- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੌਸ਼ਨ ਆਨੰਦ ਨੇ ਬਿਹਾਰ ਦੇ ਇਕ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਉੱਥੋਂ ਦੇ ਸਭ ਤੋਂ ਚਰਚਿਤ ਅਧਿਆਪਕਾਂ 'ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦਾ ਜਨਮ ਸਹਿਰਸਾ ਜ਼ਿਲ੍ਹੇ ਦੇ ਧਮਸੇਨਾ ਪਿੰਡ ਵਿਚ ਹੋਇਆ ਸੀ। ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਨਹੀਂ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : ਬਿਹਾਰ ਦੀ ਰਾਜਧਾਨੀ ਪਟਨਾ 'ਚ ਖ਼ਾਨ ਸਰ ਦੇ ਕੋਚਿੰਗ ਸੰਸਥਾਨ ਦੇ ਬਾਹਰ ਹੋਏ ਹੰਗਾਮੇ, ਪੱਥਰਬਾਜ਼ੀ ਤੇ ਤੋੜ-ਭੰਨ ਦੇ ਮਾਮਲੇ 'ਚ ਪੁਲਿਸ ਨੇ ਰੌਸ਼ਨ ਆਨੰਦ ਨੂੰ ਹਿਰਾਸਤ 'ਚ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੋ ਸਹਿਯੋਗੀਆਂ ਅਭਿਸ਼ੇਕ ਤੇ ਗੌਰਵ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਪੁਲਿਸ ਮੁਤਾਬਕ, ਕਦਮਕੁਆਂ ਥਾਣਾ ਖੇਤਰ ਤਹਿਤ ਆਉਣ ਵਾਲੇ 'ਖ਼ਾਨ ਗਲੋਬਲ ਸਟੂਡੀਓ' ਦੇ ਬਾਹਰ ਕੁਝ ਲੋਕਾਂ ਨੇ ਇੱਟਾਂ-ਪੱਥਰ ਚਲਾਏ ਤੇ ਤੋੜ-ਭੰਨ ਕੀਤੀ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ 'ਗਿਆਨ ਬਿੰਦੂ ਕੋਚਿੰਗ' ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ ਤੇ ਕਾਰਵਾਈ ਸ਼ੁਰੂ ਕੀਤੀ। ਗ੍ਰਿਫ਼ਤਾਰੀ ਤੋਂ ਬਾਅਦ ਹੁਣ ਰੌਸ਼ਨ ਆਨੰਦ ਇਕ ਵਾਰ ਫਿਰ ਸੁਰਖੀਆਂ 'ਚ ਹਨ।
ਰੌਸ਼ਨ ਆਨੰਦ ਨੇ ਬਿਹਾਰ ਦੇ ਇਕ ਛੋਟੇ ਜਿਹੇ ਪਿੰਡ ਵਿੱਚੋਂ ਨਿਕਲ ਕੇ ਉੱਥੋਂ ਦੇ ਸਭ ਤੋਂ ਚਰਚਿਤ ਅਧਿਆਪਕਾਂ 'ਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦਾ ਜਨਮ ਸਹਿਰਸਾ ਜ਼ਿਲ੍ਹੇ ਦੇ ਧਮਸੇਨਾ ਪਿੰਡ ਵਿਚ ਹੋਇਆ ਸੀ। ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਨਹੀਂ ਸੀ। ਬਚਪਨ ਤੋਂ ਹੀ ਰੌਸ਼ਨ ਨੇ ਸੀਮਤ ਸਾਧਨਾਂ 'ਚ ਪੜ੍ਹਾਈ ਕੀਤੀ। ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਸਰਕਾਰੀ ਸਕੂਲ 'ਚ ਪੂਰੀ ਹੋਈ।
