13 ਸੀਐੱਨਟੀ 1005

-ਕੋਹੇਨ ਨੇ ਰਾਸ਼ਟਰਪਤੀ ਖ਼ਿਲਾਫ਼ ਜਾਂਚ 'ਚ ਸਹਿਯੋਗ ਦਾ ਕੀਤਾ ਵਾਅਦਾ

-ਚੋਣਾਂ ਦੌਰਾਨ ਨਿਯਮਾਂ ਦੀ ਉਲੰਘਣਾ ਦੇ ਮਾਮਲੇ 'ਚ ਟਰੰਪ ਦੀਆਂ ਵੱਧ ਸਕਦੀਆਂ ਮੁਸ਼ਕਲਾਂ

ਨਿਊਯਾਰਕ (ਰਾਇਟਰ) :

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਲਾਂ ਵੱਧਦੀਆਂ ਦਿੱਖ ਰਹੀਆਂ ਹਨ। ਉਨ੍ਹਾਂ ਦੇ ਸਾਬਕਾ ਵਕੀਲ ਮਾਈਕਲ ਕੋਹੇਨ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ 'ਤੇ 2016 'ਚ ਹੋਈ ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਨਿਯਮਾਂ ਦੀ ਉਲੰਘਣਾ ਦਾ ਦੋਸ਼ ਹੈ। ਕੋਹੇਨ ਨੇ ਅਦਾਲਤ ਦੇ ਸਾਹਮਣੇ ਸਾਰੇ ਦੋਸ਼ਾਂ ਨੂੰ ਸਵੀਕਾਰ ਕਰਦੇ ਹੋਏ ਜਾਂਚ 'ਚ ਸਹਿਯੋਗ ਦੀ ਗੱਲ ਕਹੀ ਹੈ। ਇਕ ਸਮੇਂ ਟਰੰਪ ਲਈ ਛਾਤੀ 'ਤੇ ਗੋਲੀ ਖਾਣ ਦਾ ਦਾਅਵਾ ਕਰਨ ਵਾਲੇ ਕੋਹੇਨ ਨੇ ਕਿਹਾ ਕਿ ਅੰਨ੍ਹੇ ਭਰੋਸੇ ਦੇ ਕਾਰਨ ਮੈਂ ਟਰੰਪ ਦੇ ਗ਼ਲਤ ਕੰਮਾਂ ਨੂੰ ਲੁਕੋਇਆ। ਮੈਂ ਰਾਸ਼ਟਰਪਤੀ ਦੇ ਸਬੰਧ 'ਚ ਹਰ ਉਹ ਜਾਣਕਾਰੀ ਦੇਣ ਲਈ ਤਿਆਰ ਹਾਂ ਜੋ ਮੇਰੇ ਕੋਲ ਹੈ। ਮੈਂ ਆਪਣੀ ਸੱਚਾਈ ਨੂੰ ਸਾਬਿਤ ਕਰਨ ਲਈ ਵਚਨਬੱਧ ਹਾਂ ਅਤੇ ਯਕੀਨ ਦਿਵਾਉਂਦਾ ਹਾਂ ਕਿ ਇਤਿਹਾਸ ਮੈਨੂੰ ਇਨ੍ਹਾਂ ਮਾਮਲਿਆਂ 'ਚ ਖਲਨਾਇਕ ਵਾਂਗ ਯਾਦ ਨਹੀਂ ਕਰੇਗਾ। ਜੱਜ ਵਿਲੀਅਮ ਪਾਲੇ ਨੇ ਕੋਹੇਨ ਨੂੰ ਦੋ ਮਾਮਲਿਆਂ 'ਚ ਸਜ਼ਾ ਸੁਣਾਈ। ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਪੈਸਾ ਦੇਣ, ਕਰ ਚੋਰੀ ਅਤੇ ਸਰਕਾਰੀ ਬੈਂਕ ਨੂੰ ਧੋਖਾ ਦੇਣ ਦੇ ਮਾਮਲੇ 'ਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ। ਉੱਥੇ ਰੂਸ 'ਚ ਟਰੰਪ ਟਾਵਰ ਪ੍ਰਾਜੈਕਟ ਨੂੰ ਲੈ ਕੇ ਕਾਂਗਰਸ ਨਾਲ ਝੂਠ ਬੋਲਣ ਦੇ ਮਾਮਲੇ 'ਚ ਉਨ੍ਹਾਂ ਨੂੰ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਨੂੰ ਛੇ ਮਾਰਚ ਨੂੰ ਆਤਮ ਸਮਰਪਣ ਕਰਨਾ ਪਵੇਗਾ ਅਤੇ ਦੋਨੋਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ। ਸੁਣਵਾਈ ਦੌਰਾਨ 52 ਸਾਲਾ ਕੋਹੇਨ ਦੀ ਪਤਨੀ, ਬੇਟਾ ਅਤੇ ਬੇਟੀ ਵੀ ਮੌਜੂਦ ਸਨ। ਕੋਹੇਨ ਨੂੰ ਜਾਂਚ ਏਜੰਸੀਆਂ ਦਾ ਸਹਿਯੋਗ ਕਰਨ ਲਈ ਮਨਾਉਣ ਵਾਲੇ ਉਨ੍ਹਾਂ ਦੇ ਪਿਤਾ ਮੌਰਿਸ ਵੀ ਇਸ ਦੌਰਾਨ ਉੱਥੇ ਸਨ।

