- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
TMC ਨੇ ਦੋਸ਼ ਲਾਇਆ ਕਿ ਕੇਂਦਰੀ ਏਜੰਸੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਰਣਨੀਤਕ ਦਸਤਾਵੇਜ਼ਾਂ ਅਤੇ ਡੇਟਾ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੂਜੇ ਪਾਸੇ, ਈਡੀ ਨੇ ਮਮਤਾ 'ਤੇ ਜਾਂਚ ਵਿੱਚ ਰੁਕਾਵਟ ਪਾਉਣ ਅਤੇ ਛਾਪੇਮਾਰੀ ਦੌਰਾਨ ਦਸਤਾਵੇਜ਼ ਤੇ ਡਿਜੀਟਲ ਸਬੂਤ ਜ਼ਬਰਦਸਤੀ ਖੋਹਣ ਦੇ ਦੋਸ਼ ਲਾਏ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਤ੍ਰਿਣਮੂਲ ਕਾਂਗਰਸ (TMC) ਲਈ ਸਿਆਸੀ ਅਤੇ ਚੋਣ ਪ੍ਰਬੰਧਨ ਦਾ ਕੰਮ ਕਰ ਰਹੀ ਸੰਸਥਾ ਇੰਡੀਅਨ ਪੋਲੀਟਿਕਲ ਐਕਸ਼ਨ ਕਮੇਟੀ (I-PAC) ਅਤੇ ਇਸ ਦੇ ਡਾਇਰੈਕਟਰ ਪ੍ਰਤੀਕ ਜੈਨ ਦੇ ਘਰ ਵੀਰਵਾਰ ਨੂੰ ਈਡੀ (ED) ਵੱਲੋਂ ਛਾਪੇਮਾਰੀ ਕੀਤੀ ਗਈ। ਈਡੀ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਮੌਕੇ 'ਤੇ ਪਹੁੰਚੀ ਤੇ ਉੱਥੋਂ ਇਕ ਫਾਈਲ ਤੇ ਲੈਪਟਾਪ ਆਪਣੇ ਨਾਲ ਲੈ ਗਈ।
ਟੀਐਮਸੀ ਨੇ ਦੋਸ਼ ਲਾਇਆ ਕਿ ਕੇਂਦਰੀ ਏਜੰਸੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਰਣਨੀਤਕ ਦਸਤਾਵੇਜ਼ਾਂ ਤੇ ਡੇਟਾ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਦੂਜੇ ਪਾਸੇ, ਈਡੀ ਨੇ ਮਮਤਾ 'ਤੇ ਜਾਂਚ ਵਿਚ ਰੁਕਾਵਟ ਪਾਉਣ ਅਤੇ ਛਾਪੇਮਾਰੀ ਦੌਰਾਨ ਦਸਤਾਵੇਜ਼ ਤੇ ਡਿਜੀਟਲ ਸਬੂਤ ਜ਼ਬਰਦਸਤੀ ਖੋਹਣ ਦੇ ਦੋਸ਼ ਲਾਏ ਹਨ। ਇਸ ਸਬੰਧੀ ਈਡੀ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦੂਜੇ ਪਾਸੇ ਤ੍ਰਿਣਮੂਲ ਵੀ ਈਡੀ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਹਾਈ ਕੋਰਟ ਪਹੁੰਚ ਗਈ ਹੈ।
TMC ਅਤੇ ED ਨਾਲ ਜੁੜੇ ਮਾਮਲੇ 'ਤੇ ਅੱਜ ਕੋਲਕਾਤਾ ਹਾਈ ਕੋਰਟ ਵਿੱਚ ਸੁਣਵਾਈ ਹੋਣੀ ਸੀ। ਪਰ ਸੁਣਵਾਈ ਦੌਰਾਨ ਭਾਰੀ ਭੀੜ ਅਤੇ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਅਫਰਾ-ਤਫਰੀ ਮਚ ਗਈ, ਜਿਸ ਕਾਰਨ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿੱਤੀ। ਹਾਈ ਕੋਰਟ ਨੇ 14 ਜਨਵਰੀ ਤੱਕ ਸੁਣਵਾਈ ਟਾਲ ਦਿੱਤੀ ਹੈ।
ਦਿੱਲੀ ਸਮੇਤ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਜਾਰੀ ਹਨ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੋਲਕਾਤਾ 'ਚ ਉਸ ਥਾਂ 'ਤੇ ਪਹੁੰਚੀ, ਜਿੱਥੋਂ ਉਨ੍ਹਾਂ ਨੇ ਈਡੀ ਦੀ ਆਈ-ਪੈਕ ਰੇਡ ਵਿਰੁੱਧ ਮਾਰਚ ਦੀ ਅਗਵਾਈ ਕੀਤੀ। ਇੱਧਰ ਈਡੀ ਦੀ ਛਾਪੇਮਾਰੀ ਖਿਲਾਫ ਤ੍ਰਿਣਮੂਲ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਸਵੇਰੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਬਾਅਦ ਵਿੱਚ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਤ੍ਰਿਣਮੂਲ ਦੇ ਅੱਠ ਸੰਸਦ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਤ੍ਰਿਣਮੂਲ ਕਾਂਗਰਸ (TMC) ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਸ਼ੁੱਕਰਵਾਰ ਨੂੰ ਮੋਦੀ ਸਰਕਾਰ 'ਤੇ ਲੋਕਤੰਤਰ ਨੂੰ ਦਬਾਉਣ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਜਦਕਿ ਅਪਰਾਧੀਆਂ ਨੂੰ ਆਸਾਨੀ ਨਾਲ ਜ਼ਮਾਨਤ ਮਿਲ ਰਹੀ ਹੈ। ਅਭਿਸ਼ੇਕ ਬੈਨਰਜੀ ਨੇ ਇਸ ਨੂੰ ਭਾਜਪਾ ਦੇ 'ਨਵੇਂ ਭਾਰਤ' ਦੀ ਸੋਚ ਕਰਾਰ ਦਿੱਤਾ।