ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਿਉਂਗ (Lee Jae Myung) ਨਾਲ ਵਿਸਤ੍ਰਿਤ ਗੱਲਬਾਤ ਕਰਨਗੇ। ਇਸ ਮੁਲਾਕਾਤ ਦਾ ਮੁੱਖ ਕੇਂਦਰ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਦੱਸ ਦੇਈਏ ਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਤਿੰਨ ਦਿਨਾਂ ਦੇ ਭਾਰਤ ਦੌਰੇ 'ਤੇ ਆਏ ਹੋਏ ਹਨ। ਦੋਵਾਂ ਦੇਸ਼ਾਂ ਦੇ ਆਪਸੀ ਸਬੰਧ ਹਮੇਸ਼ਾ ਸੁਖਾਵੇਂ ਰਹੇ ਹਨ।

ਵਿੱਤੀ ਸਾਲ 2024-25 ਦੌਰਾਨ ਭਾਰਤ ਅਤੇ ਦੱਖਣੀ ਕੋਰੀਆ ਵਿਚਾਲੇ ਦੁਵੱਲਾ ਵਪਾਰ 26.89 ਬਿਲੀਅਨ ਡਾਲਰ (ਲਗਪਗ 2.5 ਲੱਖ ਕਰੋੜ ਰੁਪਏ) ਰਿਹਾ। ਉੱਥੇ ਹੀ ਅਪ੍ਰੈਲ 2000 ਤੋਂ ਮਾਰਚ 2025 ਤੱਕ, ਦੱਖਣੀ ਕੋਰੀਆ ਭਾਰਤ ਦਾ 13ਵਾਂ ਸਭ ਤੋਂ ਵੱਡਾ FDI (ਸਿੱਧਾ ਵਿਦੇਸ਼ੀ ਨਿਵੇਸ਼) ਨਿਵੇਸ਼ਕ ਰਿਹਾ, ਜਿਸ ਦਾ ਨਿਵੇਸ਼ 6.69 ਬਿਲੀਅਨ ਡਾਲਰ (62 ਹਜ਼ਾਰ ਕਰੋੜ ਰੁਪਏ ਤੋਂ ਵੱਧ) ਰਿਹਾ।
ਭਾਰਤ ਵਿੱਚ ਜਿਨ੍ਹਾਂ ਖੇਤਰਾਂ ਵਿੱਚ ਦੱਖਣੀ ਕੋਰੀਆ ਨੇ ਨਿਵੇਸ਼ ਕੀਤਾ, ਉਨ੍ਹਾਂ ਵਿੱਚ ਧਾਤੂ ਵਿਗਿਆਨ, ਆਟੋਮੋਬਾਈਲ, ਇਲੈਕਟ੍ਰਾਨਿਕਸ, ਪ੍ਰਾਈਮ ਮੂਵਰਸ, ਮਸ਼ੀਨ ਟੂਲਸ, ਹਸਪਤਾਲ ਅਤੇ ਡਾਇਗਨੌਸਟਿਕ ਸੈਂਟਰ ਪ੍ਰਮੁੱਖ ਹਨ।
ਸਾਲ 2030 ਤੱਕ ਹੋਰ ਵਪਾਰ ਵਧਣ ਦਾ ਅਨੁਮਾਨ?
ਜਿਵੇਂ-ਜਿਵੇਂ ਦੱਖਣੀ ਕੋਰੀਆ ਦੇ ਨਾਲ ਭਾਰਤ ਦੇ ਆਰਥਿਕ ਸਬੰਧ ਲਗਾਤਾਰ ਵਧ ਰਹੇ ਹਨ, 2030 ਤੱਕ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ 50 ਬਿਲੀਅਨ ਡਾਲਰ (4.63 ਲੱਖ ਕਰੋੜ ਰੁਪਏ) ਤੱਕ ਪਹੁੰਚਣ ਦੀ ਸੰਭਾਵਨਾ ਹੈ।
ਦੱਖਣੀ ਕੋਰੀਆ ਭਾਰਤ ਤੋਂ ਕੀ-ਕੀ ਖਰੀਦਦਾ ਹੈ?
• ਵਿੱਤੀ ਸਾਲ 2024-25 (FY25) ਦੇ ਦੌਰਾਨ ਦੱਖਣੀ ਕੋਰੀਆ ਨੂੰ ਭਾਰਤ ਦਾ ਬਰਾਮਦ 5.82 ਬਿਲੀਅਨ ਡਾਲਰ (ਲਗਪਗ 54 ਹਜ਼ਾਰ ਕਰੋੜ ਰੁਪਏ) ਰਿਹਾ।
• ਵਿੱਤੀ ਸਾਲ 2024-25 ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ ਲਗਪਗ 3,200 ਵਸਤੂਆਂ ਦਾ ਬਰਾਮਦ ਕੀਤਾ।
• ਭਾਰਤ ਤੋਂ ਦੱਖਣੀ ਕੋਰੀਆ ਨੂੰ ਭੇਜੀਆਂ ਜਾਣ ਵਾਲੀਆਂ ਮੁੱਖ ਵਸਤੂਆਂ ਵਿੱਚ ਇੰਜੀਨੀਅਰਿੰਗ ਦਾ ਸਾਮਾਨ (2.6 ਬਿਲੀਅਨ ਡਾਲਰ), ਪੈਟਰੋਲੀਅਮ ਉਤਪਾਦ (964 ਮਿਲੀਅਨ ਡਾਲਰ), ਆਰਗੈਨਿਕ ਅਤੇ ਇਨ-ਆਰਗੈਨਿਕ ਕੈਮੀਕਲ (730 ਮਿਲੀਅਨ ਡਾਲਰ), ਦਵਾਈਆਂ ਅਤੇ ਫਾਰਮਾਸਿਊਟੀਕਲ (187 ਮਿਲੀਅਨ ਡਾਲਰ) ਅਤੇ ਹੋਰ ਵਸਤੂਆਂ (205 ਮਿਲੀਅਨ ਡਾਲਰ) ਸ਼ਾਮਲ ਹਨ।
• ਇਨ੍ਹਾਂ ਵਿੱਚੋਂ ਵੀ ਜਿਹੜੀਆਂ ਚੀਜ਼ਾਂ ਸਭ ਤੋਂ ਵੱਧ ਨਿਰਯਾਤ ਕੀਤੀਆਂ ਗਈਆਂ, ਉਨ੍ਹਾਂ ਵਿੱਚ ਨਿਊਕਲੀਅਰ ਰਿਐਕਟਰ, ਬਾਇਲਰ, ਮਸ਼ੀਨਰੀ ਅਤੇ ਮਕੈਨੀਕਲ ਉਪਕਰਨ (898.14 ਮਿਲੀਅਨ ਡਾਲਰ), ਖਣਿਜ ਬਾਲਣ (Mineral Fuels), ਖਣਿਜ ਤੇਲ ਅਤੇ ਉਨ੍ਹਾਂ ਦੇ ਉਤਪਾਦ (975.56 ਮਿਲੀਅਨ ਡਾਲਰ), ਐਲੂਮੀਨੀਅਮ ਅਤੇ ਉਸ ਤੋਂ ਬਣੀਆਂ ਵਸਤੂਆਂ (585.67 ਮਿਲੀਅਨ ਡਾਲਰ), ਲੋਹਾ ਅਤੇ ਸਟੀਲ (393.09 ਮਿਲੀਅਨ ਡਾਲਰ) ਆਦਿ ਮੁੱਖ ਹਨ।
ਭਾਰਤ ਨੇ ਕੀ-ਕੀ ਖਰੀਦਿਆ?
• ਵਿੱਤੀ ਸਾਲ 2024-25 (FY25) ਦੇ ਦੌਰਾਨ, ਦੱਖਣੀ ਕੋਰੀਆ ਤੋਂ ਭਾਰਤ ਵਿੱਚ ਦਰਾਮਦ 21.07 ਬਿਲੀਅਨ ਡਾਲਰ ਰਿਹਾ।
• ਭਾਰਤ ਨੇ ਦੱਖਣੀ ਕੋਰੀਆ ਤੋਂ ਲਗਪਗ 3,100 ਵਸਤੂਆਂ ਦਾ ਦਰਾਮਦ ਕੀਤਾ।
• ਭਾਰਤ ਦੇ ਦਰਾਮਦ ਵਿੱਚ ਮੁੱਖ ਤੌਰ 'ਤੇ ਇਲੈਕਟ੍ਰੀਕਲ ਉਤਪਾਦ (5.15 ਬਿਲੀਅਨ ਡਾਲਰ), ਪੈਟਰੋਲੀਅਮ ਉਤਪਾਦ (2.36 ਬਿਲੀਅਨ ਡਾਲਰ), ਲੋਹਾ ਅਤੇ ਸਟੀਲ (2.59 ਬਿਲੀਅਨ ਡਾਲਰ), ਪਲਾਸਟਿਕ ਅਤੇ ਪਲਾਸਟਿਕ ਤੋਂ ਬਣੀਆਂ ਵਸਤੂਆਂ (2.29 ਬਿਲੀਅਨ ਡਾਲਰ) ਅਤੇ ਪਰਮਾਣੂ ਉਤਪਾਦ ਤੇ ਮਸ਼ੀਨਰੀ (2.31 ਬਿਲੀਅਨ ਡਾਲਰ) ਆਦਿ ਸ਼ਾਮਲ ਹਨ।