ਘੱਲੂਘਾਰਾ ਦੀ 42ਵੀਂ ਵਰੇਗੰਢ ਸਮਾਗਮ 'ਚ ਜਥੇਦਾਰ ਗੜਗੱਜ ਨੇ ਕੌਮ ਦੇ ਨਾਂ ਦਿੱਤਾ ਸੰਦੇਸ਼, ਕਿਹਾ-ਸਿੱਖ ਕੌਮ ਕਿਸੇ ਵੀ ਕਾਨੂੰਨ ਦੀ ਗੁਲਾਮ ਨਹੀਂ
ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਅਤੇ ਇਹ ਕਿਸੇ ਵੀ ਕਾਨੂੰਨ ਦੀ ਗੁਲਾਮ ਨਾ ਤਾਂ ਹੈ ਅਤੇ ਨਾ ਹੀ ਬਣੇਗੀ ।
Publish Date: Sat, 06 Jun 2026 08:52 AM (IST)
Updated Date: Sat, 06 Jun 2026 08:54 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਘੱਲੂਘਾਰਾ ਦੀ 42ਵੀਂ ਵਰੇਗੰਢ ਮਨਾਉਂਦੇ ਹੋਏ ਕੌਮ ਦੇ ਨਾਮ ਸੰਦੇਸ਼ ਦਿੱਤਾ । ਉਹਨਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਹੀ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ ਅਤੇ ਇਹ ਕਿਸੇ ਵੀ ਕਾਨੂੰਨ ਦੀ ਗੁਲਾਮ ਨਾ ਤਾਂ ਹੈ ਅਤੇ ਨਾ ਹੀ ਬਣੇਗੀ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਕਾਨੂੰਨ ਸਬੰਧੀ ਉਹਨਾਂ ਨੇ ਕਿਹਾ ਕਿ ਸਰਕਾਰ ਗੁਰਦੁਆਰਿਆਂ ਤੇ ਆਪਣੇ ਕਬਜ਼ਿਆਂ ਨੂੰ ਲੈ ਕੇ ਇਹ ਕਾਨੂੰਨ ਸਿੱਖਾਂ ਤੇ ਜ਼ਬਰਦਸਤੀ ਥੋਪ ਰਹੀ ਹੈ, ਜਿਸ ਨੂੰ ਕੌਮ ਕਦੀ ਵੀ ਪ੍ਰਵਾਨ ਨਹੀਂ ਕਰੇਗੀ । ਉਹਨਾਂ ਕਿਹਾ ਕਿ ਅਗਲੇ ਸਾਲ ਅੰਮ੍ਰਿਤਸਰ ਦਾ 450 ਸਾਲਾ ਸ਼ਤਾਬਦੀ ਦਿਹਾੜਾ ਆ ਰਿਹਾ ਹੈ ਇਸ ਨੂੰ ਕੌਮ ਰਲ ਮਿਲ ਕੇ ਮਨਾਵੇ। ਉਹਨਾਂ ਕਿਹਾ ਕਿ ਸਰਕਾਰਾਂ ਜੇਕਰ ਚਾਹੁੰਦੀਆਂ ਹਨ ਕਿ ਉਹ ਅੰਮ੍ਰਿਤਸਰ ਲਈ ਕੁਝ ਕਰਨ ਤਾਂ ਸ਼ਤਾਬਦੀ ਤੋਂ ਪਹਿਲਾਂ ਅੰਮ੍ਰਿਤਸਰ ਨੂੰ ਸਾਫ-ਸੁਥਰਾ ਬਣਾਇਆ ਜਾਵੇ । ਜਥੇਦਾਰ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਪਛਾਣ ਨੂੰ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸਿੱਖਾਂ ਵਿਰੁੱਧ ਦੁਨੀਆ ਭਰ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਕਕਾਰਾਂ 'ਤੇ ਹਮਲੇ ਹੋ ਰਹੇ ਹਨ ਅਤੇ ਹਿਮਾਚਲ ਵਰਗੇ ਸੂਬਿਆਂ ਵਿੱਚ ਸਿੱਖਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ ਜੋ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਇਸ ਮੁਲਕ ਵਿੱਚ ਕਿਹਾ ਜਾ ਰਿਹਾ ਹੈ । ਜਦ ਕਿ ਸਿੱਖਾਂ ਨੇ ਸਰਬੱਤ ਦੇ ਭਲੇ ਰਾਹੀਂ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਕੁਝ ਕਾਰਨਾਂ ਨੂੰ ਲੈ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਦੁਨੀਆਂ ਭਰ ਦੇ ਸਿੱਖਾਂ ਨੂੰ ਕਿਹਾ ਕਿ ਪੰਜਾਬ ਸਾਡਾ ਹੋਮਲੈਂਡ ਹੈ ਇਸ ਹੋਮਲੈਂਡ ਤੇ ਵਾਪਸ ਪਰਤੀਏ ਆਪਣੇ ਨੌਜਵਾਨ ਬੱਚਿਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਈਏ ਅਤੇ ਸਿੱਖਾਂ ਦੇ ਸ਼ਾਨਾਂਮਤਾ ਇਤਿਹਾਸ ਤੋਂ ਜਾਣੂ ਕਰਵਾਈਏ। ਉਹਨਾਂ ਪੰਜਾਬੀਆਂ ਨੂੰ ਕਿਹਾ ਕਿ ਉਹ ਪੰਜਾਬ ਵਿੱਚ ਆਪਣੀਆਂ ਜਮੀਨਾਂ ਨੂੰ ਨਾ ਵੇਚਣ ਅਤੇ ਇਸ ਦੀ ਸੰਭਾਲ ਕਰਨ । ਉਹਨਾਂ ਕਿਹਾ ਕਿ ਸਮੇਂ ਦੀਆਂ ਹਕੂਮਤਾਂ ਸਿੱਖਾਂ ਤੇ ਕਾਲੇ ਕਾਨੂੰਨ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚਦੀਆ ਹਨ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇ। ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।