ ਕੈਂਚੀ ਬ੍ਰਿਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਪੁਲ਼ ਦੀ ਇਕ ਚਾਬੀ ਹੋਣ ਤੇ ਬਾਅਦ ’ਚ ਦਰਿਆ ਵਿਚ ਡਿੱਗ ਕੇ ਗੁੰਮ ਹੋ ਜਾਣ ਦੀ ਗੱਲ ਵੀ ਪ੍ਰਚੱਲਿਤ ਹੈ। ਇਸ ਦਾ ਨਿਰਮਾਣ ਅੰਗਰੇਜ਼ੀ ਸਾਮਰਾਜ ਸਮੇਂ 140 ਸਾਲ ਪਹਿਲਾਂ ਵੈਸਟਵੁੱਡ ਨਾਮ ਦੀ ਕੰਪਨੀ ਵੱਲੋਂ ਕੀਤਾ ਗਿਆ ਸੀ। ਇਹ ਓਹੀ ਕੰਪਨੀ ਸੀ, ਜਿਸ ਨੇ ਸੰਨ 1880 ’ਚ ਅੱਟਕ ਦਰਿਆ ਦੇ ਉੱਪਰ ਪੁਲ਼ ਦਾ ਨਿਰਮਾਣ ਕੀਤਾ ਸੀ। ਸੰਨ 1872 ਤੋਂ ਲੈ ਕੇ 1882 ਤੱਕ ਉਸ ਸਮੇਂ ਦੀਆਂ ਕਈ ਦੇਸੀ-ਵਿਦੇਸ਼ੀ ਕੰਪਨੀਆਂ ਵੱਲੋਂ ਸਕੂਰ ਬ੍ਰਿਜ ਦੇ ਨਿਰਮਾਣ ਨੂੰ ਲੈ ਕੇ ਸਰਵੇਖਣ ਕੀਤੇ ਗਏ। ਇਸ ਇਕ ਦਹਾਕੇ ਦੇ ਅਰਸੇ ਦੌਰਾਨ ਸਮੁੱਚੀਆਂ ਕੰਪਨੀਆਂ ਨੇ ਇਹ ਕਹਿ ਕੇ ਪੁੱਲ ਨਿਰਮਾਣ ਤੋਂ ਕਿਨਾਰਾ ਕਰ ਲਿਆ ਕਿ ਇਸ ਜਗ੍ਹਾ ’ਤੇ ਪਾਣੀ ਦੀ ਗਹਿਰਾਈ ਅਤੇ ਵਹਾਅ ਬਹੁਤ ਤੇਜ਼ ਹੈ। ਇਸ ਲਈ ਇਹ ਅਸੰਭਵ ਹੀ ਨਹੀਂ ਬਲਕਿ ਨਾਮੁਮਕਿੰਨ ਵੀ ਹੈ। ਪਰ ਦੂਜੇ ਪਾਸੇ ਵੈਸਟਵੁੱਡ ਨਾਂ ਦੀ ਕੰਪਨੀ ਨੇ ਇਕ ਮਾਡਲ ਤਿਆਰ ਕਰ ਕੇ ਇਸ ਪੁਲ਼ ਨੂੰ ਬਣਾਉਣ ਅਤੇ ਇਸ ਉੱਪਰ ਸੜਕੀ ਆਵਾਜਾਈ ਦੇ ਨਾਲ-ਨਾਲ ਰੇਲਵੇ ਟ੍ਰੈਕ ਵਿਛਾ ਕੇ ਰੇਲਵੇ ਸੇਵਾਵਾਂ ਬਹਾਲ ਕਰਨ ਦਾ ਦਾਅਵਾ ਵੀ ਕੀਤਾ, ਜਿਸ ਨੂੰ ਅੰਗਰੇਜ਼ੀ ਹਕੂਮਤ ਵੱਲੋਂ ਮੰਨ ਲਿਆ ਗਿਆ। ਫਿਰ 11 ਜੁਲਾਈ 1884 ’ਚ ਵੈਸਟਵੁੱਡ ਨਾਂ ਦੀ ਇਸ ਅੰਗਰੇਜ਼ੀ ਕੰਪਨੀ ਵੱਲੋਂ ਇਸ ਦੇ ਨਿਰਮਾਣ ਕਾਰਜਾਂ ਨੂੰ ਅਮਲੀਜਾਮਾ ਪਹਿਨਾਉਣਾ ਸ਼ੁਰੂ ਕੀਤਾ ਤੇ ਆਪਣੇ ਵਾਅਦੇ ਮੁਤਾਬਕ ਬਿਨ੍ਹਾਂ ਕਿਸੇ ਸਪੋਰਟ, ਕਾਲਮ ਤੇ ਬੁਰਜ਼ ਦੇ ਹੈਰਾਨੀਜਨਕ ਤਕਨੀਕ ਨਾਲ 1989 ’ਚ ਤਿਆਰ ਕਰਕੇ ਲੋਕ ਅਰਪਣ ਕਰ ਦਿੱਤਾ। ਇੱਥੋਂ ਤੱਕ ਤਾਂ ਸਭ ਕੁਝ ਠੀਕ ਠਾਕ ਚੱਲਿਆ ਪਰ ਜਦੋਂ ਇਸ ਪੁੱਲ ਦੇ ਉੱਪਰੋਂ ਰੇਲ ਗੱਡੀ ਆਰ-ਪਾਰ ਕਰਨ ਦਾ ਵਿਚਾਰ-ਵਟਾਂਦਰਾ ਹੋਇਆ ਤਾਂ ਸੱਭ ਧਿਰਾਂ ਸੋਚਾਂ ’ਚ ਪੈ ਗਈਆਂ। ਫਿਰ ਇਸ ਤੋਂ ਬਾਅਦ ਫਾਂਸੀ ਦੀ ਸਜ਼ ਪ੍ਰਾਪਤ ਜਮਾਲੂਦੀਨ ਨਾਮ ਦੇ ਇਕ ਕੈਦੀ ਨੂੰ ਰੇਲ ਗੱਡੀ ਪਾਰ ਕਰਵਾ ਦੇਣ ਦੀ ਸੂਰਤ ’ਚ ਉਸ ਦੀ ਫਾਂਸੀ ਦੀ ਸਜ਼ਾ ਨੂੰ ਮਾਫ਼ ਕਰ ਦੇਣ ਦੀ ਪੇਸ਼ਕਸ਼ ਕੀਤੀ ਗਈ। ਜਿਸ ਨੂੰ ਜਮਾਲੂਦੀਨ ਵੱਲੋਂ ਬਿਨ੍ਹਾਂ ਸੋਚੇ ਸਮਝੇ ਸਵੀਕਾਰ ਕਰ ਲਿਆ ਗਿਆ ਤੇ ਫਿਰ ਉਸ ਤੋਂ ਬਾਅਦ ਅੰਗਰੇਜ਼ੀ ਰੇਲ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਕਈ ਮਹੀਨੇ ਬਕਾਇਦਾ ਰੇਲ ਗੱਡੀ ਚਲਾਉਣ ਦੀ ਟ੍ਰੇਨਿੰਗ ਦਿੱਤੀ ਗਈ। ਫਿਰ ਜਮਾਲੂਦੀਨ ਦੇ ਤਿਆਰ ਹੋ ਜਾਣ ਤੋਂ ਬਾਅਦ ਇਕ ਰੇਲ ਗੱਡੀ ਨੂੰ ਪੁਲ਼ ਦੇ ਉਸ ਪਾਰ ਲੈ ਕੇ ਜਾਣ ਦੀ ਸ਼ਰਤ ਨੂੰ ਅਮਲੀਜਾਮਾ ਪਹਿਨਾਉਣ ਦਾ ਦਿਨ ਮਿੱਥ ਦਿੱਤਾ ਗਿਆ। ਉਸ ਦਿਨ ਪੁਲ਼ ਦੇ ਦੋਵੇਂ ਪਾਸੇ ਜਨਤਾ ਦਾ ਵੱਡਾ ਜਮਾਵੜਾ ਜਮ੍ਹਾਂ ਹੋ ਗਿਆ, ਜਦਕਿ ਪੁਲ਼ ਦੇ ਦੂਸਰੇ ਪਾਸੇ ਜਮਾਲੂਦੀਨ ਦੀ ਪਤਨੀ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਖੜ੍ਹੇ ਸਨ। ਜਿਉਂ ਹੀ ਜਮਾਲੂਦੀਨ ਨੇ ਸਹੀ ਸਲਾਮਤ ਤੇ ਸੁਰੱਖਿਅਤ ਤਰੀਕੇ ਨਾਲ ਰੇਲ ਗੱਡੀ ਨੂੰ ਪੁਲ਼ ਦੇ ਉਸ ਪਾਰ ਕਰ ਦਿੱਤਾ। ਇਸ ’ਤੇ ਸਮੁੱਚੀ ਖਲਕਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਤਾੜੀਆਂ ਵਜਾ ਕੇ ਜਮਾਲੂਦੀਨ ਦੀ ਸ਼ੇਰ ਤੇ ਫ਼ਰਾਖਦਿਲੀ ਦਾ ਸਵਾਗਤ ਤੇ ਹੌਸਲਾ ਅਫਜਾਈ ਕੀਤੀ ਤੇ ਨਾਲ ਇਹ ਵੀ ਗਾਇਆ ਕਿ “ਗੱਡੀ ਆ ਗਈ ਮੈਦਾਨ ’ਤੇ ਹਾਏ ਜਮਾਲੋ” ਇਸ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਆਪਣੇ ਵਾਅਦੇ ਮੁਤਾਬਕ ਜ਼ਮਾਲੂਦੀਨ ਦੀ ਫਾਂਸੀ ਦੀ ਸਜ਼ਾ ਮਾਫ਼ ਕਰ ਕੇ ਰਿਹਾਅ ਕਰ ਦਿੱਤਾ। ਉਸ ਦੇ ਪਰਿਵਾਰਕ ਮੈਂਬਰਾਂ ਤੇ ਸਮੁੱਚੇ ਲੋਕਾਂ ਨੇ ਖੁਸ਼ੀ ਨਾਲ ਅੱਖਾਂ ਨਮ ਕਰਦੇ ਹੋਏ ਜਮਾਲੂਦੀਨ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ ਤੇ ਫਿਰ ਉਸ ਤੋਂ ਬਾਅਦ “ਗੱਡੀ ਆ ਗਈ ਮੈਦਾਨ ’ਤੇ ਹਾਏ ਜਮਾਲੋ” ਇਕ ਗੀਤ ਦੇ ਰੂਪ ’ਚ ਪ੍ਰਚੱਲਤ ਹੋ ਗਿਆ ਜੋ ਕਿ ਹੁਣ ਤੱਕ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਹਰ ਖੁਸ਼ੀ ਦੇ ਮੌਕੇ ਗਾਇਆ ਤੇ ਪ੍ਰਸਾਰਿਆ ਜਾਂਦਾ ਹੈ। ਗੀਤ ਸੰਗੀਤ ਨਾਲ ਜੁੜੇ ਨਾਮਵਰ ਬੈਂਡ ਵਾਲੇ ਵੀ ਪਹਿਲ ਦੇ ਆਧਾਰ ’ਤੇ ਇਸ ਗੀਤ ਦੀ ਧੁੰਨ ਵਜਾ ਕੇ ਸਭ ਦਾ ਮਨ ਪਰਚਾਉਂਦੇ ਹਨ।