ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਭਾਜਪਾ ਨੇ ਮਮਤਾ ਬੈਨਰਜੀ ਦੇ 15 ਸਾਲਾਂ ਦੇ ਸ਼ਾਸਨ ਨੂੰ ਉਖਾੜ ਦਿੱਤਾ। ਹਾਲਾਂਕਿ ਇਸ ਜਿੱਤ ਦੇ ਕਈ ਨਾਇਕ ਹਨ, ਪਰ ਇੱਕ ਨਾਮ ਜੋ ਸਭ ਤੋਂ ਵੱਧ ਚਰਚਾ ਵਿੱਚ ਹੈ, ਉਹ ਹੈ ਸੁਨੀਲ ਬੰਸਲ ਦਾ, ਜਿਨ੍ਹਾਂ ਨੇ ਪਾਰਟੀ ਦੀ ਇਸ ਵੱਡੀ ਜਿੱਤ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ। ਆਓ, ਸੁਨੀਲ ਬੰਸਲ ਦੇ ਸਿਆਸੀ ਸਫ਼ਰ 'ਤੇ ਇੱਕ ਨਜ਼ਰ ਮਾਰਦੇ ਹਾਂ।

ਏ.ਬੀ.ਵੀ.ਪੀ. (ABVP) ਤੋਂ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਬੰਸਲ ਰਾਜਸਥਾਨ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1989 ਵਿੱਚ ਰਾਜਸਥਾਨ ਯੂਨੀਵਰਸਿਟੀ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਇਸ ਤੋਂ ਬਾਅਦ ਉਹ ਰਾਸ਼ਟਰੀ ਸਵੈਮ ਸੇਵਕ ਸੰਘ (RSS) ਨਾਲ ਜੁੜ ਗਏ ਅਤੇ 1990 ਵਿੱਚ ਆਰ.ਐੱਸ.ਐੱਸ. ਦੇ ਪ੍ਰਚਾਰਕ ਵਜੋਂ ਕੰਮ ਸ਼ੁਰੂ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (BJP) ਦੇ ਮੈਂਬਰ ਵਜੋਂ ਸਰਗਰਮ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ।
ਅਮਿਤ ਸ਼ਾਹ ਦੀ ਰਣਨੀਤੀ ਨੂੰ ਜ਼ਮੀਨੀ ਪੱਧਰ 'ਤੇ ਉਤਾਰਨ ਵਾਲੇ ਸੂਤਰਧਾਰ
2014 ਦੀਆਂ ਚੋਣਾਂ ਤੋਂ ਪਹਿਲਾਂ ਆਰ.ਐੱਸ.ਐੱਸ. ਨੇ ਬੰਸਲ ਨੂੰ ਭਾਜਪਾ ਵਿੱਚ ਭੇਜਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦਾ ਸਹਿ-ਸੰਗਠਨ ਮੰਤਰੀ ਬਣਾਇਆ ਗਿਆ। ਉਸ ਸਮੇਂ ਅਮਿਤ ਸ਼ਾਹ ਰਾਸ਼ਟਰੀ ਜਨਰਲ ਸਕੱਤਰ ਵਜੋਂ ਯੂ.ਪੀ. ਦੇ ਇੰਚਾਰਜ ਸਨ। ਬੰਸਲ ਨੂੰ ਸ਼ਾਹ ਦੇ ਨਾਲ ਨੇੜਿਓਂ ਕੰਮ ਕਰਨ ਦਾ ਮੌਕਾ ਮਿਲਿਆ।
