- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਸਮਝੌਤੇ ਵਿਚ ਪੀਟੀਸੀ ਨੇ ਕੁਝ ਵੀ ਵਾਧਾ ਨਾ ਕਰਕੇ ਸ਼੍ਰੋਮਣੀ ਕਮੇਟੀ ਨੂੰ ਪ੍ਰਸਾਰਣ ਲਈ ਸਾਦਾ ਲਿੰਕ ਦੇ ਦਿੱਤਾ ‘ਤੇ ਆਪਣਾ 2 ਕਰੋੜ ਰੁਪਏ ਸਾਲ ਦੀ ਬਚਤ ਕਰ ਲਈ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਪੀਟੀਸੀ ਨਾਲ ਨਵਾਂ ਸਮਝੌਤਾ ਕਰ ਕੇ ਪਹਿਲਾਂ ਤੋਂ ਮਿਲਦੀ 2 ਕਰੋੜ ਰੁਪਏ ਸਾਲਾਨਾ ਦੇ ਫੰਡ ਦੀ ਮੁੜ ਸਮਝੌਤਾ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ ਦੀ ਗੋਲਕ ਦਾ ਹੋ ਰਿਹਾ ਨੁਕਸਾਨ ਰੋਕਿਆ ਜਾ ਸਕੇ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਕਰ ਰਹੇ ਚੈਨਲ ਪੀਟੀਸੀ ਦਾ ਵਿਵਾਦ ਇਕ ਵਾਰ ਫਿਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਕਹਿ ਕੇ ਛੇੜ ਦਿੱਤਾ ਕਿ ਉਪਰੋਕਤ ਕੰਪਨੀ ਵੱਲ ਸ਼੍ਰੋਮਣੀ ਕਮੇਟੀ ਦਾ 7-8 ਕਰੋੜ ਰੁਪਏ ਬਕਾਇਆ ਨਿਕਲ ਰਿਹਾ ਹੈ। ਜਿਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ 23 ਜੁਲਾਈ 2023 ਨੂੰ ਉਪਰੋਕਤ ਕੰਪਨੀ ਨਾਲ ਪਿਛਲਾ ਸਮਝੌਤਾ ਖਤਮ ਹੋ ਗਿਆ ਸੀ ਅਤੇ ਅਗਾਂਹ ਉਸ ਸਮੇਂ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਮੁਤਾਬਿਕ ਹੀ ਪੀਟੀਸੀ ਚੈਨਲ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਆਪਣਾ ਯੂ-ਟਿਊਬ ਚੈਨਲ ਨੂੰ ਚਲਾਉਂਣ ਦੇ ਖਰਚ ਨੂੰ ਬਚਾਉਂਣ ਅਤੇ ਨਿਰਵਿਘਣ ਗੁਰਬਾਣੀ ਪ੍ਰਸਾਰਣ ਲਈ ਨਵੀਂ ਸਹਿਮਤੀ ਕਰਨੀ ਪਈ ਸੀ। ਦੱਸਣਯੋਗ ਹੈ ਕਿ ਇਹ ਕੌੜਾ ਸੱਚ ਹੈ ਕਿ ਭਾਵੇਂ ਸ਼੍ਰੋਮਣੀ ਕਮੇਟੀ ਦਾ ਪੀਟੀਸੀ ਵੱਲ ਕੋਈ ਬਕਾਇਆ ਨਹੀਂ, ਪਰ ਜੋ 2 ਕਰੋੜ ਰੁਪਏ ਸਲਾਨਾ ਗੁਰੂ ਦੀ ਗੋਲਕ ਵਿਚ ਆ ਰਿਹਾ ਸੀ ਉਹ ਕੁੱਝ ਸਾਲ ਤੋਂ ਘਾਟਾ ਪੈ ਰਿਹਾ ਹੈ ਅਤੇ ਜੋ ਤਕਰੀਬਨ 5 ਕਰੋੜ ਰੁਪਏ ਤੋਂ ਉਪਰ ਬਣਦਾ ਹੈ।