ਪੜ੍ਹਾਈ ਨੂੰ ਲੈ ਕੇ ਰੌਸ਼ਨ ਦਾ ਨਜ਼ਰੀਆ ਵੱਖਰਾ ਸੀ ਤੇ ਇਹੀ ਵਜ੍ਹਾ ਸੀ ਕਿ ਪੜ੍ਹਾਈ ਸਬੰਧੀ ਆਪਣੇ ਫ਼ੈਸਲੇ ਉਹ ਖੁਦ ਲੈਂਦੇ ਸਨ। ਘੱਟ ਉਮਰ 'ਚ ਹੀ ਆਪਣੇ ਭਵਿੱਖ ਨੂੰ ਲੈ ਕੇ ਉਨ੍ਹਾਂ ਨੇ ਵੱਡੇ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਸਨ।
ਉਨ੍ਹਾਂ 15 ਸਾਲ ਦੀ ਉਮਰ 'ਚ ਆਪਣਾ ਘਰ ਛੱਡ ਦਿੱਤਾ ਅਤੇ ਕਰੀਅਰ ਬਣਾਉਣ ਤੇ ਪੜ੍ਹਾਈ ਲਈ ਪਟਨਾ ਪਹੁੰਚ ਗਏ। ਇੱਥੇ ਉਨ੍ਹਾਂ ਨੇ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕੀਤੀ। ਫਿਰ ਬਾਅਦ 'ਚ ਉਹ ਕੋਟਾ ਵੀ ਗਏ ਅਤੇ ਉੱਥੇ ਵੀ ਜ਼ਬਰਦਸਤ ਮਿਹਨਤ ਕੀਤੀ। ਉਨ੍ਹਾਂ ਦੀ ਮਿਹਨਤ ਰੰਗ ਲਿਆਈ ਤੇ AIEEE ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ BIT ਮੇਸਰਾ ਇੰਜੀਨੀਅਰਿੰਗ 'ਚ ਦਾਖਲਾ ਮਿਲਿਆ। ਹਾਲਾਂਕਿ ਆਰਥਿਕ ਚੁਣੌਤੀਆਂ ਤੇ ਹੋਰ ਹਾਲਾਤ ਕਾਰਨ ਉਹ ਇੰਜੀਨੀਅਰਿੰਗ ਪੂਰੀ ਨਹੀਂ ਕਰ ਸਕੇ। ਉਨ੍ਹਾਂ ਨੂੰ ਵਿਚਾਲੇ ਹੀ ਪੜ੍ਹਾਈ ਛੱਡਣੀ ਪਈ।
ਇਸ ਤੋਂ ਬਾਅਦ ਰੌਸ਼ਨ ਨੇ ਸਰਕਾਰੀ ਨੌਕਰੀ ਦੀ ਤਿਆਰੀ ਸ਼ੁਰੂ ਕੀਤੀ ਪਰ ਇੱਥੇ ਵੀ ਸਫ਼ਲਤਾ ਹੱਥ ਨਹੀਂ ਲੱਗੀ। 2014 ਵਿਚ ਉਨ੍ਹਾਂ ਬਿਹਾਰ ਪੁਲਿਸ ਦੀ ਲਿਖਤੀ ਪ੍ਰੀਖਿਆ ਪਾਸ ਕਰ ਲਈ ਸੀ, ਪਰ ਫਿਜ਼ੀਕਲ ਟੈਸਟ 'ਚ ਸਫ਼ਲ ਨਹੀਂ ਹੋ ਸਕੇ। ਇਸ ਤੋਂ ਇਲਾਵਾ ਬਿਹਾਰ ਲੋਕ ਸੇਵਾ ਕਮਿਸ਼ਨ (BPSC) ਦੀਆਂ ਪ੍ਰੀਖਿਆਵਾਂ 'ਚ ਵੀ ਉਹ ਇੰਟਰਵਿਊ ਤਕ ਪਹੁੰਚੇ, ਪਰ ਅੰਤਿਮ ਚੋਣ ਸੂਚੀ 'ਚ ਜਗ੍ਹਾ ਨਹੀਂ ਬਣਾ ਸਕੇ। ਲਗਾਤਾਰ ਅਸਫ਼ਲਤਾਵਾਂ ਦੇ ਬਾਵਜੂਦ ਉਨ੍ਹਾਂ ਨੇ ਤਿਆਰੀ ਜਾਰੀ ਰੱਖੀ ਅਤੇ ਹਾਰ ਨਹੀਂ ਮੰਨੀ।
