ਧਾਲੀਵਾਲ ਨੇ ਸਰਹੱਦੀ ਖੇਤਰ ’ਚ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਦਾ ਮੁੱਦਾ ਵਿਧਾਨ ਸਭਾ ’ਚ ਚੁੱਕਿਆ, ਕਿਹਾ-ਦਰਿਆ ਬੁਰਦ ਹੋਈਆਂ ਜ਼ਮੀਨਾਂ ਦਾ ਵੀ ਦਿੱਤਾ ਜਾਵੇ ਮੁਆਵਜ਼ਾ
ਉਨ੍ਹਾਂ ਦੱਸਿਆ ਕਿ ਕੰਢਿਆਲੀ ਤਾਰ ਤੋਂ ਪਾਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਕਈ ਕਿਸਾਨ ਸੋਲਰ ਊਰਜਾ ਦੀ ਮਦਦ ਨਾਲ ਖੇਤੀ ਕਰਦੇ ਹਨ ਅਤੇ ਟਿਊਬਵੈੱਲ ਚਲਾਉਂਦੇ ਹਨ। ਹੜ੍ਹ ਕਾਰਨ ਕਈ ਕਿਸਾਨਾਂ ਦੇ ਸੋਲਰ ਸਿਸਟਮ ਵੀ ਰੁੜ ਗਏ ਹਨ, ਜਿਨ੍ਹਾਂ ‘ਤੇ ਕਿਸਾਨਾਂ ਨੇ ਤਿੰਨ ਤੋਂ ਚਾਰ ਲੱਖ ਰੁਪਏ ਦਾ ਖਰਚ ਆਇਆ ਸੀ
Publish Date: Thu, 12 Mar 2026 12:50 PM (IST)
Updated Date: Thu, 12 Mar 2026 01:39 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ, ਅਜਨਾਲਾ : ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਵਿਧਾਨ ਸਭਾ ਵਿਚ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਦੇ ਅਹਿਮ ਮੁੱਦੇ ਉਠਾਏ। ਸਰਕਾਰ ਦਾ ਧਿਆਨ ਦਿਵਾਉਂਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਰਿਆ ਰਾਵੀ ਦੇ ਕੰਢੇ ਨਾਲ ਲੱਗਦੇ ਕਈ ਪਿੰਡਾਂ ਵਿੱਚ ਹੜ੍ਹ ਆਉਣ ਕਾਰਨ ਬਿਜਲੀ ਦੀਆਂ ਲਾਈਨਾਂ, ਟਰਾਂਸਫਾਰਮਰ ਅਤੇ ਪੋਲ ਤੱਕ ਰੁੜ ਗਏ ਹਨ, ਜਿਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਧਾਲੀਵਾਲ ਨੇ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਮੁੜ ਬਿਜਲੀ ਪ੍ਰਣਾਲੀ ਬਹਾਲ ਕਰਨ ਲਈ ਵੱਧ ਫੰਡ ਮੁਹੱਈਆ ਕਰਵਾਏ ਜਾਣ ਤਾਂ ਜੋ ਪ੍ਰਭਾਵਿਤ ਪਿੰਡਾਂ ਵਿਚ ਜਲਦੀ ਬਿਜਲੀ ਸਪਲਾਈ ਹੱਲ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਕੰਢਿਆਲੀ ਤਾਰ ਤੋਂ ਪਾਰ ਭਾਰਤ ਪਾਕਿਸਤਾਨ ਸਰਹੱਦ ਨੇੜੇ ਕਈ ਕਿਸਾਨ ਸੋਲਰ ਊਰਜਾ ਦੀ ਮਦਦ ਨਾਲ ਖੇਤੀ ਕਰਦੇ ਹਨ ਅਤੇ ਟਿਊਬਵੈੱਲ ਚਲਾਉਂਦੇ ਹਨ। ਹੜ੍ਹ ਕਾਰਨ ਕਈ ਕਿਸਾਨਾਂ ਦੇ ਸੋਲਰ ਸਿਸਟਮ ਵੀ ਰੁੜ ਗਏ ਹਨ, ਜਿਨ੍ਹਾਂ ‘ਤੇ ਕਿਸਾਨਾਂ ਨੇ ਤਿੰਨ ਤੋਂ ਚਾਰ ਲੱਖ ਰੁਪਏ ਦਾ ਖਰਚ ਆਇਆ ਸੀ। ਉਨ੍ਹਾਂ ਵਿੱਤ ਮੰਤਰੀ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਕਿਸਾਨਾਂ ਨੂੰ ਵੀ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਮੁੜ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਵਿਧਾਇਕ ਧਾਲੀਵਾਲ ਨੇ ਇਕ ਹੋਰ ਮਹੱਤਵਪੂਰਨ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਦਰਿਆ ਬੁਰਦ ਹੋ ਜਾਣ ਵਾਲੀ ਜ਼ਮੀਨ ਲਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਇਸ ਲਈ ਇਸ ਜ਼ਮੀਨ ਦਾ ਵੀ ਯੋਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਸਬੰਧੀ ਕੋਈ ਠੋਸ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫਸਲਾਂ ਲਈ ਦਿੱਤਾ ਗਿਆ ਮੁਆਵਜ਼ਾ ਕਿਸਾਨਾਂ ਲਈ ਵੱਡੀ ਰਾਹਤ ਹੈ ਅਤੇ ਕਿਸਾਨ ਇਸ ਨਾਲ ਖੁਸ਼ ਹਨ। ਉਨਾਂ ਕਿਹਾ ਸਰਹੱਦੀ ਇਲਾਕਿਆਂ ਨਾਲ ਜੁੜੇ ਕੁਝ ਛੋਟੇ-ਛੋਟੇ ਮੁੱਦੇ ਹੱਲ ਹੋ ਜਾਣ ਤਾਂ ਇਲਾਕੇ ਦੇ ਕਿਸਾਨਾਂ ਨੂੰ ਹੋਰ ਵੀ ਵੱਡੀ ਰਾਹਤ ਮਿਲੇਗੀ। ਧਾਲੀਵਾਲ ਨੇ ਆਸ ਜਤਾਈ ਕਿ ਸਰਕਾਰ ਜਲਦੀ ਹੀ ਇਨ੍ਹਾਂ ਮਸਲਿਆਂ ਦਾ ਹੱਲ ਕਰੇਗੀ।