ਏਜੀਆਰ ਬਕਾਏ ਦੇ ਮਾਮਲੇ 'ਤੇ ਮਿਲੀ ਰਾਹਤ ਤੋਂ ਬਾਅਦ ਵੋਡਾਫੋਨ ਆਈਡੀਆ (Vodafone Idea Shares) ਦੇ ਸ਼ੇਅਰ 4 ਮਈ ਨੂੰ 7% ਤੋਂ ਜ਼ਿਆਦਾ ਚੜ੍ਹ ਗਏ ਅਤੇ ਸ਼ੇਅਰ ਦੀ ਕੀਮਤ ₹11 ਤੱਕ ਪਹੁੰਚ ਗਈ। ਦਰਅਸਲ, ਸਰਕਾਰ ਨੇ ਕਾਨੂੰਨੀ ਬਕਾਏ ਦਾ ਮੁੜ-ਮੁਲਾਂਕਣ ਕਰਨ ਤੋਂ ਬਾਅਦ ਕੰਪਨੀ ਦੀ ਸਮਾਯੋਜਿਤ ਕੁੱਲ ਆਮਦਨ (AGR) ਦੇਣਦਾਰੀ ਨੂੰ ਲਗਪਗ 27% ਘਟਾ ਕੇ ₹64,046 ਕਰੋੜ ਕਰ ਦਿੱਤਾ ਹੈ ਅਤੇ ਇਨ੍ਹਾਂ ਭੁਗਤਾਨਾਂ 'ਤੇ ਪੰਜ ਸਾਲ ਦੀ ਮੋਹਲਤ ਦਿੱਤੀ ਹੈ, ਜਿਸ ਨਾਲ ਕੰਪਨੀ ਨੂੰ ਵੱਡੀ ਰਾਹਤ ਮਿਲੀ ਹੈ।

ਦੂਰਸੰਚਾਰ ਵਿਭਾਗ (DoT) ਨੇ ਸਮਾਯੋਜਿਤ ਕੁੱਲ ਆਮਦਨ (AGR) ਦਾ ਮੁੜ-ਮੁਲਾਂਕਣ ਕਰਨ ਲਈ ਇੱਕ ਕਮੇਟੀ ਬਣਾਈ ਸੀ, ਜਿਸ ਨੇ 31 ਦਸੰਬਰ, 2025 ਤੱਕ ਇਸ ਬਕਾਏ ਨੂੰ ₹87,695 ਕਰੋੜ ਨਿਰਧਾਰਤ ਕੀਤਾ ਸੀ। ਹਾਲਾਂਕਿ, ਅੰਤਿਮ ਰਾਸ਼ੀ DoT ਦੇ ਮੁੜ-ਮੁਲਾਂਕਣ ਅਤੇ ਕਮੇਟੀ ਦੀ ਅੰਤਿਮ ਮਨਜ਼ੂਰੀ 'ਤੇ ਨਿਰਭਰ ਸੀ। ਪਰ, ਵੋਡਾਫੋਨ ਆਈਡੀਆ ਨੇ ਐਕਸਚੇਂਜ ਫਾਈਲਿੰਗ ਵਿੱਚ ਦੱਸਿਆ: "ਦੂਰਸੰਚਾਰ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਇਸ ਮਕਸਦ ਲਈ ਬਣਾਈ ਗਈ ਕਮੇਟੀ ਨੇ 31 ਦਸੰਬਰ, 2025 ਤੱਕ ਏਜੀਆਰ ਬਕਾਏ ਦੀ ਰਾਸ਼ੀ ₹64,046 ਕਰੋੜ ਨਿਰਧਾਰਤ ਕੀਤੀ ਹੈ।"
ਏਜੀਆਰ ਦੀ ਰਕਮ ਵਿੱਚ ਕਮੀ ਆਉਣਾ ਵੋਡਾਫੋਨ ਆਈਡੀਆ ਲਈ ਇੱਕ ਵੱਡੀ ਰਾਹਤ ਹੈ। ਸਰਕਾਰ ਵੱਲੋਂ ਕੀਤੇ ਗਏ ਇਸ ਮੁੜ-ਮੁਲਾਂਕਣ ਤੋਂ ਬਾਅਦ ਮਾਰਕੀਟ ਐਨਾਲਿਸਟ ਵੋਡਾਫੋਨ ਆਈਡੀਆ ਪ੍ਰਤੀ ਕਾਫੀ ਹੱਦ ਤੱਕ ਹਾਂ-ਪੱਖੀ ਨਜ਼ਰ ਆ ਰਹੇ ਹਨ। ਇਸ ਨੂੰ ਕੰਪਨੀ ਦੇ ਵਿੱਤੀ ਬੋਝ ਨੂੰ ਘਟਾਉਣ ਅਤੇ ਫੰਡ ਜੁਟਾਉਣ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਵੋਡਾਫੋਨ ਆਈਡੀਆ ਦੇ ਸ਼ੇਅਰਾਂ ਵਿੱਚ ਆਈ ਵੱਡੀ ਤੇਜ਼ੀ ਦੇ ਵਿਚਕਾਰ, ਆਨੰਦ ਰਾਠੀ ਇਨਵੈਸਟਮੈਂਟ ਸਰਵਿਸਿਜ਼ ਦੇ ਸੀਨੀਅਰ ਮੈਨੇਜਰ, ਜਿਗਰ ਐੱਸ. ਪਟੇਲ ਨੇ ਕਿਹਾ ਕਿ ਸ਼ੇਅਰਾਂ ਲਈ 10 ਰੁਪਏ ਦਾ ਪੱਧਰ ਇੱਕ ਅਹਿਮ ਸਪੋਰਟ ਹੈ, ਜਦਕਿ 11 ਰੁਪਏ ਰੇਸਿਸਟੈਂਸ ਹੈ। ਉਨ੍ਹਾਂ ਨੇ ਫਿਲਹਾਲ ਵੋਡਾਫੋਨ ਆਈਡੀਆ ਦੇ ਸ਼ੇਅਰਾਂ ਵਿੱਚ ਮੁਨਾਫਾ ਵਸੂਲੀ ਕਰਨ ਦੀ ਸਲਾਹ ਦਿੱਤੀ ਹੈ।
Disclaimer: ਇੱਥੇ ਸ਼ੇਅਰਾਂ ਬਾਰੇ ਦਿੱਤੀ ਗਈ ਜਾਣਕਾਰੀ ਮਾਹਿਰਾਂ ਦੀ ਰਾਏ 'ਤੇ ਆਧਾਰਿਤ ਹੈ, ਇਹ ਕਿਸੇ ਵੀ ਤਰ੍ਹਾਂ ਨਿਵੇਸ਼ ਦੀ ਸਲਾਹ ਨਹੀਂ ਹੈ। ਕਿਉਂਕਿ ਸਟਾਕ ਮਾਰਕੀਟ ਵਿੱਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ, ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਨਿਵੇਸ਼ ਸਲਾਹਕਾਰ (Certified Investment Advisor) ਨਾਲ ਮਸ਼ਵਰਾ ਜ਼ਰੂਰ ਕਰੋ।