ਉੱਥੇ, ਇਜ਼ਰਾਈਲ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ’ਚ ਹਮਲੇ ਹੋਰ ਖ਼ਤਰਨਾਕ ਹੋਣਗੇ। ਇਜ਼ਰਾਈਲ ਨੇ ਈਰਾਨ ’ਤੇ ਤਾਬੜਤੋੜ ਹਮਲੇ ਕੀਤੇ, ਜਿਸ ਤੋਂ ਬਾਅਦ ਈਰਾਨ ਨੇ ਦੋਸ਼ ਲਗਾਇਆ ਕਿ ਉਸ ਦੇ ਨਤਾਂਜ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਈਰਾਨ ਨੇ ਚਾਰ ਹਜ਼ਾਰ ਕਿਲੋਮੀਟਰ ਦੂਰ ਹਿੰਦ ਮਹਾਸਾਗਰ ’ਚ ਸਥਿਤ ਅਮਰੀਕਾ ਤੇ ਬਰਤਾਨੀਆ ਦੇ ਸਾਂਝੇ ਫ਼ੌਜੀ ਅੱਡੇ ਡਿਏਗੋ ਗਾਰਸ਼ੀਆ ’ਤੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗ ਕੇ ਹੈਰਾਨ ਕਰ ਦਿੱਤਾ ਹੈ। ਇਕ ਮਿਜ਼ਾਈਲ ਰਸਤੇ ’ਚ ਹੀ ਰਹਿ ਗਈ, ਜਦਕਿ ਦੂਜੀ ਨੂੰ ਇੰਟਰਸੈਪਟ ਕਰ ਲਿਆ ਗਿਆ। ਇਹ ਹਮਲਾ ਬਰਤਾਨੀਆ ਵਲੋਂ ਅਮਰੀਕਾ ਨੂੰ ਆਪਣੇ ਫ਼ੌਜੀ ਅੱਡਿਆਂ ਦੇ ਇਸਤੇਮਾਲ ਦੀ ਛੋਟ ਦੇਣ ਤੋਂ ਬਾਅਦ ਕੀਤਾ ਗਿਆ। ਬਰਤਾਨੀਆ ਨੇ ਇਸ ਹਮਲੇ ਦੀ ਨਿੰਦਾ ਕੀਤੀ ਜਦਕਿ ਈਰਾਨ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਦਾ ਕੋਈ ਵੀ ਫ਼ੌਜੀ ਅੱਡਾ ਉਨ੍ਹਾਂ ਦੀ ਪਹੁੰਚ ਤੋਂ ਦੂਰ ਨਹੀਂ ਹੈ। ਤਿੰਨ ਹਫ਼ਤਿਆਂ ਤੋਂ ਜਾਰੀ ਜੰਗ ’ਚ ਇਕ ਵਾਰ ਮੁੜ ਅਮਰੀਕਾ ਤੇ ਇਜ਼ਰਾਈਲ ਵਿਚਾਲੇ ਜੰਗ ਨੂੰ ਲੈ ਕੇ ਆਪਾਵਿਰੋਧ ਦਿਸਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਤਹਿਰਾਨ ’ਚ ਆਪਣੀ ਫ਼ੌਜੀ ਮੁਹਿੰਮ ਨੂੰ ਖ਼ਤਮ ਕਰਨ ਦੇ ਬਹੁਤ ਕਰੀਬ ਹਨ। ਉੱਥੇ, ਇਜ਼ਰਾਈਲ ਨੇ ਕਿਹਾ ਕਿ ਆਉਣ ਵਾਲੇ ਹਫ਼ਤਿਆਂ ’ਚ ਹਮਲੇ ਹੋਰ ਖ਼ਤਰਨਾਕ ਹੋਣਗੇ। ਇਜ਼ਰਾਈਲ ਨੇ ਈਰਾਨ ’ਤੇ ਤਾਬੜਤੋੜ ਹਮਲੇ ਕੀਤੇ, ਜਿਸ ਤੋਂ ਬਾਅਦ ਈਰਾਨ ਨੇ ਦੋਸ਼ ਲਗਾਇਆ ਕਿ ਉਸ ਦੇ ਨਤਾਂਜ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੀ ਸ਼ਿਕਾਇਤ ਅੰਤਰਰਾਸ਼ਟਰੀ ਪਰਮਾਣੂ ਏਜੰਸੀ ਆਈਏਈਏ ਨੂੰ ਕੀਤੀ ਗਈ ਹੈ। 