ਮੁਕਾਬਲਾ ਪ੍ਰੀਖਿਆ ਦੀ ਤਿਆਰੀ ਦੌਰਾਨ ਹੀ ਰੌਸ਼ਨ ਨੇ ਕੋਚਿੰਗ ਸ਼ੁਰੂ ਕਰ ਦਿੱਤੀ ਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਸੀ ਅਤੇ ਉਹ ਫ਼ੀਸ ਦੇ ਬਦਲੇ ਵਿਦਿਆਰਥੀਆਂ ਤੋਂ ਖਾਣਾ ਸਵੀਕਾਰ ਕਰ ਲਿਆ ਕਰਦੇ ਸਨ। ਇੱਥੋਂ ਹੀ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਬੱਚਿਆਂ ਨੂੰ ਪੜ੍ਹਾਉਣ 'ਚ ਹੀ ਆਪਣਾ ਭਵਿੱਖ ਖੋਜਣਗੇ।
ਰੌਸ਼ਨ ਆਨੰਦ ਨੇ 1 ਸਤੰਬਰ 2017 ਨੂੰ 'ਗਿਆਨ ਬਿੰਦੂ ਜੀਐੱਸ ਅਕੈਡਮੀ' ਦੀ ਸ਼ੁਰੂਆਤ ਕੀਤੀ। ਇਹ ਸ਼ੁਰੂਆਤ ਬੇਹੱਦ ਛੋਟੀ ਸੀ ਅਤੇ ਉਨ੍ਹਾਂ ਕੋਲ ਸਿਰਫ਼ ਚਾਰ ਹੀ ਵਿਦਿਆਰਥੀ ਸਨ, ਪਰ ਉਨ੍ਹਾਂ ਦੇ ਪੜ੍ਹਾਉਣ ਦੇ ਤਰੀਕੇ ਅਤੇ ਮੁਕਾਬਲਾ ਪ੍ਰੀਖਿਆਵਾਂ ਦੇ ਅਨੁਭਵ ਕਰਕੇ ਹੌਲੀ-ਹੌਲੀ ਵਿਦਿਆਰਥੀਆਂ ਦੀ ਗਿਣਤੀ ਵਧਣ ਲੱਗੀ। ਅੱਜ ਗਿਆਨ ਬਿੰਦੂ ਜੀਐੱਸ ਅਕੈਡਮੀ ਨੂੰ ਬਿਹਾਰ ਦੇ ਸਭ ਤੋਂ ਬਿਹਤਰ ਕੋਚਿੰਗ ਸੰਸਥਾਵਾਂ 'ਚ ਗਿਣਿਆ ਜਾਂਦਾ ਹੈ।
ਸਿੱਖਿਆ ਤੇ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਪੜ੍ਹਾਉਣ ਵਾਲੇ ਰੌਸ਼ਨ ਸਰ ਦਾ ਨਾਂ ਹੁਣ ਵਿਵਾਦਾਂ 'ਚ ਹੈ। ਪਟਨਾ ਦੇ ਹੀ ਖ਼ਾਨ ਸਰ ਨਾਲ ਉਨ੍ਹਾਂ ਦਾ ਵਿਵਾਦ ਹੈ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।
ਦੱਸ ਦੇਈਏ ਕਿ ਖ਼ਾਨ ਸਰ ਅਤੇ ਰੌਸ਼ਨ ਆਨੰਦ ਸਰ ਦੇ ਕੋਚਿੰਗ ਸੰਸਥਾਵਾਂ ਵਿਚਾਲੇ ਦਬਦਬੇ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਇਸੇ ਦੌਰਾਨ ਮੰਗਲਵਾਰ ਨੂੰ ਇਹ ਘਟਨਾ ਵਾਪਰੀ ਹੈ। ਮੰਗਲਵਾਰ ਦੀ ਰਾਤ ਜੋ ਘਟਨਾ ਹੋਈ ਹੈ, ਉਸਦੀ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਤੋਂ ਇਹ ਪਤਾ ਲੱਗਿਆ ਹੈ ਕਿ ਰੌਸ਼ਨ ਆਨੰਦ ਦੇ ਕੋਚਿੰਗ ਸੰਸਥਾ ਨਾਲ ਜੁੜੇ ਲੋਕ ਹੀ ਪੱਥਰਬਾਜ਼ੀ ਅਤੇ ਤੋੜ-ਭੰਨ ਕਰ ਰਹੇ ਹਨ।