Emergency Landing : ਬਰਮਿੰਘਮ ਏਅਰਪੋਰਟ ਬੰਦ, 40 ਮਿੰਟ ਹਵਾ 'ਚ ਘੁੰਮਦਾ ਰਿਹਾ ਏਅਰ ਇੰਡੀਆ ਦਾ ਜਹਾਜ਼, ਫਿਊਲ ਐਮਰਜੈਂਸੀ ਕਾਰਨ ਕੀਤਾ ਲੰਡਨ ਡਾਇਵਰਟ
ਮਾਹਿਰਾਂ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਯੂਰਪ ਦੇ ਹਵਾਈ ਅੱਡਿਆਂ 'ਤੇ ਬਰਫ਼ਬਾਰੀ ਕਾਰਨ ਉਡਾਣਾਂ ਦਾ ਰੱਦ ਹੋਣਾ ਜਾਂ ਡਾਇਵਰਟ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦੇ ਬਾਵਜੂਦ ਪਾਇਲਟਾਂ ਅਤੇ ਏਅਰਲਾਈਨ ਸਟਾਫ ਦੀ ਮੁਸਤੈਦੀ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਟਾਲ ਦਿੱਤਾ।
Publish Date: Fri, 09 Jan 2026 03:30 PM (IST)
Updated Date: Fri, 09 Jan 2026 04:08 PM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ : ਏਅਰ ਇੰਡੀਆ ਦੀ ਬੋਇੰਗ 787-8 ਡ੍ਰੀਮਲਾਈਨਰ, ਜੋ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਉਡਾਣ ਭਰ ਰਹੀ ਸੀ, ਨੂੰ 8 ਜਨਵਰੀ 2026 ਦੀ ਸ਼ਾਮ ਨੂੰ ਤੇਲ (Fuel) ਦੀ ਘਾਟ ਕਾਰਨ ਜਨਰਲ ਐਮਰਜੈਂਸੀ ਐਲਾਣਨੀ ਪਈ। ਫਲਾਈਟ AI117 ਨੂੰ ਇਹ ਕਦਮ ਖਰਾਬ ਸਰਦੀ ਦੇ ਮੌਸਮ ਤੇ ਬਰਮਿੰਘਮ ਏਅਰਪੋਰਟ ਦੇ ਅਸਥਾਈ ਤੌਰ 'ਤੇ ਬੰਦ ਹੋਣ ਕਾਰਨ ਤਕਰੀਬਨ 40 ਮਿੰਟ ਹਵਾ 'ਚ ਰੁਕਣ ਤੋਂ ਬਾਅਦ ਡਾਇਵਰਟ ਕਰਨਾ ਪਿਆ।
ਜਾਣਕਾਰੀ ਅਨੁਸਾਰ, ਫਲਾਈਟ AI117 ਅੰਮ੍ਰਿਤਸਰ ਏਅਰਪੋਰਟ ਤੋਂ ਨਿਰਧਾਰਤ ਸਮੇਂ 'ਤੇ ਉਡਾਣ ਭਰ ਚੁੱਕੀ ਸੀ ਤੇ ਬਰਮਿੰਘਮ ਏਅਰਪੋਰਟ 'ਤੇ ਲੈਂਡਿੰਗ ਲਈ ਤਿਆਰ ਸੀ। ਪਰ ਜਹਾਜ਼ ਜਦੋਂ ਬਰਮਿੰਘਮ ਨੇੜੇ ਪਹੁੰਚਿਆ ਤਾਂ ਮੌਸਮ ਬਹੁਤ ਖਰਾਬ ਹੋ ਗਿਆ। ਭਾਰੀ ਬਰਫ਼ਬਾਰੀ ਤੇ ਘੱਟ ਵਿਜ਼ੀਬਿਲਟੀ (ਘੱਟ ਦਿਸਣਹੱਦ) ਕਾਰਨ ਏਅਰਪੋਰਟ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ। ਨਤੀਜੇ ਵਜੋਂ ਜਹਾਜ਼ ਨੂੰ ਕਈ ਵਾਰ ਹਵਾ ਵਿੱਚ ਹੀ 'ਹੋਲਡਿੰਗ ਪੈਟਰਨ' 'ਚ ਉੱਡਣਾ ਪਿਆ, ਜਿਸ ਨਾਲ ਤੇਲ ਦੀ ਖਪਤ ਵਧ ਗਈ।
ਸਥਿਤੀ ਨੂੰ ਕਾਬੂ 'ਚ ਰੱਖਦਿਆਂ ਜਨਰਲ ਐਮਰਜੈਂਸੀ ਐਲਾਨੀ ਗਈ
ਪਾਇਲਟਾਂ ਨੇ ਸਥਿਤੀ ਨੂੰ ਸੰਭਾਲਦਿਆਂ ਤੁਰੰਤ ਜਨਰਲ ਐਮਰਜੈਂਸੀ ਘੋਸ਼ਿਤ ਕੀਤੀ ਅਤੇ ਜਹਾਜ਼ ਨੂੰ ਲੰਡਨ ਹੀਥਰੋ ਏਅਰਪੋਰਟ ਵੱਲ ਡਾਇਵਰਟ ਕਰ ਦਿੱਤਾ। ਏਅਰਲਾਈਨ ਅਤੇ ਏਅਰ ਟ੍ਰੈਫਿਕ ਕੰਟਰੋਲ ਨੇ ਮਿਲ ਕੇ ਇਹ ਯਕੀਨੀ ਬਣਾਇਆ ਕਿ ਜਹਾਜ਼ ਸੁਰੱਖਿਅਤ ਰੂਪ ਵਿੱਚ ਹੀਥਰੋ ਵਿਖੇ ਉਤਰ ਜਾਵੇ। ਏਅਰ ਇੰਡੀਆ ਨੇ ਦੱਸਿਆ ਕਿ ਜਹਾਜ਼ ਵਿੱਚ 250 ਤੋਂ ਵੱਧ ਯਾਤਰੀ ਅਤੇ ਚਾਲਕ ਦਲ (ਕਰੂ) ਦੇ ਮੈਂਬਰ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ।
ਮਾਹਿਰਾਂ ਅਨੁਸਾਰ, ਸਰਦੀਆਂ ਦੇ ਮੌਸਮ 'ਚ ਯੂਰਪ ਦੇ ਹਵਾਈ ਅੱਡਿਆਂ 'ਤੇ ਬਰਫ਼ਬਾਰੀ ਕਾਰਨ ਉਡਾਣਾਂ ਦਾ ਰੱਦ ਹੋਣਾ ਜਾਂ ਡਾਇਵਰਟ ਹੋਣਾ ਇੱਕ ਆਮ ਸਮੱਸਿਆ ਹੈ। ਇਸ ਦੇ ਬਾਵਜੂਦ ਪਾਇਲਟਾਂ ਅਤੇ ਏਅਰਲਾਈਨ ਸਟਾਫ ਦੀ ਮੁਸਤੈਦੀ ਨੇ ਕਿਸੇ ਵੀ ਤਰ੍ਹਾਂ ਦੇ ਹਾਦਸੇ ਨੂੰ ਟਾਲ ਦਿੱਤਾ।
ਤਕਰੀਬਨ 40 ਮਿੰਟ ਹਵਾ 'ਚ ਘੁੰਮਦਾ ਰਿਹਾ ਜਹਾਜ਼
ਜਾਣਕਾਰੀ ਮੁਤਾਬਕ ਫਲਾਈਟ AI117 ਨੂੰ ਲਗਪਗ 40 ਮਿੰਟ ਤਕ ਹਵਾ 'ਚ ਇੰਤਜ਼ਾਰ ਕਰਨਾ ਪਿਆ। ਉਹ ਲਗਾਤਾਰ ਗੋਲ-ਗੋਲ ਚੱਕਰ ਕੱਟਦੀ ਰਹੀ। ਪਰ ਜਦੋਂ ਤੇਲ ਦਾ ਸੰਕਟ ਪੈਦਾ ਹੋਇਆ ਤਾਂ ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ ਗਈ ਅਤੇ ਫਿਰ ਇਸ ਨੂੰ ਲੰਡਨ ਹੀਥਰੋ ਏਅਰਪੋਰਟ ਵੱਲ ਮੋੜ ਦਿੱਤਾ ਗਿਆ।