ਸੀਬੀਐੱਸਈ ਦੀ ਓਐੱਸਐੱਮ ਮੁਲਾਂਕਣ ਪ੍ਰਕਿਰਿਆ ’ਤੇ ਵਿਦਿਆਰਥੀਆਂ ਵਲੋਂ ਖੜ੍ਹੇ ਕੀਤੇ ਜਾ ਰਹੇ ਸਵਾਲਾਂ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੀ ਬਦਹਾਲੀ ਹੋਈ ਹੈ, ਉਸ ਲਈ ਉਹ ਸਰਕਾਰ ਵੱਲੋਂ ਜ਼ਿੰਮੇਵਾਰੀ ਲੈਂਦੇ ਹਨ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੀਬੀਐੱਸਈ ਦੀ ਓਐੱਸਐੱਮ ਮੁਲਾਂਕਣ ਪ੍ਰਕਿਰਿਆ ’ਤੇ ਵਿਦਿਆਰਥੀਆਂ ਵਲੋਂ ਖੜ੍ਹੇ ਕੀਤੇ ਜਾ ਰਹੇ ਸਵਾਲਾਂ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਵੀਰਵਾਰ ਨੂੰ ਕਿਹਾ ਕਿ ਜਿਹੜੀ ਬਦਹਾਲੀ ਹੋਈ ਹੈ, ਉਸ ਲਈ ਉਹ ਸਰਕਾਰ ਵੱਲੋਂ ਜ਼ਿੰਮੇਵਾਰੀ ਲੈਂਦੇ ਹਨ। ਨਾਲ ਹੀ ਉਨ੍ਹਾਂ ਰਾਹੁਲ ਗਾਂਧੀ ’ਤੇ ਇਸ ਮੁੱਦੇ ਨੂੰ ਸਿਆਸੀ ਰੰਗ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਹਤਾਸ਼ ਹਨ ਤੇ ਤਕਨੀਕੀ ਵਿਕਾਸ ਦੇ ਖ਼ਿਲਾਫ਼ ਹਨ। ਉੱਥੇ, ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉਹ ਭਾਵੇਂ ਮੇਰੇ ’ਤੇ ਕਿੰਨੇ ਵੀ ਹਮਲਾ ਕਰ ਲੈਣ, ਪਰ ਇਸ ਨਾਲ ਆਪਣੇ ਗੁਨਾਹਾਂ ਤੋਂ ਉਹ ਬਚ ਨਹੀਂ ਸਕਣਗੇ। ਉਨ੍ਹਾਂ ਨੇ ਆਨ ਸਕ੍ਰੀਨ ਮਾਰਕਿੰਗ (ਓਐੱਸਐੱਮ) ਕਰਨ ਵਾਲੀ ਕੰਪਨੀ ਨਾਲ ਸਬੰਧਾਂ ’ਤੇ ਮੁੜ ਸਵਾਲ ਚੁੱਕੇ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਦੋਸ਼ਾਂ ’ਤੇ ਸੀਬੀਐੱਸਈ ਨੇ ਜਵਾਬ ਦਿੰਦੇ ਹੋਏ ਉਨ੍ਹਾਂ ਦੇ ਦੋਸ਼ਾਂ ਨੂੰ ਗ਼ਲਤ ਤੇ ਤੱਥਹੀਣ ਦੱਸਿਆ ਸੀ। ਨਾਲ ਹੀ ਕਿਹਾ ਸੀ ਕਿ ਆਨ ਸਕਰੀਨ ਮਾਰਕਿੰਗ (ਓਐੱਸਐੱਮ) ਪ੍ਰਕਿਰਿਆ ਲਈ ਕੰਪਨੀ ਦੀ ਚੋਣ ਤੈਅ ਨਿਯਮ ਤੇ ਵਿੱਤੀ ਪ੍ਰਕਿਰਿਆਵਾਂ ਦੇ ਤਹਿਤ ਹੋਈ ਸੀ। ਹਾਲਾਂਕਿ ਰਾਹੁਲ ਗਾਂਧੀ ਨੇ ਸੀਬੀਐੱਸਈ ਦੇ ਇਸ ਜਵਾਬ ਨੂੰ ਖ਼ਾਰਜ ਕਰਦੇ ਹੋਏ ਕਿਹਾ ਸੀ ਕਿ ਜਿਹੜਾ ਉਨ੍ਹਾਂ ਨੇ ਪੁੱਛਿਆ ਸੀ, ਉਸਦਾ ਜਵਾਬ ਨਹੀਂ ਦਿੱਤਾ ਗਿਆ।
ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰੀ ਪ੍ਰਧਾਨ ਨੇ ਕਿਹਾ ਕਿ ਸੀਬੀਐੱਸਈ ਨੇ ਇਸ ਮਾਮਲੇ ’ਤੇ ਸਥਿਤੀ ਸਾਫ਼ ਕਰ ਦਿੱਤੀ ਹੈ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜੇਕਰ ਇਸ ਮਾਮਲੇ ’ਚ ਕੋਈ ਗੜਬੜੀ ਪਾਈ ਗਈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ। ਰਾਹੁਲ ’ਤੇ ਨਿਸ਼ਾਨਾ ਬੰਨ੍ਹਦੇ ਹੋਏ ਕਿਹਾ ਕਿ ਉਹ ਲਗਾਤਾਰ ਚੋਣਾਂ ’ਚ ਹਾਰ ਕਾਰਨ ਹਤਾਸ਼ ਲੱਗ ਰਹੇ ਹਨ। ਇਹੀ ਕਾਰਨ ਹੈ ਕਿ ਉਹ ਸੁਧਾਰ ਜਾਂ ਤਕਨੀਕੀ ਵਿਕਾਸ ਨਾਲ ਜੁੜੇ ਵਿਸ਼ੇ ’ਤੇ ਵਿਵਾਦ ਖੜ੍ਹਾ ਕਰ ਰਹੇ ਹਨ। ਉਨ੍ਹਾਂ ਐੱਸਆਈਆਰ ਤੇ ਈਵੀਐੱਮ ਦਾ ਵੀ ਵਿਰੋਧ ਕੀਤਾ ਸੀ। ਉਨ੍ਹਾਂ ਨੂੰ ਘੱਟੋ-ਘੱਟ ਵਿਦਿਆਰਥੀਆਂ ਤੇ ਪ੍ਰੀਖਿਆ ਨਾਲ ਜੁੜੇ ਮੁੱਦਿਆਂ ’ਤੇ ਤਾਂ ਸਿਆਸਤ ਨਹੀਂ ਕਰਨੀ ਚਾਹੀਦੀ। ਵੈਸੇ ਵੀ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸੀਬੀਐੱਸਈ ਦੀ 12ਵੀਂ ਕਲਾਸ ਦੇ ਆਏ ਨਤੀਜੇ ’ਚ ਭਾਰੀ ਗੜਬੜੀਆਂ ਹੋਈਆਂ ਹਨ। ਇਸ ਗੜਬੜੀ ਦੇ ਪਿੱਛੇ ਦੀ ਸੱਚਾਈ ਦਾ ਪਤਾ ਲਗਾਉਣ ਲਈ ਇਕ ਸੁਤੰਤਰ ਨਿਆਇਕ ਜਾਂਚ ਹੋਵੇ ਤੇ ਐੱਸਆਈਟੀ ਗਠਿਤ ਕੀਤੀ ਜਾਣੀ ਚਾਹੀਦੀ ਹੈ। ਇਹ ਵੀ ਦੋਸ਼ ਲਗਾਇਆ ਕਿ ਤੇਲੰਗਾਨਾ ਦੀ ਇਕ ਸ਼ੱਕੀ ਫਰਮ ਨੂੰ ਸੀਬੀਐੱਸਈ ਨੇ ਬਗੈਰ ਜਾਂਚੇ ਪਰਖੇ ਇਹ ਕੰਮ ਦਿੱਤਾ।