22 ਦੇਸ਼ਾਂ ਨੇ ਈਰਾਨ ਨੂੰ ਹਮਲੇ ਰੋਕਣ ਤੇ ਹੋਰਮੁਜ਼ ਜਲਮਾਰਗ ਨੂੰ ਖੋਲ੍ਹਣ ਦੀ ਅਪੀਲ ਕੀਤੀ ਹੈ, ਜਦਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਜੰਗ ਪੂਰੀ ਤਰ੍ਹਾਂ ਰੁਕਣੀ ਚਾਹੀਦੀ ਹੈ। ਅਮਰੀਕਾ ਨੇ ਈਰਾਨ ਤੋਂ ਪਰਮਾਣੂ ਸਮੱਗਰੀ ਕੱਢਣ ਦੀ ਗੁਪਤ ਯੋਜਨਾ ਤਿਆਰ ਕੀਤੀ ਹੈ।
ਡਿਏਗੋ ਗਾਰਸ਼ੀਆ ’ਤੇ ਈਰਾਨ ਦੇ ਹਮਲੇ ਤੋਂ ਬਾਅਦ ਉਸ ਦੀ ਮਿਜ਼ਾਈਲ ਸਮਰੱਥਾ ਮੁੜ ਚਰਚਾਵਾਂ ’ਚ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਸੀ ਕਿ ਈਰਾਨ ਕੋਲ 2000 ਕਿਲੋਮੀਟਰ ਤੋਂ ਜ਼ਿਆਦਾ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨਹੀਂ ਹਨ। ਉੱਥੇ, ਅਮਰੀਕੀ ਅਧਿਕਾਰੀ ਲੰਬੇ ਸਮੇਂ ਤੋਂ ਕਹਿੰਦੇ ਰਹੇ ਹਨ ਕਿ ਈਰਾਨ ਦਾ ਪੁਲਾੜ ਪ੍ਰੋਗਰਾਮ ਉਸ ਨੂੰ ਅੰਤਰ ਮਹਾਦਵੀਪੀ ਬੈਲਿਸਟਿਕ ਮਿਜ਼ਾਈਲ ਬਣਾਉਣ ਦੀ ਸਮਰੱਥਾ ਪ੍ਰਦਾਨ ਕਰ ਸਕਦਾ ਹੈ। ਡਿਏਗੋ ਗਾਰਸ਼ੀਆ ਅਮਰੀਕਾ ਦਾ ਬਹੁਤ ਮਹੱਤਵਪੂਰਣ ਫ਼ੌਜੀ ਅੱਡਾ ਹੈ, ਜਿੱਥੇ ਬੀ-2 ਤੇ ਬੀ-52 ਵਰਗੇ ਖਤਰਨਾਕ ਬੰਬਾਰ ਜਹਾਜ਼ ਰੱਖੇ ਜਾਂਦੇ ਹਨ। ਅਮਰੀਕਾ ਨੇ ਇਸੇ ਟਾਪੂ ਤੋਂ ਖਾੜੀ ਤੇ ਇਰਾਕ ਜੰਗ ਨੂੰ ਵੀ ਕੰਟਰੋਲ ਕੀਤਾ ਸੀ। ਇਹ ਅਫ਼ਰੀਕਾ, ਪੱਛਮੀ ਏਸ਼ੀਆ ਤੇ ਏਸ਼ੀਆ ਦੇ ਵਿਚ ਸਥਿਤ ਹੈ। ਇਸ ਫ਼ੌਜੀ ਅੱਡੇ ਤੋਂ ਅਮਰੀਕਾ ਪੂਰੇ ਹਿੰਦ ਮਹਾਸਾਗਰ ਖੇਤਰ ’ਚ ਆਪਣੀ ਫ਼ੌਜੀ ਤਾਕਤ ਦਾ ਸੰਚਾਲਨ ਕਰਦਾ ਹੈ। ਉਹ ਇੱਥੋਂ ਚੀਨ ਦੀ ਵਧਦੀ ਖਾਹਿਸ਼ ’ਤੇ ਵੀ ਨਜ਼ਰ ਰੱਖਦਾ ਹੈ।