ਕੋਹੇਨ ਨੇ ਅਗਸਤ 'ਚ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਟਰੰਪ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਪਲੇਬੁਆਏ ਦੀ ਮਾਡਲ ਕੇਰੇਨ ਮੈਕਡੋਗਲ ਅਤੇ ਬਾਲਿਗ ਫਿਲਮਾਂ ਦੀ ਅਦਾਕਾਰਾ ਸਟਾਰਮੀ ਡੇਨੀਅਲਸ ਨੂੰ ਪੈਸਾ ਦਿੱਤਾ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਆਪਣੀ ਚੋਣ ਮੁਹਿੰਮ ਨੂੰ ਬਚਾਉਣ ਲਈ ਪੈਸਾ ਦਿੱਤਾ ਸੀ। ਉੱਥੇ ਟਰੰਪ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਦਾ ਚੋਣ ਮੁਹਿੰਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਦੂਜੇ ਪਾਸੇ ਟੇਬਲਾਇਡ ਅਖ਼ਬਾਰ ਨੈਸ਼ਨਲ ਇੰਕਵਾਇਰਰ ਦੇ ਪ੍ਰਕਾਸ਼ਕ ਨੇ ਵੀ ਚੋਣ ਮੁਹਿੰਮ ਪ੍ਰਭਾਵਿਤ ਕਰਨ ਲਈ ਟਰੰਪ ਵੱਲੋਂ ਪੈਸਾ ਮਿਲਣ ਦੀ ਗੱਲ ਕਹੀ ਹੈ। ਪ੍ਰਕਾਸ਼ਕ ਦਾ ਇਹ ਮੰਨਣਾ ਟਰੰਪ ਦੇ ਬਿਆਨ ਤੋਂ ਬਿਲਕੁਲ ਉਲਟ ਹੈ। ਇਨ੍ਹਾਂ ਦੋਨੋਂ ਘਟਨਾਯਮਾਂ ਨਾਲ ਟਰੰਪ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕੁਝ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਹੁਦਾ ਛੱਡਣ ਦੇ ਬਾਅਦ ਇਨ੍ਹਾਂ ਅਪਰਾਧਾਂ 'ਚ ਟਰੰਪ 'ਤੇ ਮਾਮਲਾ ਦਰਜ ਕੀਤਾ ਜਾ ਸਕਦਾ ਹੈ। ਕਾਨੂੰਨ ਵਿਭਾਗ ਦੀ ਨੀਤੀ ਤਹਿਤ ਕਿਸੇ ਰਾਸ਼ਟਰਪਤੀ 'ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।