- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹੌਲੀ-ਹੌਲੀ ਵਧ ਰਹੀ ਹੈ ਅਤੇ ਬਿਨਾਂ ਕਿਸੇ ਤਤਕਾਲੀ ਲੱਛਣ ਦੇ ਲੱਖਾਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਸ ਨਾਲ ਦਿੱਲੀ ਇੱਕ ‘ਸਾਈਲੈਂਟ ਹੈਲਥ ਐਮਰਜੈਂਸੀ’ ਵੱਲ ਵਧ ਰਹੀ ਹੈ।

ਅਨੂਪ ਕੁਮਾਰ ਸਿੰਘ, ਨਵੀਂ ਦਿੱਲੀ : ਦਿੱਲੀ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਇਕ ਗੰਭੀਰ ਅਤੇ ਹੈਰਾਨ ਕਰਨ ਵਾਲਾ ਖ਼ਤਰਾ ਸਾਹਮਣੇ ਆਇਆ ਹੈ। ਰਾਜਧਾਨੀ ਦੇ ਕਈ ਇਲਾਕਿਆਂ ਦੇ ਭੂ-ਜਲ (ਜ਼ਮੀਨ ਹੇਠਲੇ ਪਾਣੀ) 'ਚ ਸੁਰੱਖਿਅਤ ਸੀਮਾ ਤੋਂ ਵੱਧ ਯੂਰੇਨੀਅਮ ਪਾਏ ਜਾਣ ਨਾਲ ਨਾ ਸਿਰਫ਼ ਕਿਡਨੀ ਤੇ ਹੱਡੀਆਂ 'ਤੇ ਸਗੋਂ ਸਿੱਧਾ ਦਿਮਾਗ, ਨਰਵਸ ਸਿਸਟਮ ਅਤੇ ਮਾਨਸਿਕ ਸਿਹਤ 'ਤੇ ਗੰਭੀਰ ਅਸਰ ਪੈਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹੌਲੀ-ਹੌਲੀ ਵਧ ਰਹੀ ਹੈ ਤੇ ਬਿਨਾਂ ਕਿਸੇ ਤਤਕਾਲੀ ਲੱਛਣ ਦੇ ਲੱਖਾਂ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਸ ਨਾਲ ਦਿੱਲੀ ਇਕ ‘ਸਾਈਲੈਂਟ ਹੈਲਥ ਐਮਰਜੈਂਸੀ’ ਵੱਲ ਵਧ ਰਹੀ ਹੈ।
ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਅਨੁਸਾਰ, ਦਿੱਲੀ 'ਚ ਲਏ ਗਏ 103 ਭੂ-ਜਲ ਨਮੂਨਿਆਂ 'ਚੋਂ 13 ਨਮੂਨਿਆਂ ਯਾਨੀ 12.63 ਪ੍ਰਤੀਸ਼ਤ 'ਚ ਯੂਰੇਨੀਅਮ ਦੀ ਮਾਤਰਾ ਤੈਅ ਸੁਰੱਖਿਅਤ ਹੱਦ ਤੋਂ ਕਿਤੇ ਵਧ ਪਾਈ ਗਈ ਹੈ। ਇਸ ਦਾ ਮਤਲਬ ਹੈ ਕਿ ਹਰ ਅੱਠ ਵਿਚੋਂ ਲਗਪਗ ਇਕ ਨਮੂਨਾ ਦੂਸ਼ਿਤ ਹੈ। ਉੱਤਰੀ ਦਿੱਲੀ, ਉੱਤਰ-ਪੱਛਮੀ ਦਿੱਲੀ, ਪੱਛਮੀ ਅਤੇ ਦੱਖਣ-ਪੱਛਮੀ ਦਿੱਲੀ ਦੇ ਨਾਲ-ਨਾਲ ਰੋਹਿਣੀ, ਬਵਾਨਾ ਉਦਯੋਗਿਕ ਖੇਤਰ ਤੇ ਨਾਂਗਲੋਈ-ਰਾਜਪੁਰਾ ਵਰਗੇ ਇਲਾਕਿਆਂ 'ਚ ਸਥਿਤੀ ਸਭ ਤੋਂ ਵੱਧ ਗੰਭੀਰ ਦੱਸੀ ਜਾ ਰਹੀ ਹੈ।
