ਨਸ਼ੇ ਨੇ ਖੇਡ ਮੈਦਾਨ ਤੋਂ ਪਹੁੰਚਾਇਆ ਸ਼ਮਸ਼ਾਨ, ਨਸ਼ਾ ਮੁਕਤੀ ਕੇਂਦਰ ਤੋਂ ਪਰਤਿਆ ਸੀ ਫੁੱਟਬਾਲ ਖਿਡਾਰੀ, ਓਵਰਡੋਜ਼ ਨੇ ਲਈ ਜਾਨ
ਪਰਿਵਾਰ ਅਨੁਸਾਰ ਅਕਾਸ਼ ਨੂੰ ਤਿੰਨ ਸਾਲ ਪਹਿਲਾਂ ਨਸ਼ੇ ਦੀ ਲਤ ਲੱਗੀ ਸੀ। ਪਹਿਲਾਂ ਉਹ ਸ਼ਰਾਬ ਪੀਣ ਲੱਗਾ ਤੇ ਹੌਲੀ-ਹੌਲੀ ਮੈਡੀਕਲ ਨਸ਼ੇ ਦਾ ਸੇਵਨ ਕਰਨ ਲੱਗ ਪਿਆ। ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ। ਅਕਾਸ਼ ਦੇ ਪਿਤਾ ਅਸ਼ੋਕ ਸੈਣੀ ਪੰਜਾਬ ਪੁਲਿਸ ਹੋਮ ਗਾਰਡ 'ਚ ਤਾਇਨਾਤ ਹਨ।
Publish Date: Sat, 14 Feb 2026 01:04 PM (IST)
Updated Date: Sat, 14 Feb 2026 01:42 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਥਾਣਾ ਇਸਲਾਮਾਬਾਦ ਅਧੀਨ ਪੈਂਦੇ ਕੋਟ ਖ਼ਾਲਸਾ ਇਲਾਕੇ ਦੇ ਰਹਿਣ ਵਾਲੇ ਅਕਾਸ਼ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਇਲਾਕੇ 'ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਪੁਲਿਸ ਇਸ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਸਾਬਤ ਹੋ ਰਹੀ ਹੈ।
26 ਸਾਲਾ ਅਕਾਸ਼ ਫੁੱਟਬਾਲ ਦਾ ਖਿਡਾਰੀ ਸੀ ਅਤੇ ਬੀਐੱਸਸੀ ਕਰ ਰਿਹਾ ਸੀ। ਪਰਿਵਾਰ ਅਨੁਸਾਰ ਅਕਾਸ਼ ਨੂੰ ਤਿੰਨ ਸਾਲ ਪਹਿਲਾਂ ਨਸ਼ੇ ਦੀ ਲਤ ਲੱਗੀ ਸੀ। ਪਹਿਲਾਂ ਉਹ ਸ਼ਰਾਬ ਪੀਣ ਲੱਗਾ ਤੇ ਹੌਲੀ-ਹੌਲੀ ਮੈਡੀਕਲ ਨਸ਼ੇ ਦਾ ਸੇਵਨ ਕਰਨ ਲੱਗ ਪਿਆ। ਉਸ ਨੂੰ ਦੋ ਵਾਰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ। ਅਕਾਸ਼ ਦੇ ਪਿਤਾ ਅਸ਼ੋਕ ਸੈਣੀ ਪੰਜਾਬ ਪੁਲਿਸ ਹੋਮ ਗਾਰਡ 'ਚ ਤਾਇਨਾਤ ਹਨ। ਉਨ੍ਹਾਂ ਦਸ ਦਿਨ ਪਹਿਲਾਂ ਆਪਣੇ ਪੁੱਤਰ ਨੂੰ ਨਸ਼ਾ ਮੁਕਤੀ ਕੇਂਦਰ ਚ ਦਾਖ਼ਲ ਕਰਵਾਇਆ ਸੀ ਅਤੇ ਸ਼ੁੱਕਰਵਾਰ ਦੁਪਹਿਰ ਨੂੰ ਹੀ ਉਸ ਨੂੰ ਘਰ ਲੈ ਕੇ ਆਏ ਸਨ।
ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ ਤੇ ਉੱਥੇ ਹੀ ਉਸ ਨੇ ਨਸ਼ੇ ਦਾ ਟੀਕਾ ਲਗਾ ਲਿਆ। ਘਟਨਾ ਤੋਂ ਬਾਅਦ ਉਸ ਦੇ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ। ਮੌਤ ਤੋਂ ਬਾਅਦ ਪੀੜਤ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਪੁਲਿਸ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਇਸਲਾਮਾਬਾਦ ਪੁਲਿਸ ਦੇ ਇੰਸਪੈਕਟਰ ਹਰਸੰਦੀਪ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾਵੇਗਾ। ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।