ਇੱਥੇ ਬੰਸਲ ਨੇ ਆਪਣੀ ਜਥੇਬੰਦਕ ਸਮਰੱਥਾ, ਅਨੁਸ਼ਾਸਨ ਅਤੇ ਮਿਹਨਤ ਨਾਲ ਸ਼ਾਹ ਨੂੰ ਪ੍ਰਭਾਵਿਤ ਕੀਤਾ। ਖੇਤਰੀ ਪਾਰਟੀਆਂ ਨੂੰ ਜੋੜਨ, ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਅਤੇ 'ਪੰਨਾ ਪ੍ਰਮੁੱਖ' ਵਰਗੀਆਂ ਸ਼ਾਹ ਦੀਆਂ ਮਹੱਤਵਪੂਰਨ ਯੋਜਨਾਵਾਂ ਨੂੰ ਬੰਸਲ ਨੇ ਲਾਗੂ ਕੀਤਾ। ਉਨ੍ਹਾਂ ਨੇ ‘ਮੇਰਾ ਬੂਥ ਸਭ ਤੋਂ ਮਜ਼ਬੂਤ’ ਮੁਹਿੰਮ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਬੰਸਲ ਨੂੰ ਤਰੱਕੀ ਦਿੰਦੇ ਹੋਏ ਉੱਤਰ ਪ੍ਰਦੇਸ਼ ਦਾ ਸੰਗਠਨ ਮੰਤਰੀ ਬਣਾ ਦਿੱਤਾ ਗਿਆ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਵੱਡੀ ਜਿੱਤ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। 2019 ਅਤੇ 2022 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਨੇ ਯੂ.ਪੀ. ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
ਲਗਾਤਾਰ ਅੱਠ ਸਾਲਾਂ ਤੱਕ ਯੂਪੀ (UP) ਵਿੱਚ ਸੰਗਠਨ ਮੰਤਰੀ ਰਹਿੰਦਿਆਂ ਉਨ੍ਹਾਂ ਨੇ ਯੋਗੀ ਸਰਕਾਰ ਅਤੇ ਪਾਰਟੀ ਸੰਗਠਨ ਵਿਚਕਾਰ ਬਿਹਤਰ ਤਾਲਮੇਲ ਬਣਾਈ ਰੱਖਿਆ। 2022 ਵਿੱਚ ਯੋਗੀ ਸਰਕਾਰ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਬੁਲਾਇਆ ਗਿਆ ਅਤੇ ਜੇ.ਪੀ. ਨੱਢਾ ਦੀ ਟੀਮ ਵਿੱਚ ਰਾਸ਼ਟਰੀ ਜਨਰਲ ਸਕੱਤਰ ਬਣਾਇਆ ਗਿਆ। ਉਨ੍ਹਾਂ ਨੂੰ ਓਡੀਸ਼ਾ, ਤੇਲੰਗਾਨਾ ਅਤੇ ਪੱਛਮੀ ਬੰਗਾਲ ਵਰਗੇ ਅਹਿਮ ਸੂਬਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ।
ਓਡੀਸ਼ਾ ਵਿੱਚ ਇੰਚਾਰਜ ਵਜੋਂ ਬੰਸਲ ਨੇ ਨਵੀਨ ਪਟਨਾਇਕ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੱਤਾ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨੇ ਉੱਥੇ ਪਾਰਟੀ ਸੰਗਠਨ ਨੂੰ ਬੁਨਿਆਦੀ ਪੱਧਰ ਤੱਕ ਮਜ਼ਬੂਤ ਕੀਤਾ। ਇਸ ਦਾ ਨਤੀਜਾ ਇਹ ਰਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ 21 ਵਿੱਚੋਂ 20 ਸੀਟਾਂ ਜਿੱਤ ਲਈਆਂ ਅਤੇ ਵਿਧਾਨ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਹਾਸਲ ਕਰਕੇ ਰਾਜ ਵਿੱਚ ਪਹਿਲੀ ਵਾਰ ਆਪਣੀ ਸਰਕਾਰ ਬਣਾਈ।