ਯੂਰੇਨੀਅਮ ਨੂੰ ‘ਸਾਈਲੈਂਟ ਕਿੱਲਰ’ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸਰੀਰ ਵਿੱਚ ਹੌਲੀ-ਹੌਲੀ ਜਮ੍ਹਾਂ ਹੁੰਦਾ ਹੈ ਤੇ ਸ਼ੁਰੂ ਵਿਚ ਕੋਈ ਸਪੱਸ਼ਟ ਲੱਛਣ ਨਜ਼ਰ ਨਹੀਂ ਆਉਂਦੇ। ਏਮਜ਼ (AIIMS) ਦੇ ਇੰਟਰਨਲ ਮੈਡੀਸਨ ਵਿਭਾਗ ਦੇ ਡਾ. ਹਰਸ਼ਲ ਆਰ. ਸਾਵਲੇ ਅਨੁਸਾਰ, ਯੂਰੇਨੀਅਮ ਤੋਂ ਹੋਣ ਵਾਲੀ ਨਿਊਰੋਟੌਕਸਿਟੀ ਨਾੜੀ-ਤੰਤਰ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦਾ ਸਿੱਧਾ ਅਸਰ ਦਿਮਾਗ 'ਤੇ ਪੈਂਦਾ ਹੈ ਜਿਸ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਹੈ, ਸਿੱਖਣ ਦੀ ਸਮਰੱਥਾ ਘਟਦੀ ਹੈ ਤੇ ਮੂਡ ਡਿਸਆਰਡਰ ਦੀ ਸਮੱਸਿਆ ਵਧਦੀ ਹੈ। ਸਰੀਰ ਵਿੱਚ ਜਮ੍ਹਾਂ ਯੂਰੇਨੀਅਮ ਨਰਵ ਸਿਗਨਲਿੰਗ ਵਿੱਚ ਰੁਕਾਵਟ ਪਾਉਂਦਾ ਹੈ, ਜਿਸ ਨਾਲ ਤਣਾਅ, ਚਿੰਤਾ ਅਤੇ ਡਿਪਰੈਸ਼ਨ ਦਾ ਖ਼ਤਰਾ ਵਧ ਜਾਂਦਾ ਹੈ।
ਪੀਣ ਵਾਲੇ ਪਾਣੀ ਦੇ ਮਾਪਦੰਡਾਂ ਅਨੁਸਾਰ, ਪਾਣੀ 'ਚ ਯੂਰੇਨੀਅਮ ਦੀ ਸੁਰੱਖਿਅਤ ਸੀਮਾ 30 ਮਾਈਕ੍ਰੋਗ੍ਰਾਮ ਪ੍ਰਤੀ ਲੀਟਰ (30 ppb) ਤੈਅ ਕੀਤੀ ਗਈ ਹੈ। ਕੇਂਦਰੀ ਭੂ-ਜਲ ਬੋਰਡ ਦੀ ਰਿਪੋਰਟ ਦੱਸਦੀ ਹੈ ਕਿ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਇਹ ਮਾਤਰਾ 59 ppb ਤੱਕ ਦਰਜ ਕੀਤੀ ਗਈ ਹੈ।
ਯੂਰੇਨੀਅਮ ਯੁਕਤ ਪਾਣੀ ਦਾ ਅਸਰ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ 'ਤੇ ਜ਼ਿਆਦਾ ਗੰਭੀਰ ਦੱਸਿਆ ਜਾ ਰਿਹਾ ਹੈ। ਇਸ ਨਾਲ ਇਕਾਗਰਤਾ 'ਚ ਕਮੀ, ਚਿੜਚਿੜਾਪਨ, ਨੀਂਦ 'ਚ ਗੜਬੜੀ ਅਤੇ ਮਾਨਸਿਕ ਥਕਾਵਟ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਦਿੱਲੀ ਵਿਚ ਰੋਜ਼ਾਨਾ ਕਰੀਬ ਇਕ ਹਜ਼ਾਰ ਕਰੋੜ ਲੀਟਰ ਪਾਣੀ ਦੀ ਖਪਤ ਹੁੰਦੀ ਹੈ ਜਦਕਿ ਦਿੱਲੀ ਜਲ ਬੋਰਡ ਲਗਪਗ 900 ਕਰੋੜ ਲੀਟਰ ਦੀ ਸਪਲਾਈ ਕਰ ਪਾਉਂਦਾ ਹੈ। ਇਸ ਵਿੱਚ 10 ਤੋਂ 13 ਪ੍ਰਤੀਸ਼ਤ ਹਿੱਸਾ ਭੂ-ਜਲ ਦਾ ਹੈ।
AIIMS ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਮੁਖੀ ਪ੍ਰੋਫੈਸਰ ਡਾ. ਅਨੰਤ ਮੋਹਨ ਦੱਸਦੇ ਹਨ ਕਿ ਯੂਰੇਨੀਅਮ ਸਭ ਤੋਂ ਪਹਿਲਾਂ ਕਿਡਨੀ ਨੂੰ ਨੁਕਸਾਨ ਪਹੁੰਚਾਉਂਦਾ ਹੈ, ਪਰ ਇਸ ਦਾ ਗਹਿਰਾ ਅਸਰ ਦਿਮਾਗੀ ਕਾਰਜਪ੍ਰਣਾਲੀ 'ਤੇ ਪੈਂਦਾ ਹੈ। ਲੰਬੇ ਸਮੇਂ ਤਕ ਅਜਿਹਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ਼ ਦੀ ਕਾਰਜਕੁਸ਼ਲਤਾ ਹੌਲੀ ਹੋ ਜਾਂਦੀ ਹੈ।