ਸਿਡਨੀ : ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਦੱਖਣ ਵਿਚ ਬੁੱਧਵਾਰ ਸਵੇਰੇ ਬੱਸ ਸਟਾਪ 'ਤੇ ਇਕ ਹਾਦਸਾ ਵਾਪਰਿਆ। ਇੱਥੇ ਇਕ ਬੀ-ਡਬਲ ਟਰੱਕ ਜੋ ਕਿ ਇੱਟਾਂ ਲਿਜਾ ਰਿਹਾ ਸੀ ਉਸ ਦਾ ਸੰਤੁਲਨ ਵਿਗੜ ਗਿਆ। ਬੇਕਾਬੂ ਹੋਏ ਟਰੱਕ ਨੇ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸਾ ਹੋਣ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਅਧਿਕਾਰੀ ਅਲੈਗਜ਼ੈਂਡਰੀਆ ਵਿਚ ਓ ਰਿਓਰਡਨ ਸਟ੍ਰੀਟ ਨੇੜੇ ਪਹੁੰਚੇ। ਜਾਣਕਾਰੀ ਮੁਤਾਬਕ ਹਾਦਸਾ ਹੋਣ ਤੋਂ ਪਹਿਲਾਂ ਬੀ-ਡਬਲ ਟਰੱਕ ਬੌਟਨੀ ਰੋਡ 'ਤੇ ਦੱਖਣ ਵਿਚ ਯਾਤਰਾ ਕਰ ਰਿਹਾ ਸੀ। ਸੰਤੁਲਨ ਵਿਗੜਨ 'ਤੇ ਟਰੱਕ ਉੱਤਰੀ-ਪੱਛਮੀ ਮਾਰਗ ਵਿਚ ਦਾਖਲ ਹੋ ਕੇ ਪੈਦਲ ਚੱਲਣ ਵਾਲਿਆਂ, ਇਕ ਬਿਜਲੀ ਦੇ ਖੰਭੇ ਅਤੇ ਇਕ ਇਮਾਰਤ ਨਾਲ ਟਕਰਾ ਗਿਆ। ਜ਼ਖਮੀ ਹੋਏ 5 ਲੋਕਾਂ ਵਿਚ ਪੈਦਲ ਯਾਤਰੀ ਸਨ ਜਦਕਿ ਟਰੱਕ ਦਾ ਡਰਾਈਵਰ 45 ਮਿੰਟ ਤੱਕ ਮਲਬੇ ਵਿਚ ਫਸਿਆ ਰਿਹਾ। ਐਮਰਜੈਂਸੀ ਅਧਿਕਾਰੀਆਂ ਨੇ ਉਸ ਨੂੰ ਬਾਹਰ ਨਿਕਲਣ ਵਿਚ ਮਦਦ ਕੀਤੀ। ਫਿਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਰੈੱਡਫਰਨ ਪੁਲਸ ਖੇਤਰ ਕਮਾਂਡ ਦੇ ਸੁਪਰਡੈਂਟ ਐਂਡਰੀਊ ਹੋਲੈਂਡ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਇਕ ਪੈਦਲ ਯਾਤਰੀ ਸੀ। ਉਨ੍ਹਾਂ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਕਿ ਟਰੱਕ ਦੀ ਕਿਸੇ ਹੋਰ ਗੱਡੀ ਨਾਲ ਟੱਕਰ ਨਹੀਂ ਸੀ ਹੋਈ। ਹਾਦਸੇ ਮਗਰੋਂ ਬੋਟਨੀ ਰੋਡ 'ਤੇ ਕੁਝ ਦੇਰ ਲਈ ਆਵਾਜਾਈ ਠੱਪ ਰਹੀ। ਅਧਿਕਾਰੀ ਇਸ ਮਾਮਲੇ ਦੀ ਜਾਂਚ ਵਿਚ ਜੁੱਟ ਗਏ ਹਨ।