ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਕੋਰੋਨਾ ਦੇ ਵੱਧਦੇ ਕਹਿਰ ਦੇ ਬਾਵਜੂਦ ਛੇਵੇਂ ਪੜਾਅ ਵਿਚ ਜਮ ਕੇ ਮਤਦਾਨ ਹੋਇਆ। ਸੂਬੇ ਦੇ ਚਾਰ ਜ਼ਿਲ੍ਹੇ ਉੱਤਰ ਦਿਨਾਜਪੁਰ, ਉੱਤਰ 24 ਪਰਗਨਾ, ਨਦੀਆ ਤੇ ਪੂਰਬ ਵਰਧਮਾਨ ਦੀਆਂ ਕੁਲ 43 ਸੀਟਾਂ 'ਤੇ ਸ਼ਾਮ ਪੰਜ ਵਜੇ ਤਕ 79.09 ਫ਼ੀਸਦੀ ਵੋਟਿੰਗ ਹੋਈ। ਉੱਤਰ ਦਿਨਾਜਪੁਰ ਦੀਆਂ ਸੀਟਾਂ 'ਤੇ 77.90 ਫ਼ੀਸਦੀ, ਉੱਤਰ 24 ਪਰਗਨਾ ਦੀਆਂ 17 ਸੀਟਾਂ 'ਤੇ 76.23 ਫ਼ੀਸਦੀ, ਨਦੀਆ ਦੀਆਂ 9 ਸੀਟਾਂ 'ਤੇ 82.70 ਫ਼ੀਸਦੀ ਅਤੇ ਪੂਰਬ ਵਰਧਮਾਨ ਦੀਆਂ ਅੱਠ ਸੀਟਾਂ 'ਤੇ 82.13 ਫ਼ੀਸਦੀ ਮਤਦਾਨ ਹੋਇਆ। ਵੱਖ-ਵੱਖ ਬੂਥਾਂ 'ਤੇ ਦੇਰ ਸ਼ਾਮ ਤਕ ਵੋਟਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਜਿਸ ਨਾਲ ਮਤਦਾਨ ਫ਼ੀਸਦੀ ਵੱਧਣਾ ਲਾਜ਼ਮੀ ਹੈ।

ਜ਼ਿਕਰਯੋਗ ਹੈ ਕਿ 2011 ਤੇ 2016 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਸੀਟਾਂ 'ਤੇ ਕ੍ਰਮਵਾਰ 85.63 ਤੇ 83.35 ਫ਼ੀਸਦੀ ਮਤਦਾਨ ਹੋਇਆ ਸੀ। ਉਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉੱਤਰ ਦਿਨਾਜਪੁਰ ਦੀਆਂ ਇਨ੍ਹਾਂ ਸੀਟਾਂ 'ਤੇ 81.54 ਫ਼ੀਸਦੀ, ਨਦੀਆ ਦੀਆਂ ਇਨ੍ਹਾਂ ਸੀਟਾਂ 'ਤੇ 86.12 ਫ਼ੀਸਦੀ, ਉੱਤਰ 24 ਪਰਗਨਾ ਦੀਆਂ ਇਨ੍ਹਾਂ ਸੀਟਾਂ 'ਤੇ 81.53 ਫ਼ੀਸਦੀ ਤੇ ਪੂਰਬ ਵਰਧਮਾਨ ਦੀਆਂ ਇਨ੍ਹਾਂ ਸੀਟਾਂ 'ਤੇ 86.16 ਫ਼ੀਸਦੀ ਵੋਟਾਂ ਪਈਆਂ ਸਨ। ਮਤਦਾਨ ਦੌਰਾਨ ਵੱਖ-ਵੱਖ ਬੂਥਾਂ 'ਤੇ ਸਰੀਰਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉੱਡਦੀਆਂ ਦਿਸੀਆਂ। ਇਸ ਦੌਰਾਨ ਕਿਤੇ-ਕਿਤੇ ਹਿੰਸਾ ਦਾ ਦੌਰ ਵੀ ਜਾਰੀ ਰਿਹਾ। ਵੱਖ-ਵੱਖ ਇਲਾਕਿਆਂ ਵਿਚ ਸਿਆਸੀ ਸੰਘਰਸ਼, ਤੋੜਭੰਨ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ।

ਕੇਂਦਰੀ ਬਲ ਦੇ ਜਵਾਨਾਂ ਮਗਰੋਂ ਹੁਣ ਪੁਲਿਸ ਨੇ ਚਲਾਈਆਂ ਗੋਲੀਆਂ

ਕੇਂਦਰੀ ਬਲ ਦੇ ਜਵਾਨਾਂ ਮਗਰੋਂ ਹੁਣ ਪੁਲਿਸ ਮੁਲਾਜ਼ਮਾਂ 'ਤੇ ਗੋਲੀਆਂ ਚਲਾਉਣ ਦਾ ਦੋਸ਼ ਲੱਗਾ ਹੈ। ਫਾਈਰਿੰਗ ਵਿਚ ਤਿੰਨ ਲੋਕ ਜ਼ਖ਼ਮੀ ਹੋਏ ਹਨ। ਘਟਨਾ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਾਗਦਾ ਵਿਧਾਨ ਸਭਾ ਖੇਤਰ ਦੇ ਰਣਘਾਟ ਇਲਾਕੇ ਦੀ ਹੈ। ਮਿਲੀ ਜਾਣਕਾਰੀ ਮੁਤਾਬਕ ਉਥੇ ਕਿਸੇ ਗੱਲ ਨੂੰ ਲੈ ਕੇ ਸਥਾਨਕ ਲੋਕਾਂ ਦੀ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਹਾਲਾਤ ਇੰਨੇ ਵਿਗੜ ਗਏ ਕਿ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਚਲਾਉਣੀ ਪਈ, ਜਿਸ ਵਿਚ ਤਿੰਨ ਲੋਕ ਜ਼ਖ਼ਮੀ ਹੋ ਗਏ।

ਕੱਲ੍ਹ ਰੋਕੇਗਾ ਸੱਤਵੇਂ ਪੜਾਅ ਦੇ ਚੋਣ ਪ੍ਰਚਾਰ ਦਾ ਰੌਲਾ

ਬੰਗਾਲ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੇ ਪ੍ਰਚਾਰ ਦਾ ਰੌਲਾ ਸ਼ੁੱਕਰਵਾਰ ਨੂੰ ਰੁਕ ਜਾਵੇਗਾ। ਸੱਤਵੇਂ ਪੜਾਅ ਵਿਚ ਪੰਜ ਜ਼ਿਲ੍ਹੇ ਕੋਲਕਾਤਾ, ਮਾਲਦਾ, ਦੱਖਣੀ ਦਿਨਾਜਪੁਰ, ਮੁਰਸ਼ੀਦਾਬਾਦ ਤੇ ਪੱਛਮੀ ਵਰਧਮਾਨ ਦੀਆਂ 36 ਸੀਟਾਂ ਲਈ ਵੋਟਾਂ ਪੈਣਗੀਆਂ।