ਗ੍ਰਹਿ ਵਿਭਾਗ ਵੱਲੋਂ ਕਲੀਅਰੈਂਸ ਨਾ ਮਿਲਣ ਕਾਰਨ 150 ਸ਼ਰਧਾਲੂ ਪਾਕਿ ਨਹੀਂ ਜਾ ਸਕੇ, ਦੇਰ ਸ਼ਾਮ ਤੱਕ 2,234 ਸ਼ਰਧਾਲੂ ਹੋਏ ਰਵਾਨਾ
ਪੰਜਾਬ 1799 ਜਥੇ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਜਜੇਆਣੀ ਨੇ ਦੱਸਿਆ ਕਿ ਉਨ੍ਹਾਂ ਨੇ 127 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਅੰਬੈਸੀ ਨੂੰ ਭੇਜ ਦਿੱਤੇ ਸਨ, ਜਿਨ੍ਹਾਂ ਵਿੱਚੋਂ 114 ਨੂੰ ਵੀਜ਼ੇ ਮਿਲੇ ਸਨ। ਇਸ ਜਥੇ ਸਬੰਧੀ ਸਾਰੇ ਸ਼ਰਧਾਲੂਆਂ ਦੀ ਸੂਚੀ ਪਹਿਲਾਂ ਵਾਂਗ ਕੇਂਦਰੀ ਗ੍ਰਹਿ ਵਿਭਾਗ ਤੇ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ।
Publish Date: Fri, 10 Apr 2026 10:49 AM (IST)
Updated Date: Fri, 10 Apr 2026 10:51 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਮਨਾਉਣ ਲਈ ਸ਼ੁੱਕਰਵਾਰ ਨੂੰ 150 ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਨਹੀਂ ਜਾ ਸਕੇ। ਪਤਾ ਲੱਗਾ ਹੈ ਕਿ ਵੀਜ਼ਾ ਹੋਣ ਦੇ ਬਾਵਜੂਦ ਗ੍ਰਹਿ ਵਿਭਾਗ ਨੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ। ਸ਼ੁੱਕਰਵਾਰ ਰਾਤ ਤੱਕ 2,234 ਸ਼ਰਧਾਲੂ ਪਾਕਿਸਤਾਨ ਲਈ ਰਵਾਨਾ ਹੋ ਗਏ ਸਨ। ਪੰਜਾਬ 1799 ਜਥੇ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਜਜੇਆਣੀ ਨੇ ਦੱਸਿਆ ਕਿ ਉਨ੍ਹਾਂ ਨੇ 127 ਸ਼ਰਧਾਲੂਆਂ ਦੇ ਪਾਸਪੋਰਟ ਪਾਕਿਸਤਾਨ ਅੰਬੈਸੀ ਨੂੰ ਭੇਜ ਦਿੱਤੇ ਸਨ, ਜਿਨ੍ਹਾਂ ਵਿੱਚੋਂ 114 ਨੂੰ ਵੀਜ਼ੇ ਮਿਲੇ ਸਨ। ਇਸ ਜਥੇ ਸਬੰਧੀ ਸਾਰੇ ਸ਼ਰਧਾਲੂਆਂ ਦੀ ਸੂਚੀ ਪਹਿਲਾਂ ਵਾਂਗ ਕੇਂਦਰੀ ਗ੍ਰਹਿ ਵਿਭਾਗ ਤੇ ਪੰਜਾਬ ਸਰਕਾਰ ਨੂੰ ਸੌਂਪੀ ਗਈ ਸੀ। ਉਨ੍ਹਾਂ ਦੀ ਸੰਸਥਾ ਪਿਛਲੇ ਬਾਰਾਂ ਸਾਲਾਂ ਤੋਂ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਜੱਥੇ ਭੇਜ ਰਹੀ ਹੈ। ਇਸ ਵਾਰ ਵੀਜ਼ਾ ਹੋਣ ਦੇ ਬਾਵਜੂਦ ਗ੍ਰਹਿ ਵਿਭਾਗ ਨੇ ਪਾਕਿਸਤਾਨ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਤੇ ਸ਼ਰਧਾਲੂ ਅਟਾਰੀ ਸਰਹੱਦ ਤੋਂ ਨਿਰਾਸ਼ ਵਾਪਸ ਪਰਤੇ ਹਨ। ਦੱਸਣਯੋਗ ਹੈ ਕਿ ਇਸ ਜੱਥੇ ਵਿਚ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਤਰ ਪ੍ਰਦੇਸ਼ ਪ੍ਰਤੀਨਿਧੀ ਬੋਰਡ, ਜੰਮੂ ਪ੍ਰਤੀਨਿਧੀ ਬੋਰਡ ਆਦਿ ਜੱਥੇ ਵਿਚ ਸ਼ਾਮਿਲ ਜਿਨ੍ਹਾਂ ਸ਼ਰਧਾਲੂਆਂ ਨੂੰ ਗ੍ਰਹਿ ਵਿਭਾਗ ਪਾਸੋਂ ਕਲੀਅਰੈਂਸ ਨਹੀਂ ਮਿਲੀ, ਉਨ੍ਹਾਂ ਨੂੰ ਅਟਾਰੀ ਸਰਹੱਦ ਤੋਂ ਵਾਪਸ ਪਰਤਣਾ ਪਿਆ। ਸ਼ੁੱਕਰਵਾਰ ਰਾਤ ਨੂੰ ਇਸ ਜੱਥੇ ਵਿਚ ਕੁੱਲ 2,234 ਸ਼ਰਧਾਲੂ ਰਵਾਨਾ ਕੀਤੇ ਗਏ ਤੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਲਗਭਗ 150 ਸ਼ਰਧਾਲੂਆਂ ਨੂੰ ਘਰ ਵਾਪਸ ਜਾਣਾ ਪਿਆ। 14 ਅਪ੍ਰੈਲ ਨੂੰ ਸ਼੍ਰੀ ਪੰਜਾ ਸਾਹਿਬ ਹਸਨ ਅਬਦਾਲ ਪਾਕਿਸਤਾਨ ਵਿਚ ਜੱਥੇ ਵਿਚ ਸ਼ਾਮਲ ਸ਼ਰਧਾਲੂ ਖ਼ਾਲਸਾ ਸਾਜਨਾ ਦਿਵਸ ਮਨਾਉਣ ਦੇ ਨਾਲ-ਨਾਲ ਪਾਕਿਸਤਾਨ ਸਥਿਤ ਹੋਰਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਉਪਰੰਤ 19 ਅਪ੍ਰੈਲ ਨੂੰ ਵਾਹਗਾ ਅਟਾਰੀ ਸਰਹੱਦ ਰਾਹੀਂ ਵਾਪਸ ਪਰਤਣਗੇ।