ਕੁਰੂਕਸ਼ੇਤਰ 'ਚ ਤਾਇਨਾਤ ਏਐਸਆਈ ਸੰਦੀਪ 'ਤੇ ਇਕ ਪੇਂਡੂ ਵਿਅਕਤੀ ਨੇ ਦੋਸ਼ ਲਾਏ ਸਨ ਕਿ ਏਐਸਆਈ ਨੇ ਜ਼ਮੀਨ ਵੇਚਣ ਦੇ ਨਾਂ 'ਤੇ ਉਸ ਤੋਂ ਪੈਸੇ ਲਏ ਸਨ, ਪਰ ਵਾਪਸ ਨਹੀਂ ਮੋੜੇ। ਇਸ 'ਤੇ ਮੰਤਰੀ ਅਨਿਲ ਵਿਜ ਨੇ ਐਸਪੀ ਉਪਾਸਨਾ ਨੂੰ ਏਐਸਆਈ ਨੂੰ ਤੁਰੰਤ ਸਸਪੈਂਡ ਕਰਨ ਲਈ ਕਿਹਾ। ਅੱਗੋਂ ਐਸਪੀ ਉਪਾਸਨਾ ਯਾਦਵ ਨੇ ਕਿਹਾ ਕਿ ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ।

ਡਿਜੀਟਲ ਡੈਸਕ, ਕੈਥਲ : ਸ਼ੁੱਕਰਵਾਰ ਨੂੰ ਆਰਕੇਐਸਡੀ (RKSD) ਕਾਲਜ 'ਚ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਰਿਆਣਾ ਦੇ ਮੰਤਰੀ ਅਨਿਲ ਵਿਜ ਅਤੇ ਕੈਥਲ ਦੀ ਪੁਲਿਸ ਕਪਤਾਨ (SP) ਉਪਾਸਨਾ ਯਾਦਵ ਵਿਚਾਲੇ ਤਿੱਖੀ ਬਹਿਸ ਹੋਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਇਕ ਏਐਸਆਈ (ASI) ਨੂੰ ਸਸਪੈਂਡ ਕਰਨ ਨਾਲ ਜੁੜਿਆ ਸੀ ਜਿਸ ਤੋਂ ਬਾਅਦ ਮੰਤਰੀ ਅਤੇ ਐਸਪੀ ਆਹਮੋ-ਸਾਹਮਣੇ ਹੋ ਗਏ।
ਐਸਪੀ ਉਪਾਸਨਾ ਯਾਦਵ ਨੇ ਮੰਤਰੀ ਸਾਹਮਣੇ ਆਪਣੀ ਅਥਾਰਟੀ (ਅਧਿਕਾਰ ਖੇਤਰ) ਦੀ ਗੱਲ ਰੱਖਦਿਆਂ ਕਿਹਾ ਕਿ ਉਨ੍ਹਾਂ ਕੋਲ ਸਸਪੈਂਡ ਕਰਨ ਦੀ ਪਾਵਰ ਨਹੀਂ ਹੈ। ਐਸਪੀ ਦੀ ਇਸ ਨਿਡਰਤਾ ਤੇ ਬੇਬਾਕੀ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਕੌਣ ਹਨ ਉਪਾਸਨਾ ਯਾਦਵ ਅਤੇ ਕੀ ਹੈ ਇਹ ਪੂਰਾ ਮਾਮਲਾ।
ਦਰਅਸਲ, ਕੁਰੂਕਸ਼ੇਤਰ 'ਚ ਤਾਇਨਾਤ ਏਐਸਆਈ ਸੰਦੀਪ 'ਤੇ ਇਕ ਪੇਂਡੂ ਵਿਅਕਤੀ ਨੇ ਦੋਸ਼ ਲਾਏ ਸਨ ਕਿ ਏਐਸਆਈ ਨੇ ਜ਼ਮੀਨ ਵੇਚਣ ਦੇ ਨਾਂ 'ਤੇ ਉਸ ਤੋਂ ਪੈਸੇ ਲਏ ਸਨ, ਪਰ ਵਾਪਸ ਨਹੀਂ ਮੋੜੇ। ਇਸ 'ਤੇ ਮੰਤਰੀ ਅਨਿਲ ਵਿਜ ਨੇ ਐਸਪੀ ਉਪਾਸਨਾ ਨੂੰ ਏਐਸਆਈ ਨੂੰ ਤੁਰੰਤ ਸਸਪੈਂਡ ਕਰਨ ਲਈ ਕਿਹਾ। ਅੱਗੋਂ ਐਸਪੀ ਉਪਾਸਨਾ ਯਾਦਵ ਨੇ ਕਿਹਾ ਕਿ ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਹੈ। ਵਿਜ ਨੇ ਕਿਹਾ, "ਜਦੋਂ ਮੈਂ ਕਹਿ ਰਿਹਾ ਹਾਂ ਤਾਂ ਸਸਪੈਂਡ ਕਰੋ।" ਐਸਪੀ ਨੇ ਸਪੱਸ਼ਟ ਕੀਤਾ ਕਿ ਉਹ ਕਾਰਵਾਈ ਲਈ ਡੀਜੀਪੀ (DGP) ਨੂੰ ਲਿਖ ਕੇ ਭੇਜ ਦੇਣਗੇ ਅਤੇ ਕਾਰਵਾਈ ਡੀਜੀਪੀ ਵੱਲੋਂ ਹੀ ਕੀਤੀ ਜਾਣੀ ਹੈ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫ਼ੀ ਬਹਿਸ ਹੋਈ।
ਉਪਾਸਨਾ ਯਾਦਵ ਸਾਲ 2017 ਬੈਚ ਦੀ ਆਈਪੀਐਸ (IPS) ਅਧਿਕਾਰੀ ਹਨ। ਰੇਵਾੜੀ ਦੇ ਪਿੰਡ ਨਾਂਗਲ ਮੂੰਦੀ ਦੀ ਰਹਿਣ ਵਾਲੀ ਉਪਾਸਨਾ ਨੂੰ ਹਰਿਆਣਾ ਕੈਡਰ ਮਿਲਿਆ ਸੀ। ਹੈਦਰਾਬਾਦ 'ਚ ਨੈਸ਼ਨਲ ਪੁਲਿਸ ਅਕੈਡਮੀ ਤੋਂ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੇਵਾ ਸ਼ੁਰੂ ਕੀਤੀ। ਟ੍ਰੇਨਿੰਗ ਦੌਰਾਨ ਉਹ ਕੁਰੂਕਸ਼ੇਤਰ 'ਚ ਥਾਣਾ ਇੰਚਾਰਜ ਅਤੇ ਡੀਐਸਪੀ ਵਜੋਂ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਹਿਸਾਰ ਦੇ ਏਐਸਪੀ ਵੀ ਰਹਿ ਚੁੱਕੇ ਹਨ।
ਉਪਾਸਨਾ ਨੇ ਯੂਪੀਐਸਸੀ (UPSC) ਪ੍ਰੀਖਿਆ 'ਚ ਆਲ ਇੰਡੀਆ ਪੱਧਰ 'ਤੇ 596ਵਾਂ ਸਥਾਨ ਹਾਸਲ ਕੀਤਾ ਸੀ, ਜਦਕਿ ਓਬੀਸੀ ਸ਼੍ਰੇਣੀ 'ਚ ਉਨ੍ਹਾਂ ਦਾ 95ਵਾਂ ਰੈਂਕ ਸੀ।
ਆਈਆਈਟੀ 'ਚ ਟਾਪ ਕਰਨ ਵਾਲੀ ਉਪਾਸਨਾ ਸ਼ੁਰੂ ਤੋਂ ਹੀ ਹੁਸ਼ਿਆਰ ਵਿਦਿਆਰਥਣ ਰਹੀ ਹੈ। ਮੈਟ੍ਰਿਕ ਦੀ ਪ੍ਰੀਖਿਆ 'ਚ ਉਹ ਪੂਰੇ ਸੂਬੇ 'ਚ ਪਹਿਲੇ ਨੰਬਰ 'ਤੇ ਰਹੀ ਸੀ। ਉਨ੍ਹਾਂ ਦਸਵੀਂ ਤਕ ਦੀ ਪੜ੍ਹਾਈ ਆਪਣੇ ਪਿੰਡ ਦੇ ਹੀ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਸੀ।