ਪਤਨੀ ਕਮਾ ਰਹੀ ਹੈ, ਇਸ ਤਰਕ ’ਤੇ ਗੁਜ਼ਾਰਾ ਭੱਤਾ ਦੇਣ ਤੋਂ ਇਨਕਾਰ ਨਹੀਂ ਕਰ ਸਕਦੇ : ਹਾਈ ਕੋਰਟ
ਕੋਰਟ ਨੇ ਪਾਇਆ ਕਿ ਪਤੀ ਨੇ ਆਪਣੀ ਅਸਲ ਆਮਦਨ ਤੇ ਜੀਵਨਸ਼ੈਲੀ ਦੇ ਸਬੰਧ ’ਚ ਗ਼ਲਤ ਜਾਣਕਾਰੀ ਦਿੱਤੀ ਹੈ। ਪਤੀ ਦੀ ਆਮਦਨ 40 ਲੱਖ ਰੁਪਏ ਸਾਲਾਨਾ ਹੈ, ਜਦਕਿ ਪਤਨੀ ਦੀ ਆਮਦਨ 11,28,780 ਰੁਪਏ ਸਾਲਾਨਾ। ਅਦਾਲਤ ਨੇ ਕਿਹਾ ਕਿ ਸਿਰਫ ਇਸ ਲਈ ਕਿ ਪਤਨੀ ਕੰਮ ਕਰ ਰਹੀ ਹੈ, ਉਸ ਨੂੰ ਗੁਜ਼ਾਰੇ ਭੱਤੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
Publish Date: Tue, 17 Feb 2026 09:55 AM (IST)
Updated Date: Tue, 17 Feb 2026 09:57 AM (IST)
ਜਾਗਰਣ ਸੰਵਾਦਦਾਤਾ, ਜਾਗਰਣ, ਪ੍ਰਯਾਗਰਾਜ : ਇਲਾਹਾਬਾਦ ਹਾਈ ਕੋਰਟ ਨੇ ਗੁਜ਼ਾਰਾ ਭੱਤੇ ਨਾਲ ਜੁੜੇ ਇਕ ਮਾਮਲੇ ’ਚ ਅਹਿਮ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ ਹੈ ਕਿ ਗੁਜ਼ਾਰਾ ਭੱਤੇ ਦਾ ਮੰਤਵ ਆਰਥਿਕ ਸੰਕਟ ਨਹੀਂ ਹੈ, ਬਲਕਿ ਉਹ ਵੀ ਯਕੀਨੀ ਕਰਨਾ ਹੈ ਕਿ ਪਤਨੀ ਆਪਣੇ ਪਤੀ ਦੇ ਪੱਧਰ ਅਨੁਸਾਰ ਜੀਵਨ ਬਤੀਤ ਕਰ ਸਕੇ। ਕੋਰਟ ਨੇ ਪਤੀ ਦੀ ਇਸ ਗੱਲ ਨੂੰ ਨਾਮਨਜ਼ੂਰ ਕਰ ਦਿੱਤਾ ਕਿ ਪਤਨੀ ਖ਼ੁਦ ਕਮਾ ਰਹੀ ਹੈ, ਇਸ ਲਈ ਉਹ ਭੱਤਾ ਪਾਉਣ ਦੀ ਹੱਕਦਾਰ ਨਹੀਂ ਹੈ। ਪਤੀ ਰਵਿੰਦਰ ਸਿੰਘ ਬਿਸ਼ਟ ਪਟੀਸ਼ਨ ਖ਼ਾਰਜ ਕਰਦੇ ਹੋਏ ਜਸਟਿਸ ਮਦਨ ਪਾਲ ਸਿੰਘ ਨੇ ਕਿਹਾ ਕਿ ਪਤਨੀ ਦੀ ਆਮਦਨ ਪਤੀ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਲਈ ਉਸ ਨੂੰ ਪਤੀ ਨਾਲ ਬਿਤਾਏ ਜੀਵਨ ਦੀ ਤਰ੍ਹਾਂ ਜਿਊਣ ਦਾ ਹੱਕ ਹੈ।
