ਇਨ੍ਹਾਂ ਨੇ 2 ਦਸੰਬਰ 2024 ਨੂੰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੁਕਮਨਾਮੇ ਦਾ ਹਵਾਲਾ ਦੇ ਕੇ ਪਾਰਟੀ ਬਣਾਉਂਣ ਲਈ ਇਹ ਭਰਤੀ ਸ਼ੁਰੂ ਕੀਤੀ ਗਈ ਸੀ। ਭਰਤੀ ਹੋਣ ਤੋਂ ਬਾਅਦ ਇਸ ਕਮੇਟੀ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪੰਜਾਬ ਤੇ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਤੋਂ 15 ਲੱਖ ਮੈਂਬਰਾਂ ਦੀ ਭਰਤੀ ਕੀਤੀ ਹੈ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਕੁਝ ਟਕਸਾਲੀ ਆਗੂਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 18 ਮਾਰਚ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੈਂਬਰਸ਼ਿਪ ਭਰਤੀ ਸ਼ੁਰੂ ਕੀਤੀ ਸੀ। ਅਕਾਲੀ ਦਲ ਪੁਨਰ ਸੁਰਜੀਤ ਦਾ ਭਾਵੇਂ ਇਕ ਸਾਲ ਪੂਰਾ ਹੋ ਗਿਆ ਹੈ ਪਰ ਸਾਲ ਬੀਤਣ ’ਤੇ ਵੀ ਜਥੇਬੰਦਕ ਢਾਚੇ ਮੁਕੰਮਲ ਨਹੀਂ ਹੋ ਸਕੇ ਅਤੇ ਨਾ ਕਈ ਸੀਨੀਅਰ ਆਗੂਆਂ ਨੂੰ ਪਾਰਟੀ ਵਿਚ ਅਹੁਦੇ ਮਿਲੇ ਹਨ। ਇਨ੍ਹਾਂ ਨੇ 2 ਦਸੰਬਰ 2024 ਨੂੰ ਹੋਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਸਬੰਧੀ ਹੁਕਮਨਾਮੇ ਦਾ ਹਵਾਲਾ ਦੇ ਕੇ ਪਾਰਟੀ ਬਣਾਉਂਣ ਲਈ ਇਹ ਭਰਤੀ ਸ਼ੁਰੂ ਕੀਤੀ ਗਈ ਸੀ। ਭਰਤੀ ਹੋਣ ਤੋਂ ਬਾਅਦ ਇਸ ਕਮੇਟੀ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪੰਜਾਬ ਤੇ ਹੋਰਨਾਂ ਸੂਬਿਆਂ ਤੇ ਵਿਦੇਸ਼ਾਂ ਤੋਂ 15 ਲੱਖ ਮੈਂਬਰਾਂ ਦੀ ਭਰਤੀ ਕੀਤੀ ਹੈ। ਜਿਸ ਤੋਂ ਬਾਅਦ ਡੈਲੀਗੇਟ ਤਿਆਰ ਹੋਏ ਅਤੇ ਡੈਲੀਗੇਟਾਂ ਵੱਲੋਂ ਪ੍ਰਧਾਨ ਚੁਣਨ ਲਈ 11 ਅਗਸਤ 2025 ਨੂੰ ਗੁਰਦੁਆਰਾ ਬੁਰਜ ਬਾਬਾ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਚ ਜਨਰਲ ਇਜਲਾਸ ਰੱਖਿਆ ਗਿਆ। ਜਿਸ ਵਿਚ ਸਰਬਸੰਮਤੀ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਚੁਣਨ ਤੋਂ ਬਾਅਦ ਜਿੱਥੇ ਵੱਖ-ਵੱਖ ਕਮੇਟੀਆਂ, ਜਥੇਬੰਦਕ ਢਾਂਚੇ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਅੁਹਦੇ ਦੇਣ ਦੀ ਪ੍ਰਕਿਰਿਆ ਸ਼ੁਰੂ ਹੋਈ, ਜੋ ਅੱਜ ਵੀ ਲਗਾਤਾਰ ਜਾਰੀ ਹੈ ਅਤੇ ਮੰਗਲਵਾਰ ਨੂੰ ਵੀ ਜਿੱਥੇ ਪਾਰਟੀ ਦੀ ਪ੍ਰਕਿਰਿਆ ਨੂੰ ਸ਼ੁਰੂ ਹੋਇਆ ਇੱਕ ਸਾਲ ਦਾ ਸਮਾਂ ਬੀਤਣ ‘ਤੇ ਵੀ ਇਹ ਪਾਰਟੀ ਮਾਨਤਾ ਪ੍ਰਾਪਤ ਨਾ ਹੋ ਕੇ ਰਹਿ ਗਈ ਹੈ ਕਿਉਂਕਿ ਇਸ ਪਾਰਟੀ ਨੇ ਹੁਣ ਤੱਕ ਆਪਣੀ ਰਜਿਸਟ੍ਰੇਸ਼ਨ ਵੀ ਮੁਕੰਮਲ ਨਹੀਂ ਕੀਤੀ। ਇਸ ਦੇ ਨਾਲ ਹੀ ਜਥੇਬੰਦਕ ਢਾਂਚੇ ਅਧੂਰੇ ਹਨ ਤੇ ਕਈ ਸੀਨੀਅਰ ਆਗੂਆਂ ਨੂੰ ਨੁਮਾਇੰਦਗੀ ਵੀ ਨਹੀਂ ਮਿਲ ਸਕੀ। ਇਸ ਤੋਂ ਇਲਾਵਾ ਕਈ ਸੀਨੀਅਰ ਆਗੂ ਪਾਰਟੀ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ ਤੇ ਕਈ ਇਸ ਪਾਰਟੀ ਨੂੰ ਛੱਡਣ ਲਈ ਤਿਆਰ ਨਜ਼ਰ ਆ ਰਹੇ ਹਨ। ਆਉਂਣ ਵਾਲੇ ਸਮੇਂ ਵਿਚ ਇਸ ਪਾਰਟੀ ਦਾ ਕੀ ਭਵਿੱਖ ਹੋਵੇਗਾ ਇਹ ਪਾਰਟੀ ਦੀ ਅਗਲੀ ਰਣਨੀਤੀ ਤੈਅ ਕਰੇਗੀ। ਇਸ ਸਬੰਧੀ ਪਾਰਟੀ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਰਜਿਸ਼ਟ੍ਰੇਸ਼ਨ ਕਰਵਾਉਂਣ ਲਈ ਸਾਰੀ ਪ੍ਰਕਿਰਆ ਪਿਛਲੇ ਦਿਨੀਂ ਪੂਰੀ ਕਰ ਲਈ ਹੈ ਤੇ ਆਉਂਣ ਵਾਲੇ ਦਿਨਾਂ ਵਿਚ ਚੋਣ ਨਿਸ਼ਾਨ ਵੀ ਜਾਰੀ ਹੋ ਜਾਵੇਗਾ, ਹੋ ਸਕਦਾ ਹੈ ਕਿ ਸਾਨੂੰ ਤੱਕੜੀ ਚੋਣ ਨਿਸ਼ਾਨ ਮਿਲ ਜਾਵੇ, ਜੋ ਇਕ ਵਿਵਾਦ ਪੈਦਾ ਕਰ ਸਕਦਾ ਹੈ।
ਜਥੇਬੰਦਕ ਢਾਂਚੇ ਮੁਕੰਮਲ ਨਾ ਹੋਣ ‘ਤੇ ਪੀਰਮੁਹੰਮਦ ਨੇ ਕਿਹਾ ਕਿ ਤਿੰਨ ਜ਼ਿਲ੍ਹਿਆਂ ਤੋਂ ਇਲਾਵਾ ਸਾਰੇ ਪ੍ਰਧਾਨ ਨਿਯੁਕਤ ਕੀਤੇ ਜਾ ਚੁੱਕੇ ਹਨ ਅਤੇ ਨਵੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਗਿਆਨੀ ਹਰਪ੍ਰੀਤ ਸਿੰਘ ਤੋਂ ਨਰਾਜ਼ ਚੱਲ ਰਹੇ ਆਗੂਆਂ ਅਤੇ ਜਿਨ੍ਹਾਂ ਆਗੂਆਂ ਨੂੰ ਨੁਮਾਇੰਦਗੀ ਨਹੀਂ ਮਿਲੀ ਉਨ੍ਹਾਂ ਕਿਹਾ ਕਿ ਸਾਰੇ ਆਗੂਆਂ ਨੂੰ ਜਲਦ ਨੁਮਾਇੰਦਗੀ ਮਿਲੇਗੀ ਅਤੇ ਜਲਦ ਸਾਰੇ ਇਕ ਮੰਚ ‘ਤੇ ਇਕੱਠੇ ਨਜ਼ਰ ਆਉਂਣਗੇ। ਇਸ ਤੋਂ ਇਲਾਵਾਂ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਮਿਲਾਇਆ ਜਾਵੇਗਾ।