ਤੇਲੰਗਾਨਾ ਵਿੱਚ ਵੀ ਬੰਸਲ ਦੇ ਸੰਗਠਨ ਕੌਸ਼ਲ ਨੇ ਕਮਾਲ ਦਿਖਾਇਆ। ਉਨ੍ਹਾਂ ਦੀ ਰਣਨੀਤੀ ਸਦਕਾ ਭਾਜਪਾ ਨੂੰ ਰਾਜ ਦੀਆਂ 17 ਲੋਕ ਸਭਾ ਸੀਟਾਂ ਵਿੱਚੋਂ 8 'ਤੇ ਜਿੱਤ ਹਾਸਲ ਹੋਈ। ਹਾਲਾਂਕਿ ਪੱਛਮੀ ਬੰਗਾਲ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਵਿੱਚ 2019 ਵਾਲਾ ਪ੍ਰਦਰਸ਼ਨ ਦੁਹਰਾਉਣ ਵਿੱਚ ਸਫ਼ਲਤਾ ਨਹੀਂ ਮਿਲੀ। 2019 ਵਿੱਚ 40.64% ਵੋਟ ਸ਼ੇਅਰ ਦੇ ਨਾਲ 18 ਸੀਟਾਂ ਮਿਲੀਆਂ ਸਨ, ਜਦੋਂ ਕਿ 2024 ਵਿੱਚ ਵੋਟ ਸ਼ੇਅਰ ਥੋੜ੍ਹਾ ਘਟ ਕੇ 38.73% ਰਹਿ ਗਿਆ ਅਤੇ ਸੀਟਾਂ 12 'ਤੇ ਸਿਮਟ ਗਈਆਂ।
2026 ਦੀਆਂ ਵਿਧਾਨ ਸਭਾ ਚੋਣਾਂ ਨੂੰ ਨਿਸ਼ਾਨਾ ਬਣਾ ਕੇ ਬੰਸਲ ਨੇ ਪੂਰੀ ਤਿਆਰੀ ਸ਼ੁਰੂ ਕੀਤੀ। ਉਨ੍ਹਾਂ ਨੇ ਸਥਾਨਕ ਮੁੱਦਿਆਂ ਦੀ ਪਛਾਣ ਕੀਤੀ ਅਤੇ ਕੇਂਦਰੀ ਲੀਡਰਸ਼ਿਪ ਤੇ ਸੂਬਾ ਸੰਗਠਨ ਵਿਚਕਾਰ ਬਿਹਤਰ ਤਾਲਮੇਲ ਸਥਾਪਤ ਕੀਤਾ। ਹਾਲ ਹੀ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ 207 ਸੀਟਾਂ ਜਿੱਤ ਕੇ ਪੱਛਮੀ ਬੰਗਾਲ ਵਿੱਚ ਪਹਿਲੀ ਵਾਰ ਆਪਣੀ ਸਰਕਾਰ ਬਣਾ ਕੇ ਇਤਿਹਾਸ ਰਚ ਦਿੱਤਾ ਹੈ।
ਹਾਸ਼ੀਏ 'ਤੇ ਰਹੇ ਆਗੂਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ, ਪਾਰਟੀ ਨੂੰ ਇਕਜੁੱਟ ਕੀਤਾ ਅਤੇ ਬੂਥ ਪੱਧਰ ਤੱਕ ਵਿਆਪਕ ਮੁਹਿੰਮ ਚਲਾਈ। ਐੱਸ.ਆਈ.ਆਰ. (ਸੂਚਨਾ, ਸੰਚਾਰ ਅਤੇ ਰਣਨੀਤੀ) ਨੂੰ ਸਰਗਰਮ ਕੀਤਾ ਅਤੇ ਡਾਟਾ ਆਧਾਰਿਤ 'ਮਾਈਕ੍ਰੋ ਮੈਨੇਜਮੈਂਟ' 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਹਰ ਵਿਧਾਨ ਸਭਾ ਹਲਕੇ ਦੇ ਜਾਤੀ ਸਮੀਕਰਨਾਂ, ਸਥਾਨਕ ਮੁੱਦਿਆਂ ਅਤੇ ਉਮੀਦਵਾਰਾਂ ਦੀ ਲੋਕਪ੍ਰਿਯਤਾ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ। ਆਰ.ਐੱਸ.ਐੱਸ. ਨਾਲ ਤਾਲਮੇਲ ਬਣਾਇਆ ਅਤੇ ਉਮੀਦਵਾਰਾਂ ਦੀ ਚੋਣ ਵਿੱਚ ਉਨ੍ਹਾਂ ਦੀ ਫੀਡਬੈਕ ਲਈ।
