ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਸਬੰਧੀ ਸੱਤ ਮੈਂਬਰੀ ਪੜਤਾਲੀਆ ਕਮੇਟੀ ਦੀ ਹੋਈ ਇੱਕਤਰਤਾ, ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਪੜਤਾਲ
ਇਸ ਤੋਂ ਬਾਅਦ 19 ਫਰਵਰੀ 2026 ਨੂੰ ਮੁਲਜ਼ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ, ਉੱਥੇ ਵੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਅਮਨਬੀਰ ਸਿੰਘ ਸਿਆਲੀ ਨੇ ਤੱਥਾਂ ਦੇ ਅਧਾਰ ਤੇ ਜ਼ਮਾਨਤ ਰੱਦ ਕਰਵਾ ਦਿੱਤੀ। ਇਸ ਕੇਸ ਵਿਚ ਸੰਸਥਾ ਪ੍ਰਸ਼ਾਸਨ ਨਾਲ ਪੂਰਾ ਰਾਬਤਾ ਬਣਾ ਕੇ ਰੱਖ ਰਹੀ ਹੈ ਤੇ ਕੇਸ ਦੀ ਪੈਰਵਾਈ ਕਰ ਰਹੀ ਹੈ।
Publish Date: Mon, 09 Mar 2026 11:08 AM (IST)
Updated Date: Mon, 09 Mar 2026 11:44 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਨੂੰ ਧੋਖਾਧੜੀ ਨਾਲ ਵੇਚਣ ਦੇ ਮਾਮਲੇ ਦੀ ਪੜਤਾਲ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਸਬ-ਕਮੇਟੀ ਦੀ ਇਕੱਤਰਤਾ ਹੋਈ। ਇਸ ਸਬੰਧੀ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਪ੍ਰਧਾਨ ਧਾਮੀ ਵੱਲੋਂ ਬਣਾਈ ਗਈ ਸੱਤ ਮੈਂਬਰੀ ਪੜਤਾਲੀਆ ਕਮੇਟੀ ਪਹਿਲੇ ਦਿਨ ਤੋਂ ਇਸ ਕੇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ 5 ਫਰਵਰੀ 2026 ਨੂੰ ਪੜਤਾਲੀਆ ਕਮੇਟੀ ਵੱਲੋਂ ਐੱਸਐੱਸਪੀ ਮੋਹਾਲੀ ਨਾਲ ਮੀਟਿੰਗ ਕਰ ਕੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦੇ ਅਧਾਰ ’ਤੇ 7 ਫਰਵਰੀ 2026 ਨੂੰ ਮੁਲਜ਼ਮਾਂ ਵਿਰੁੱਧ ਐੱਫਆਈਆਰ 35 ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮੁਲਜ਼ਮਾਂ ਵੱਲੋਂ 16 ਫਰਵਰੀ ਨੂੰ ਸ਼ੈਸਨ ਕੋਰਟ ਵਿਚ ਜ਼ਮਾਨਤ ਲਈ ਅਰਜ਼ ਦਾਇਰ ਕੀਤੀ ਗਈ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਨੇ ਰੱਦ ਕਰਵਾ ਦਿੱਤਾ।
ਇਸ ਤੋਂ ਬਾਅਦ 19 ਫਰਵਰੀ 2026 ਨੂੰ ਮੁਲਜ਼ਮਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ, ਉੱਥੇ ਵੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਵਕੀਲ ਪੂਰਨ ਸਿੰਘ ਹੁੰਦਲ ਤੇ ਅਮਨਬੀਰ ਸਿੰਘ ਸਿਆਲੀ ਨੇ ਤੱਥਾਂ ਦੇ ਅਧਾਰ ਤੇ ਜ਼ਮਾਨਤ ਰੱਦ ਕਰਵਾ ਦਿੱਤੀ। ਇਸ ਕੇਸ ਵਿਚ ਸੰਸਥਾ ਪ੍ਰਸ਼ਾਸਨ ਨਾਲ ਪੂਰਾ ਰਾਬਤਾ ਬਣਾ ਕੇ ਰੱਖ ਰਹੀ ਹੈ ਤੇ ਕੇਸ ਦੀ ਪੈਰਵਾਈ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਜਾਅਲੀ ਪੱਤ੍ਰਿਕਾ ’ਤੇ ਕੀਤੇ ਪ੍ਰਤਾਪ ਸਿੰਘ ਸਕੱਤਰ ਦੇ ਦਸਤਖ਼ਤਾਂ ਦੀ ਜਾਂਚ ਵੀ ਪੜਤਾਲੀਆ ਕਮੇਟੀ ਵੱਲੋਂ ਕਰਵਾਈ ਗਈ, ਜਿਸ ਦੀ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਗਈ ਹੈ। ਇਸ ਉੱਤੇ ਜਲਦ ਤੋਂ ਜਲਦ ਵਾਜਿਬ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਸਬ-ਕਮੇਟੀ ਦੀ ਮੀਟਿੰਗ ਦੌਰਾਨ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਅਜਮੇਰ ਸਿੰਘ ਖੇੜਾ, ਸੁਰਜੀਤ ਸਿੰਘ ਭਿਟੇਵੱਢ, ਗੁਰਬਖਸ਼ ਸਿੰਘ ਖ਼ਾਲਸਾ, ਪਰਮਜੀਤ ਸਿੰਘ ਲੱਖੇਵਾਲ ਅਤੇ ਅਮਨਬੀਰ ਸਿੰਘ ਸਿਆਲੀ ਕਾਨੂੰਨੀ ਸਲਾਹਕਾਰ ਹਾਜ਼ਰ ਸਨ।