ਅੰਮ੍ਰਿਤਸਰ 'ਚ ਅਣਖ ਖਾਤਰ ਧੀ ਦਾ ਕਤਲ ਕਰਨ ਵਾਲਾ ਮੁਲਜ਼ਮ ਪਿਤਾ ਗ੍ਰਿਫ਼਼ਤਾਰ,ਮਿਲਿਆ ਇਕ ਦਿਨ ਦਾ ਰਿਮਾਂਡ
ਜ਼ਿਕਰਯੋਗ ਹੈ ਕਿ ਮੁਲਜ਼ਮ ਬਾਊ ਨੇ ਧੀ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਮੁੱਛਲ ਵਿਚ ਘੁਮਾਇਆ ਸੀ। ਉਸ ਦੇ ਗੁੱਸੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਧੀ ਇਕ ਦਿਨ ਲਈ ਬਿਨਾਂ ਦੱਸੇ ਘਰੋਂ ਚਲੀ ਗਈ ਸੀ।
Publish Date: Sat, 12 Aug 2023 08:30 AM (IST)
Updated Date: Sat, 12 Aug 2023 08:39 AM (IST)
ਤਰਲੋਚਨ ਸਿੰਘ ਜੋਧਾਨਗਰੀ, ਟਾਂਗਰਾ : ਬੀਤੀ ਰਾਤ ਇੱਥੋਂ ਨੇੜਲੇ ਪਿੰਡ ਮੁੱਛਲ ਵਿਚ ਵੀਰਵਾਰ ਨੂੰ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ 16 ਸਾਲਾ ਧੀ ਦਾ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਦਲਬੀਰ ਸਿੰਘ ਬਾਊ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਬਾਊ ਨੇ ਧੀ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਕੇ ਪਿੰਡ ਮੁੱਛਲ ਵਿਚ ਘੁਮਾਇਆ ਸੀ। ਉਸ ਦੇ ਗੁੱਸੇ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਧੀ ਇਕ ਦਿਨ ਲਈ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਕਤਲ ਪਿੱਛੋਂ ਮੁਲਜ਼ਮ ਆਪਣੀ ਧੀ ਦੀ ਲਾਸ਼ ਨੂੰ ਘਰੋਂ ਕਰੀਬ 500 ਮੀਟਰ ਦੂਰ ਰੇਲਵੇ ਕਰਾਸਿੰਗ ’ਤੇ ਲੈ ਗਿਆ ਸੀ ਤੇ ਉਸ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਇਸ ਕੇਸ ਬਾਰੇ ਐੱਸਐੱਚਓ ਅਵਤਾਰ ਸਿੰਘ ਥਾਣਾ ਤਰਸਿੱਕਾ ਨੇ ਦੱਸਿਆ ਕਿ ਮੁਲਜ਼ਮ ਦਲਬੀਰ ਸਿੰਘ ਬਾਊ ਨੂੰ ਜੱਦੋਜਹਿਦ ਤੋਂ ਬਾਅਦ ਪੁਲਿਸ ਪਾਰਟੀ ਨੇ ਪਿੰਡ ਡੇਹਰੀਵਾਲ ਤੋਂ ਗ੍ਰਿਫਤਾਰ ਕੀਤਾ ਹੈ। ਇਸ ਮੁਲਜ਼ਮ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰ ਵਿਚ ਕੈਦ ਕਰ ਲਿਆ ਸੀ ਤੇ ਉਨ੍ਹਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਹ ਸਾਰੇ ਡਰ ਕਾਰਨ ਘਰੋਂ ਬਾਹਰ ਨਹੀਂ ਨਿਕਲ ਸਕੇ। ਪਿੰਡ ਦੇ ਇਕ ਵਸਨੀਕ ਨੇ ਦੱਸਿਆ ਹੈ ਕਿ ਮੁਲਜ਼ਮ ਗੁੱਸਾਖੋਰ ਸੁਭਾਅ ਦਾ ਹੈ ਤੇ ਇਸ ਤੋਂ ਪਹਿਲਾਂ ਵੀ ਪਰਿਵਾਰ ਦੇ ਮੈਂਬਰਾਂ ’ਤੇ ਸਖ਼ਤੀ ਕਰਦਾ ਰਿਹਾ ਹੈ।
ਪੁਲਿਸ ਨੇ ਦੱਸਿਆ ਹੈ ਕਿ ਮੁਲਜ਼ਮ ਦੀਆਂ ਚਾਰ ਧੀਆਂ ਸਮੇਤ ਕੁੱਲ ਪੰਜ ਬੱਚੇ ਹਨ। ਕਤਲ ਕੀਤੀ ਕੁੜੀ ਉਸ ਤੀਜੀ ਧੀ ਸੀ। ਵਾਰਦਾਤ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਕੁੜੀ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੋਈ ਸੀ। ਮੁਲਜ਼ਮ ਬਾਊ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੇ ਅਦਾਲਤ ਨੇ ਇਕ ਦਿਨ ਦੇ ਰਿਮਾਂਡ ’ਤੇ ਮੁਲਜ਼ਮ ਪੁਲਿਸ ਨੂੰ ਸੌਂਪ ਦਿੱਤਾ ਹੈ।