ਅਮਿਤ ਸ਼ਾਹ ਦੇ 15 ਦਿਨਾਂ ਦੇ ਰਾਜ ਦੌਰੇ ਦੌਰਾਨ ਉਨ੍ਹਾਂ ਨਾਲ ਨੇੜਿਓਂ ਕੰਮ ਕੀਤਾ ਅਤੇ ਉਨ੍ਹਾਂ ਦੇ ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ। ਨਾਰਾਜ਼ ਆਗੂਆਂ ਨੂੰ ਮਨਾਉਣ ਅਤੇ ਚੋਣ ਚੁਣੌਤੀਆਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੇ ਖ਼ੁਦ ਸੰਭਾਲੀ।
ਬੰਸਲ ਨੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ, ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਦੇਬ ਅਤੇ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਵਰਗੇ ਸਾਥੀਆਂ ਨਾਲ ਮਿਲ ਕੇ ਅਮਿਤ ਸ਼ਾਹ ਦੀ ਰਣਨੀਤੀ ਨੂੰ ਬੰਗਾਲ ਦੀ ਧਰਤੀ 'ਤੇ ਉਤਾਰਿਆ।
ਉਨ੍ਹਾਂ ਦੇ ਸ਼ਾਂਤ ਸੁਭਾਅ ਪਰ ਬੇਹੱਦ ਪ੍ਰਭਾਵਸ਼ਾਲੀ ਕਾਰਜਸ਼ੈਲੀ ਕਾਰਨ ਉਨ੍ਹਾਂ ਨੂੰ ਭਾਜਪਾ ਦਾ 'ਇਲੈਕਸ਼ਨ ਇੰਜੀਨੀਅਰ' ਕਿਹਾ ਜਾਂਦਾ ਹੈ। ਉਹ ਔਖੇ ਰਾਜਾਂ ਵਿੱਚ ਪਾਰਟੀ ਦਾ ਸੰਗਠਨ ਖੜ੍ਹਾ ਕਰਨ ਅਤੇ ਉਸ ਨੂੰ 'ਚੋਣ ਮਸ਼ੀਨ' ਵਿੱਚ ਬਦਲਣ ਦੇ ਮਾਹਰ ਮੰਨੇ ਜਾਂਦੇ ਹਨ।
ਸੁਨੀਲ ਬੰਸਲ ਦਾ ਨਾਂ ਜੇ.ਪੀ. ਨੱਢਾ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਲਈ ਵੀ ਚਰਚਾ ਵਿੱਚ ਰਿਹਾ ਸੀ, ਹਾਲਾਂਕਿ ਇਹ ਜ਼ਿੰਮੇਵਾਰੀ ਨਿਤਿਨ ਨਵੀਨ ਨੂੰ ਸੌਂਪੀ ਗਈ। ਰਾਜਸਥਾਨ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਸੀ, ਪਰ ਭਜਨ ਲਾਲ ਸ਼ਰਮਾ ਨੇ ਬਾਜ਼ੀ ਮਾਰੀ। ਹੁਣ 2027 ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਨੀਪੁਰ, ਗੋਆ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
ਪੰਜਾਬ ਅਤੇ ਹਿਮਾਚਲ ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਪਾਰਟੀ ਦੇ ਸਾਹਮਣੇ ਆਪਣੀਆਂ ਸਰਕਾਰਾਂ ਬਚਾਉਣ ਦੇ ਨਾਲ-ਬਾਲ ਪੰਜਾਬ ਅਤੇ ਹਿਮਾਚਲ ਵਿੱਚ ਸੱਤਾ ਹਾਸਲ ਕਰਨ ਦੀ ਚੁਣੌਤੀ ਹੈ। ਦੇਖਣਾ ਹੋਵੇਗਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਬੰਸਲ ਨੂੰ ਕਿਹੜੀ ਵੱਡੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।