ਪਟੀਸ਼ਨਰ ਨੇ ਚਾਰ ਜਨਵਰੀ, 2025 ਨੂੰ ਵਧੀਕ ਚੀਫ ਜਸਟਿਸ, ਪਰਿਵਾਰ ਕੋਰਟ ਗਿਣਤੀ (ਇਕ) ਗਾਜ਼ੀਆਬਾਦ ਵੱਲੋਂ ਪਾਲਣ-ਪੋਸ਼ਣ ਮਾਮਲੇ (ਗਿਣਤੀ 736/2019) ’ਚ ਪਾਸ ਹੁਕਮ ਨੂੰ ਅਪਰਾਧਿਕ ਮੁੜ ਨਿਰੀਖਣ ਪਟੀਸ਼ਨ ਰਾਹੀਂ ਚੁਣੌਤੀ ਦਿੱਤੀ ਸੀ, ਜਿਸ ਵਿਚ ਪਤਨੀ ਪ੍ਰਭਜੋਤ ਕੌਰ ਨੂੰ ਸੀਆਰਪੀਸੀ ਦੀ ਧਾਰਾ 125 ਦੇ ਤਹਿਤ ਪਾਸ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ। ਟ੍ਰਾਇਲ ਕੋਰਟ ਨੇ ਅਰਜ਼ੀ ਦੀ ਮਿਤੀ ਤੋਂ ਪਤੀ ਨੂੰ ਪਾਲਣ-ਪੋਸ਼ਣ ਦੇ ਰੂਪ ’ਚ ਇਹ ਰਕਮ ਦੇਣ ਦਾ ਹੁਕਮ ਦਿੱਤਾ ਸੀ। ਪਟੀਸ਼ਨਰ ਦਾ ਤਰਕ ਸੀ ਕਿ ਪਤਨੀ ਸਿੱਖਿਅਤ ਤੇ ਕੰਮਕਾਜ ਕਰਨ ਵਾਲੀ ਹੈ, ਇਸ ਲਈ ਉਸ ਨੂੰ ਗੁਜ਼ਾਰੇ ਭੱਤੇ ਦੀ ਲੋੜ ਨਹੀਂ ਹੈ।
ਕੋਰਟ ਨੇ ਪਾਇਆ ਕਿ ਪਤੀ ਨੇ ਆਪਣੀ ਅਸਲ ਆਮਦਨ ਤੇ ਜੀਵਨਸ਼ੈਲੀ ਦੇ ਸਬੰਧ ’ਚ ਗ਼ਲਤ ਜਾਣਕਾਰੀ ਦਿੱਤੀ ਹੈ। ਪਤੀ ਦੀ ਆਮਦਨ 40 ਲੱਖ ਰੁਪਏ ਸਾਲਾਨਾ ਹੈ, ਜਦਕਿ ਪਤਨੀ ਦੀ ਆਮਦਨ 11,28,780 ਰੁਪਏ ਸਾਲਾਨਾ। ਅਦਾਲਤ ਨੇ ਕਿਹਾ ਕਿ ਸਿਰਫ ਇਸ ਲਈ ਕਿ ਪਤਨੀ ਕੰਮ ਕਰ ਰਹੀ ਹੈ, ਉਸ ਨੂੰ ਗੁਜ਼ਾਰੇ ਭੱਤੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਖ਼ਾਸ ਕਰਕੇ ਜਦੋਂ ਪਤੀ ਤੇ ਪਤਨੀ ਦੀ ਆਮਦਨ ਤੇ ਹਾਲਾਤ ’ਚ ਵੱਡਾ ਫਰਕ ਹੋਵੇ। ਅਦਾਲਤ ਨੇ ਕਿਹਾ ਕਿ ਪਤਨੀ ਨੂੰ ਆਪਣੇ ਪਤੀ ਦੇ ਪੱਧਰ ਅਨੁਸਾਰ ਜੀਵਨ ਜਿਊਣ ਦਾ ਹੱਕ ਹੈ। ਕੋਰਟ ਨੇ ਸੁਪਰੀਮ ਕੋਰਟ ਦੇ ਸ਼ੈਲਜਾ ਬਨਾਮ ਖੋਬੰਨਾ (2018) ਤੇ ਰਾਜਨੇਸ਼ ਬਨਾਮ ਨੀਹਾ (2021) ਦੇ ਮਾਮਲਿਆਂ ਦਾ ਹਵਾਲਾ ਵੀ ਦਿੱਤਾ। ਕਿਹਾ ਕਿ ਪਤੀ ਦੀ ਆਮਦਨ ਅਨੁਸਾਰ ਪਰਿਵਾਰ ਅਦਾਲਤ ਵੱਲੋਂ ਤੈਅ ਗੁਜ਼ਾਰਾ ਭੱਤਾ ਰਕਮ ਨਿਆਂਸੰਗਤ ਹੈ।