--------
ਅਮਰੀਕਾ-ਇਜ਼ਰਾਈਲ ’ਚ ਜਾਰੀ ਆਪਾਵਿਰੋਧ
ਰਾਇਟਰ ਦੇ ਮੁਤਾਬਕ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਛੇਤੀ ਹੀ ਈਰਾਨ ਦੇ ਖ਼ਿਲਾਫ਼ ਫ਼ੌਜੀ ਕਾਰਵਾਈ ਖ਼ਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਮਕਸਦ ਦੇ ਬਹੁਤ ਕਰੀਬ ਹਾਂ ਤੇ ਜੰਗਬੰਦੀ ਨਹੀਂ ਚਾਹੁੰਦੇ। ਉਨ੍ਹਾਂ ਈਰਾਨ ਨੂੰ ਲੈ ਕੇ ਪੰਜ ਮਕਸਦ ਵੀ ਗਿਣਾਏ। ਉਨ੍ਹਾਂ ਕਿਹਾ ਕਿ ਈਰਾਨ ਦੀ ਮਿਜ਼ਾਈਲ ਤੇ ਲਾਂਚਰ ਸਮਰੱਥਾ ਨੂੰ ਪੂਰੀ ਤਰ੍ਹਾਂ ਨਾ ਖ਼ਤਮ ਕਰਨਾ, ਰੱਖਿਆ ਟੈਕਨਾਲੋਜੀ ਆਧਾਰ ਨੂੰ ਤਬਾਹ ਕਰਨਾ, ਉਨ੍ਹਾਂ ਦੀ ਜਲ ਸੈਨਾ ਤੇ ਹਵਾਈ ਫ਼ੌਜ ਤੇ ਹਥਿਆਰਾਂ ਨੂੰ ਖ਼ਤਮ ਕਰਨਾ, ਈਰਾਨ ਨੂੰ ਕਦੇ ਪਰਮਾਣੂ ਸਮਰੱਥਾ ਹਾਸਲ ਨਾ ਕਰਨ ਦੇਣਾ ਤੇ ਪੱਛਮੀ ਏਸ਼ਿਆਈ ਸਹਿਯੋਗੀਆਂ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕਰਨਾ ਸਾਡੇ ਮੁੱਖ ਮਕਸਦ ਹਨ।
ਟਰੰਪ ਦੇ ਰੁਖ਼ ਦੇ ਉਲਟ ਇਜ਼ਰਾਈਲ ਨੇ ਜੰਗ ਨੂੰ ਹੋਰ ਤੇਜ਼ ਤੇ ਖ਼ਤਰਨਾਕ ਕਰਨ ਦੀ ਗੱਲ ਕਹੀ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਤਲ ਅਵੀਵ ਸਥਿਤ ਆਈਡੀਐੱਫ ਦੇ ਹੈੱਡਕੁਆਰਟਰ ’ਚ ਸਥਿਤ ਜ਼ਮੀਂਦੋਜ਼ ਕਮਾਂਡ ਸੈਂਟਰ ’ਚ ਪ੍ਰਮੁੱਖ ਅਧਿਕਾਰੀਆਂ ਨਾਲ ਬੈਠਕ ’ਚ ਇਸ ਯੋਜਨਾ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਈਰਾਨ ਦੇ ਅੱਤਵਾਦੀ ਸ਼ਾਸਨ ਦੇ ਖ਼ਿਲਾਫ਼ ਹੋਰ ਜ਼ਿਆਦਾ ਹਮਲਾਵਰ ਹੋਣ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੀਆਂ ਰਣਨੀਤਕ ਸਮਰੱਥਾਵਾਂ ਨੂੰ ਖ਼ਤਮ ਕੀਤਾ ਜਾ ਸਕੇ।
----------------
ਈਰਾਨ ਦੀ ਵਿਕਸਤ ਪਰਮਾਣੂ ਨੂੰ ਹਾਸਲ ਕਰਨ ਦੀ ਯੋਜਨਾ
ਸੀਬੀਐੱਸ ਨਿਊਜ਼ ਦੇ ਮੁਤਾਬਕ, ਟਰੰਪ ਪ੍ਰਸ਼ਾਸਨ ਨੇ ਈਰਾਨ ਤੋਂ ਪਰਮਾਣੂ ਸਮੱਗਰੀ ਕੱਢਣ ਦੀ ਯੋਜਨਾ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੱਛਮੀ ਏਸ਼ੀਆ ਵੱਲ ਵਧ ਰਹੇ ਤਿੰਨ ਜੰਗੀ ਬੇੜਿਆਂ ਤੇ ਉਨ੍ਹਾਂ ’ਤੇ ਸਵਾਰ 2500 ਮਰੀਨ ਫ਼ੌਜੀਆਂ ਦੇ ਜ਼ਰੀਏ ਜ਼ਮੀਨੀ ਕਾਰਵਾਈ ਛੇੜੀ ਜਾ ਸਕਦੀ ਹੈ। ਅਮਰੀਕਾ ਦੀ ਬਹੁਤ ਖ਼ਤਰਨਾਕ ਫ਼ੌਜੀ ਇਕਾਈ-ਜੁਆਇੰਟ ਸਪੈਸ਼ਲ ਆਪ੍ਰੇਸ਼ਨਸ ਕਮਾਂਡ ਦੇ ਗੁਪਤ ਅਭਿਆਨ ਦੇ ਤਹਿਤ ਇਹ ਕੰਮ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਫ਼ੌਜੀ ਇਕਾਈ ਨੂੰ ਅਕਸਰ ਸਭ ਤੋਂ ਸੰਵੇਦਨਸ਼ੀਲ ਪਰਮਾਣੂ ਗੈਰਪ੍ਰਸਾਰ ਮੁਹਿੰਮਾਂ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ।
ਏਐੱਨਆਈ ਮੁਤਾਬਕ, ਈਰਾਨ ਨੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨੂੰ ਸੂਚਨਾ ਦਿੱਤੀ ਹੈ ਕਿ ਅਮਰੀਕੀ-ਇਜ਼ਰਾਇਲੀ ਹਮਲੇ ’ਚ ਨਤਾਂਜ ਪਰਮਾਣੂ ਟਿਕਾਣੇ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਏਜੰਸੀ ਨੇ ਐਕਸ ’ਤੇ ਈਰਾਨ ਦੇ ਹਵਾਲੇ ਤੋਂ ਕਿਹਾ ਕਿ ਪ੍ਰਭਾਵਿਤ ਹਿੱਸੇ ਦੇ ਆਸਪਾਸ ਰੇਡੀਏਸ਼ਨ ਦੇ ਪੱਧਰ’ਚ ਵਾਧਾ ਨਹੀਂ ਪਾਇਆ ਗਿਆ। ਆਈਏਈਏ ਦੇ ਡਾਇਰੈਕਟਰ ਜਨਰਲ ਰਾਫੇਲ ਮੈਰੀਆਨੋ ਗ੍ਰੋਸੀ ਨੇ ਕਿਹਾ ਹੈ ਕਿ ਪਰਮਾਣੂ ਸਥਾਨਾਂ ’ਤੇ ਹਮਲੇ ਨਹੀਂ ਕੀਤੇ ਜਾਣੇ ਚਾਹੀਦੇ। ਉੱਥੇ, ਰੂਸ ਨੇ ਇਸ ਘਟਨਾ ਦੀ ਕਰੜੀ ਆਲੋਚਨਾ ਕੀਤੀ ਤੇ ਅੰਤਰਰਾਸ਼ਟਰੀ ਕਾਨੂੰਨ ਦੀ ਖੁੱਲ੍ਹੀ ਉਲੰਘਣਾ ਦੱਸਿਆ।