ਸ਼੍ਰੋਮਣੀ ਕਮੇਟੀ ਆਪਣਾ ਚੈਨਲ ਚਲਾਵੇ ਲੰਮੀ ਚੱਲੀ ਸਿਆਸਤ
ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ ਇਸ ਲਈ ਲੰਮੀਂ ਸਿਆਸਤ ਚੱਲੀ। ਜਿਸ ਵਿਚ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਈ ਪੱਤਰ ਲਿਖੇ ਗਏ। ਪੰਜਾਬੀ ਸਰਕਾਰ ਨੇ ਵੀ ਇਸ ਸਬੰਧੀ ਕਈ ਯਤਨ ਕੀਤੇ। 8 ਅਪ੍ਰੈਲ 2022 ਨੂੰ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਣ ਲਈ ਚੈਨਲ ਖੋਲ੍ਹਣ ਵਿਚ ਸਰਕਾਰ ਦੁਆਰਾ ਸਾਰਾ ਪੈਸਾ ਖਰਚਣ ਦੀ ਕੀਤੀ ਪੇਸ਼ਕਸ਼ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਖੋਲ੍ਹਣ ਵਿਚ ਪੇਸ਼ ਆਉਣ ਵਾਲੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਹੱਲ ਕਰ ਕੇ ਜਲਦ ਤੋਂ ਜਲਦ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਕੋਲੋਂ ਲੋੜੀਂਦੀ ਮਨਜ਼ੂਰੀ ਦਿਵਾਵੇ, ਤਾਂ ਜੋ ਗੁਰਬਾਣੀ ਕੀਰਤਨ ਲਈ ਆਪਣਾ ਚੈਨਲ ਹੋਣ ਦਾ ਸਿੱਖ ਕੌਮ ਦਾ ਚਿਰੋਕਣਾ ਸੁਪਨਾ ਜਲਦ ਪੂਰਾ ਕੀਤਾ ਜਾ ਸਕੇ। ਜਥੇਦਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਟੈਲੀਵਿਜ਼ਨ ਚੈਨਲ ਲਈ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਸਬੰਧੀ ਪੱਤਰ ਭੇਜ ਕੇ ਨਾਲ ਹੀ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਜਦੋਂ ਤੱਕ ਟੈਲੀਵਿਜ਼ਨ ਚੈਨਲ ਆਰੰਭ ਨਹੀਂ ਹੁੰਦਾ ਉਦੋਂ ਤੱਕ ਸ਼੍ਰੋਮਣੀ ਕਮੇਟੀ ਦਾ ਆਈਟੀ ਵਿੰਗ ਆਪਣਾ ਵੈੱਬ ਚੈਨਲ ਬਣਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਦਾ ਪ੍ਰਸਾਰਨ ਚਲਾਵੇ।
ਪੰਜਾਬ ਸਰਕਾਰ ਦੇ ਮੁਫਤ ਗੁਰਬਾਣੀ ਪ੍ਰਸਾਰਣ ਦੇ ਮਤੇ ਨੂੰ ਰਾਜਪਾਲ ਨੇ ਨਹੀਂ ਸੀ ਦਿੱਤੀ ਪ੍ਰਵਾਨਗੀ
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 20 ਜੂਨ 2023 ਨੂੰ ਵਿਸ਼ੇਸ਼ ਇਜਲਾਸ ਸੱਦ ਕੇ ਸਿੱਖ ਗੁਰਦੁਆਰਾ ਐਕਟ ‘ਚ ਸੋਧ ਕਰ ਕੇ ਧਾਰਾ 125 ਏ ਜੋੜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਗੁਰਬਾਣੀ ਪ੍ਰਸਾਰਣ ਕਰਨ ਦੇ ਸਾਰਿਆਂ ਨੂੰ ਅਧਿਕਾਰ ਦਾ ਮਤਾ ਪਾਇਆ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਨੇ 26 ਜੂਨ ਨੂੰ ਵਿਸ਼ੇਸ਼ ਇਜਲਾਸ ਸੱਦ ਕੇ ਰੱਦ ਕਰ ਦਿੱਤਾ ਸੀ। ਤਤਕਾਲੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਜਦੋਂ ਇਸ ਸੋਧ ਨੂੰ ਪ੍ਰਵਾਨਗੀ ਦੇਣ ਲਈ ਭੇਜਿਆ ਗਿਆ ਤਾਂ ਰਾਜਪਾਲ ਨੇ ਇਸ ਨੂੰ ਕਾਨੂੰਨ ਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਦੱਸ ਕੇ 17 ਜੁਲਾਈ 2023 ਨੂੰ ਇਸ ਬਿੱਲ ਨੂੰ ਪਾਸ ਨਹੀਂ ਕੀਤਾ।
ਸ਼੍ਰੋਮਣੀ ਕਮੇਟੀ ਨੂੰ ਆਪਣਾ ਸੈਟਾਲਾਈਟ ਚੈਨਲ ਸਥਾਪਤ ਕਰਨ ਲਈ ਆ ਰਹੀ ਅੜਚਣ
25 ਜੁਲਾਈ 2023 ਨੂੰ ਸ਼੍ਰੋਮਣੀ ਕਮੇਟੀ ਦੇ ਉੱਚ-ਪੱਧਰੀ ਵਫਦ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਸੈਟੇਲਾਈਟ ਚੈਨਲ ਸਥਾਪਤ ਕਰਨ ਲਈ ਪੱਤਰ ਸੌਂਪ ਕੇ ਤਤਕਾਲੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨਾਲ ਦਿੱਲੀ 'ਚ ਮੁਲਾਕਾਤ ਕੀਤੀ ਸੀ। ਇਸ ਵਫ਼ਦ 'ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਗੁਰਚਰਨ ਸਿੰਘ ਗਰੇਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਕੁਲਵੰਤ ਸਿੰਘ ਮੰਨਣ ਤੇ ਸਰਵਣ ਸਿੰਘ ਕੁਲਾਰ ਸ਼ਾਮਲ ਸਨ। ਸੂਚਨਾ ਤੇ ਪ੍ਰਸਾਰਣ ਵੱਲੋਂ ਇਸ ਦੇ ਜਵਾਬ ਵਿਚ ਕਿਸੇ ਵੀ ਧਾਰਮਿਕ ਤੇ ਧਰਮ ਅਦਾਰਿਤ ਸੰਸਥਾ ਨੂੰ ਚੈਨਣ ਦੀ ਪ੍ਰਵਾਨਗੀ ਦੇਣ ਦੀ ਯੋਜਨਾ ਦੇਸ਼ ਦੇ ਸਵਿਧਾਨ ਵਿਚ ਨਾ ਹੋਣ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਅੜਚਣ ਨੂੰ ਖਤਮ ਕਰਨਾ ਮੁਸ਼ਕਿਲ ਹੈ।
