ਜੇਐੱਨਐੱਨ, ਕੋਲਕਾਤਾ : ਬੰਗਾਲ 'ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਸੂਬੇ 'ਚ ਲਗਾਤਾਰ ਦੂਜੇ ਦਿਨ ਚੋਣ ਰੈਲੀ ਕੀਤੀ। ਇਸ ਦੌਰਾਨ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ 'ਤੇ ਤਿੱਖਾ ਹਮਲਾ ਕੀਤਾ। ਪੂਰਬੀ ਬਰਧਮਾਨ ਜ਼ਿਲ੍ਹੇ ਦੇ ਪੂਰਵਸਥਲੀ 'ਚ ਰੈਲੀ ਦੌਰਾਨ ਸ਼ਾਹ ਨੇ ਕਿਹਾ ਕਿ ਮਮਤਾ ਦੀਦੀ ਨੇ ਸ਼ਾਸਨ ਨੂੰ ਲਿਆਉਣਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਹੁਣੇ ਜਿਹੇ ਦੀਦੀ ਦਾ ਇਕ ਆਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਕੂਚਬਿਹਾਰ 'ਚ ਜਿਹੜੇ ਚਾਰ ਲੋਕ ਮੰਦਭਾਗੀ ਘਟਨਾ 'ਚ ਮਾਰੇ ਗਏ ਹਨ, ਉਨ੍ਹਾਂ ਦੀਆਂ ਲਾਸ਼ਾਂ ਨਾਲ ਜਲੂਸ ਕੱਢਣਾ ਹੈ। ਦੀਦੀ, ਸ਼ਰਮ ਕਰੋ, ਮਿ੍ਤ ਲੋਕਾਂ ਨਾਲ ਵੀ ਤੁਸੀਂ ਸਿਆਸਤ ਕਰ ਰਹੇ ਹੋ। ਉੱਥੇ ਹੀ ਘੁਸਪੈਠ ਦੇ ਮੁੱਦੇ 'ਤੇ ਸ਼ਾਹ ਨੇ ਮਮਤਾ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਘੁਸਪੈਠੀਏ ਬੰਗਾਲ ਦੇ ਲੋਕਾਂ ਤੇ ਨੌਜਵਾਨਾਂ ਦੇ ਹੱਕ ਦਾ ਰੁਜ਼ਗਾਰ ਖੋਹ ਲੈਂਦੇ ਹਨ।

ਬੰਗਾਲ ਦੇ ਗ਼ਰੀਬਾਂ ਦੇ ਹੱਕ ਦਾ ਚਾਵਲ ਤੇ ਰਾਸ਼ਨ ਲੈ ਜਾਂਦੇ ਹਨ। ਬੰਗਾਲ 'ਚ ਕਾਨੂੰਨ-ਵਿਵਸਥਾ ਵਿਗਾੜਦੇ ਹਨ। ਘੁਸਪੈਠ ਰੋਕਣ ਦਾ ਕੰਮ ਸਿਰਫ਼ ਭਾਜਪਾ ਕਰ ਸਕਦੀ ਹੈ ਤੇ ਕੋਈ ਨਹੀਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਘੁਸਪੈਠ ਤੋਂ ਸਿਰਫ਼ ਭਾਜਪਾ ਬਚਾਅ ਸਕਦੀ ਹੈ।

ਸ਼ਾਹ ਨੇ ਅੱਗੇ ਕਿਹਾ ਕਿ ਭਾਰਤ 'ਚ ਆਮ ਤੌਰ 'ਤੇ ਇਕ ਤਰ੍ਹਾਂ ਦੇ ਨਾਗਰਿਕ ਰਹਿੰਦੇ ਹਨ, ਪਰ ਬੰਗਾਲ 'ਚ ਤਿੰਨ ਤਰ੍ਹਾਂ ਦੇ ਨਾਗਰਿਕ ਹਨ। ਪਹਿਲੇ, ਘੁਸਪੈਠੀਏ, ਜਿਹੜੇ ਦੀਦੀ ਨੂੰ ਬਹੁਤ ਪਸੰਦ ਕਰਦੇ ਹਨ। ਦੂਜੇ, ਆਮ ਲੋਕ ਜਿਵੇ ਤੁਸੀਂ ਤੇ ਅਸੀਂ, ਜਿਨ੍ਹਾਂ ਨੂੰ ਬੰਗਾਲ 'ਚ ਦੂਜੇ ਦਰਜੇ ਨਾਗਰਿਕ ਮੰਨਿਆ ਜਾਂਦਾ ਹੈ। ਤੀਜੇ ਮਤੁਆ ਤੇ ਨਾਮਸ਼ੂਦਰ ਜਿਵੇਂ ਸ਼ਰਨਾਰਥੀ, ਜਿਨ੍ਹਾਂ ਨੂੰ ਕਰੀਬ 70 ਸਾਲਾਂ ਤੋਂ ਨਾਗਰਿਕਤਾ ਨਹੀਂ ਮਿਲੀ ਤੇ ਉਹ ਆਮ ਜੀਵਨ ਨਹੀਂ ਜੀਅ ਸਕਦੇ। ਉਨ੍ਹਾਂ ਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ ਤੇ ਭਾਜਪਾ ਉਨ੍ਹਾਂ ਨੂੰ ਦੇਵੇਗੀ।

ਦੀਦੀ ਕੋਲ ਵਿਕਾਸ ਦਾ ਕੋਈ ਏਜੰਡਾ ਨਹੀਂ

ਸ਼ਾਹ ਨੇ ਅੱਗੇ ਕਿਹਾ ਕਿ ਦੀਦੀ ਕੋਲ ਬੰਗਾਲ ਦੇ ਵਿਕਾਸ ਦਾ ਕੋਈ ਏਜੰਡਾ ਨਹੀਂ ਹੈ। ਦੀਦੀ ਬੰਗਾਲ 'ਚ 12 ਮਿੰਟ ਭਾਸ਼ਣ ਦਿੰਦੀ ਹੈ, ਜਿਸ 'ਚ 10 ਮਿੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੈਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਦੋ ਮਿੰਟ ਕੇਂਦਰੀ ਸੁਰੱਖਿਆ ਬਲਾਂ ਨੂੰ ਕੋਸਦੀ ਹੈ। ਬੰਗਾਲ ਦਾ ਨੌਜਵਾਨ ਅੱਜ ਰੁਜ਼ਗਾਰ ਲਈ ਸੂਬੇ ਤੋਂ ਬਾਹਰ ਜਾ ਰਿਹਾ ਹੈ। ਅਸੀਂ ਤੈਅ ਕੀਤਾ ਹੈ ਕਿ ਪੰਜ ਸਾਲ ਦੇ ਅੰਦਰ ਹਰ ਪਰਿਵਾਰ ਤੋਂ ਇਕ ਵਿਅਕਤੀ ਨੂੰ ਰੁਜ਼ਗਾਰ ਦੇਣਗੇ। ਸੂਬੇ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਅਜਿਹਾ ਕੀਤਾ ਜਾਵੇਗਾ।