ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਟਿੱਪਣੀਆਂ ਇਕ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀਆਂ। ਇਸ ਪਟੀਸ਼ਨ ਵਿਚ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਉਸ ਵਿਅਕਤੀ ਨੂੰ 'ਕਰੂਰਤਾ' ਦੇ ਆਧਾਰ 'ਤੇ ਤਲਾਕ ਦਿੱਤਾ ਗਿਆ ਸੀ।

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਤੀ ਨੂੰ ਖਾਣਾ ਬਣਾਉਣ, ਸਾਫ਼-ਸਫਾਈ ਅਤੇ ਕੱਪੜੇ ਧੋਣ ਵਰਗੇ ਘਰੇਲੂ ਕੰਮਾਂ ਵਿਚ ਬਰਾਬਰ ਦਾ ਸਾਥ ਦੇਣਾ ਹੋਵੇਗਾ ਕਿਉਂਕਿ ਉਹ ਕਿਸੇ ਘਰੇਲੂ ਸਹਾਇਕ (ਮੇਡ) ਨਾਲ ਨਹੀਂ, ਸਗੋਂ ਜੀਵਨ ਸਾਥੀ ਨਾਲ ਵਿਆਹ ਕਰਦਾ ਹੈ। ਇਸ ਲਈ ਪਤਨੀ ਵੱਲੋਂ ਖਾਣਾ ਨਾ ਬਣਾਉਣਾ ਕਰੂਰਤਾ ਨਹੀਂ ਹੈ ਅਤੇ ਇਹ ਤਲਾਕ ਦਾ ਆਧਾਰ ਨਹੀਂ ਬਣ ਸਕਦਾ।
ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਟਿੱਪਣੀਆਂ ਇਕ ਵਿਅਕਤੀ ਦੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀਆਂ। ਇਸ ਪਟੀਸ਼ਨ ਵਿਚ ਕਰਨਾਟਕ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ ਸੀ, ਜਿਸ ਵਿਚ ਉਸ ਵਿਅਕਤੀ ਨੂੰ 'ਕਰੂਰਤਾ' ਦੇ ਆਧਾਰ 'ਤੇ ਤਲਾਕ ਦਿੱਤਾ ਗਿਆ ਸੀ। ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਉਸ ਵਿਅਕਤੀ ਦੇ ਵਕੀਲ ਨੇ ਕਿਹਾ ਕਿ ਦੋਵਾਂ ਪੱਖਾਂ ਵਿਚਕਾਰ ਵਿਚੋਲਗੀ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ। ਦੋਵਾਂ ਦਾ ਵਿਆਹ ਮਈ 2017 ਵਿਚ ਹੋਇਆ ਸੀ ਅਤੇ 2019 ਤੋਂ ਇਹ ਜੋੜਾ ਅਲੱਗ ਰਹਿ ਰਿਹਾ ਹੈ। ਵਕੀਲ ਨੇ ਕਿਹਾ ਕਿ ਉਸਦਾ ਮੁਵੱਕਿਲ ਤਲਾਕ ਚਾਹੁੰਦਾ ਹੈ। ਟ੍ਰਾਇਲ ਕੋਰਟ ਨੇ 'ਕਰੂਰਤਾ' ਦੇ ਆਧਾਰ 'ਤੇ ਤਲਾਕ ਮਨਜ਼ੂਰ ਕੀਤਾ ਸੀ। ਬੈਂਚ ਨੇ ਪੁੱਛਿਆ ਕਿ ਇਸ ਮਾਮਲੇ ਵਿਚ ਕਿਹੜੀ 'ਕਰੂਰਤਾ' ਕੀਤੀ ਗਈ ਸੀ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਪਤਨੀ ਦਾ ਵਤੀਰਾ ਠੀਕ ਨਹੀਂ ਸੀ ਅਤੇ ਉਹ ਖਾਣਾ ਵੀ ਨਹੀਂ ਬਣਾਉਂਦੀ ਸੀ। ਇਸ 'ਤੇ ਜਸਟਿਸ ਨਾਥ ਨੇ ਕਿਹਾ, ‘ਤੁਹਾਨੂੰ ਇਨ੍ਹਾਂ ਸਾਰੇ ਕੰਮਾਂ ਵਿਚ ਬਰਾਬਰ ਦਾ ਸਾਥ ਦੇਣਾ ਹੋਵੇਗਾ - ਖਾਣਾ ਬਣਾਉਣਾ, ਸਾਫ਼-ਸਫਾਈ, ਕੱਪੜੇ ਧੋਣਾ, ਸਭ ਕੁਝ। ਅੱਜ ਦਾ ਜ਼ਮਾਨਾ ਵੱਖਰਾ ਹੈ।" ਉਨ੍ਹਾਂ ਕਿਹਾ ਕਿ ਹਾਈ ਕੋਰਟ ਦਾ ਇਹ ਕਹਿਣਾ ਸਹੀ ਸੀ ਕਿ ਇਹ 'ਕਰੂਰਤਾ' ਦਾ ਆਧਾਰ ਨਹੀਂ ਹੋ ਸਕਦਾ। ਜਸਟਿਸ ਮਹਿਤਾ ਨੇ ਕਿਹਾ, "ਤੁਸੀਂ ਕਿਸੇ ਮੇਡ ਨਾਲ ਵਿਆਹ ਨਹੀਂ ਕੀਤਾ। ਤੁਸੀਂ ਇਕ ਜੀਵਨ ਸਾਥੀ ਨਾਲ ਵਿਆਹ ਕੀਤਾ ਹੈ।"
ਬੈਂਚ ਨੂੰ ਦੱਸਿਆ ਗਿਆ ਕਿ ਦੋਵੇਂ ਹੀ ਇਕ ਸਰਕਾਰੀ ਸਕੂਲ ਵਿਚ ਕੰਮ ਕਰਦੇ ਹਨ। ਇਸ 'ਤੇ ਬੈਂਚ ਨੇ ਕਿਹਾ, "ਦੋਹਾਂ ਪੱਖਾਂ ਨੂੰ ਨਿੱਜੀ ਤੌਰ 'ਤੇ ਬੁਲਾਇਆ ਜਾਵੇ। ਅਸੀਂ ਉਨ੍ਹਾਂ ਨਾਲ ਖ਼ੁਦ ਗੱਲ ਕਰਨਾ ਚਾਹੁੰਦੇ ਹਾਂ।" ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 27 ਅਪ੍ਰੈਲ ਨੂੰ ਨਿਰਧਾਰਿਤ ਕੀਤੀ ਅਤੇ ਦੋਵਾਂ ਨੂੰ ਉਸ ਦਿਨ ਕੋਰਟ ਵਿਚ ਮੌਜੂਦ ਰਹਿਣ ਦਾ ਹੁਕਮ ਦਿੱਤਾ।