ਰੋਲੇ ’ਚ ਸਾਲਾਨਾ ਆਉਂਣ ਵਾਲੇ 2 ਕਰੋੜ ਰੁਪਏ ਗੁਰੂ ਦੀ ਗੋਲਕ ’ਚ ਨਹੀਂ ਆ ਰਹੇ : ਗਰੇਵਾਲ
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਦੋਂ ਇਸ ਵਿਵਾਦ 2023 ਵਿਚ ਸ਼ੁਰੂ ਹੋਇਆ ਸੀ, ਉਸ ਸਮੇਂ ਉਹ ਜਰਨਲ ਸਕੱਤਰ ਸਨ ਅਤੇ ਇਸ ਲਈ ਬਣਾਈ ਸਬ ਕਮੇਟੀ ਦੇ ਮੈਂਬਰ ਵੀ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰਾਂ ਵੱਲੋਂ ਹੋਏ ਆਦੇਸ਼ਾਂ ਦੀ ਪਾਲਣਾ ਕੀਤੀ ਹੈ। ਆਪਣਾ ਯੂਟਿਊਬ ਚੈਨਲ ਸ਼ੁਰੂ ਕੀਤਾ ਹੈ ਅਤੇ ਕੇਂਦਰ ਸਰਕਾਰ ਤੱਕ ਹਰ ਤਰ੍ਹਾਂ ਦੀ ਪਹੁੰਚ ਕਰ ਕੇ ਆਪਣਾ ਨਿਰੋਲ ਕੀਰਤਨ ਤੇ ਗੁਰਬਾਣੀ ਕਥਾ ਵਿਚਾਰ ਲਈ ਸੈਟਾਲਾਈਟ ਚੈਨਲ ਸ਼ੁਰੂ ਕਰਨ ਦੀ ਮਨਜ਼ੂਰੀ ਮੰਗੀ ਸੀ, ਪਰ ਸੇਸ਼ ਦੇ ਸੰਵਿਧਾਨ ਵਿਚ ਕਿਸੇ ਵੀ ਧਰਮ ਦੀ ਧਾਰਮਿਕ ਸੰਸਥਾ ਨੂੰ ਚੈਨਲ ਦੀ ਮਨਜ਼ੂਰੀ ਨੇ ਅੜਚਣ ਪੈਦਾ ਕਰ ਦਿੱਤੀ। ਸ਼੍ਰੋਮਣੀ ਕਮੇਟੀ ਅੱਜ ਵੀ ਆਪਣਾ ਚੈਨਲ ਸਥਾਪਤ ਕਰਨ ਲਈ ਤਿਆਰ ਹੈ ਅਤੇ ਭਵਿੱਖ ਵਿਚ ਵੀ ਯਤਨ ਜਾਰੀ ਰਹਿਣਗੇ। ਆਪਣਾ ਯੂਟਿਊਬ ਚੈਨਲ ‘ਤੇ ਹੋਣ ਵਾਲੇ ਹਰ ਮਹੀਨੇ 15 ਲੱਖ ਦੇ ਕਰੀਬ ਖਰਚ ਨੂੰ ਬਣਾਉਂਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਕਿ ਕਿਸੇ ਚੈਨਲ ਤੋਂ ਵੀ ਪ੍ਰਸਾਰਣ ਜਾਰੀ ਰੱਖਿਆ ਜਾਵੇ, ਇਸ ਲਈ ਪੀਟੀਸੀ ਦੇ ਕੰਮ ਨੂੰ ਦੇਖ ਕੇ ਹੀ ਅਗਾਂਹ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਸੀ। ਪਰ ਅਫਸੋਸ ਹੈ ਕਿ ਇਸ ਰੋਲੇ ਵਿਚ ਸਾਲਾਨਾ ਆਉਂਣ ਵਾਲੇ 2 ਕਰੋੜ ਰੁਪਏ ਗੁਰੂ ਦੀ ਗੋਲਕ ਵਿਚ ਨਹੀਂ ਆ ਰਹੇ।
ਕਿਵੇਂ ਹੁੰਦਾ ਪ੍ਰਸਾਰਣ, ਕਿਵੇਂ ਖਰਚ ਵੀ ਨਾ ਹੋਵੇ ਤੇ ਕਮਾਈ ਵੀ ਆਵੇ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਲਾਈਵ ਪ੍ਰਸਾਰਣ ਕਰਦਿਆਂ ਪੀਟੀਸੀ ਚੈਨਲ ਨੂੰ ਦੋ ਦਹਾਕਿਆ ਦਾ ਸਮਾਂ ਹੋ ਰਿਹਾ ਹੈ। ਇਸ ਸਮੇਂ ਵਿਚ ਵਿਸ਼ਵ ਭਰ ਦੇ ਸਿੱਖਾਂ ‘ਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਪ੍ਰਸਾਰਣ ਦਿਖਾਉਂਣ ਲਈ ਇਕ ਵੱਡਾ ਨੈੱਟਵਰਕ ਸਥਾਪਿਤ ਕੀਤੀ ਹੈ ਜੋ ਦਹਾਕਿਆਂ ਦੀ ਹੀ ਮਿਹਨਤ ਹੈ। ਸ਼੍ਰੋਮਣੀ ਕਮੇਟੀ ਨੂੰ ਫੰਡ ਲਈ ਨਾ ਮਾਤਰ ਦਸਵੰਦ ਤੋਂ ਸ਼ੁਰੂ ਹੋ ਕੇ 23 ਜੁਲਾਈ 2023 ਤੱਕ 2 ਕਰੋੜ ਰੁਪਏ ਤੋਂ ਵੱਧ ਹਰ ਸਾਲ ਪੀਟੀਸੀ ਦਿੰਦਾ ਆ ਰਿਹਾ ਸੀ। ਜੇਕਰ ਪੀਟੀਸੀ ਨਾਲ ਸ਼੍ਰੋਮਣੀ ਕਮੇਟੀ ਸਮਝੌਤਾ ਖਤਮ ਕਰਕੇ ਆਪਣਾ ਲਾਈਵ ਪ੍ਰਸਾਰਣ ਕਰਦੀ ਤਾਂ ਸ਼੍ਰੋਮਣੀ ਕਮੇਟੀ ਅਨੁਸਾਰ 15 ਲੱਖ ਰੁਪਏ ਹਰ ਮਹੀਨੇ ਯੂਟਿਊਬ ਤੇ ਪ੍ਰਸਾਰਣ ਲਈ ਖਰਚ ਆਉਂਣਾ ਸੀ, ਜਿਸ ਲਈ ਸਾਰੇ ਸਿਸਟਮ ਕੈਮਰੇ, ਕੰਟਰੋਲ ਰੂਮ, ਸਟਾਫ ਅਤੇ ਟ੍ਰਾਂਸਮਿਸ਼ਨ ਵੀ ਨਵਾਂ ਲਗਾਉਂਣਾ ਪੈਣਾ ਸੀ। ਪਰ ਸ਼੍ਰੋਮਣੀ ਕਮੇਟੀ ਨੇ ਇਸ ਖਰਚ ਨੂੰ ਬਚਾਉਂਣ ਲਈ ਪੀਟੀਸੀ ਨਾਲ ਨਵਾਂ ਸਮਝੌਤਾ ਕਰ ਲਿਆ ਕਿ ਸਾਡਾ ਯੂਟਿਊਬ ਚੈਨਲ ਮੁਫਤ ਚਲਾ ਦਿਓ ਨਾ ਪੈਸਾ ਦਿਓ ਨਾ ਪੈਸਾ ਲਿਓ। ਜਿਸ ਸਮਝੌਤੇ ਵਿਚ ਪੀਟੀਸੀ ਨੇ ਕੁਝ ਵੀ ਵਾਧਾ ਨਾ ਕਰਕੇ ਸ਼੍ਰੋਮਣੀ ਕਮੇਟੀ ਨੂੰ ਪ੍ਰਸਾਰਣ ਲਈ ਸਾਦਾ ਲਿੰਕ ਦੇ ਦਿੱਤਾ ‘ਤੇ ਆਪਣਾ 2 ਕਰੋੜ ਰੁਪਏ ਸਾਲ ਦੀ ਬਚਤ ਕਰ ਲਈ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਪੀਟੀਸੀ ਨਾਲ ਨਵਾਂ ਸਮਝੌਤਾ ਕਰ ਕੇ ਪਹਿਲਾਂ ਤੋਂ ਮਿਲਦੀ 2 ਕਰੋੜ ਰੁਪਏ ਸਾਲਾਨਾ ਦੇ ਫੰਡ ਦੀ ਮੁੜ ਸਮਝੌਤਾ ਕਰਨਾ ਚਾਹੀਦਾ ਹੈ ਤਾਂ ਜੋ ਗੁਰੂ ਦੀ ਗੋਲਕ ਦਾ ਹੋ ਰਿਹਾ ਨੁਕਸਾਨ ਰੋਕਿਆ ਜਾ ਸਕੇ।