ਕੇਂਦਰੀ ਖੇਤੀ ਮੰਤਰੀ ਨੇ ਮੰਜੀ ’ਤੇ ਬੈਠ ਕੇ ਲਗਾਈ ਸੱਥ, ਕਿਹਾ- ਕਿਸਾਨ ਭਾਰਤ ਦੀ ਆਤਮਾ
ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨਾਂ ਦੀ ਸੇਵਾ ਨੂੰ ਭਗਵਾਨ ਦੀ ਸੇਵਾ ਮੰਨਦੇ ਹਨ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਦੀ ਗੱਲ ਕਰਦਿਆਂ ਕਣਕ ਅਤੇ ਚੌਲ ਦੇ ਨਾਲ-ਨਾਲ ਫਲਾਂ-ਫੁੱਲਾਂ ਦੀ ਖੇਤੀ ਤੇ ਪਸ਼ੂ ਪਾਲਣ ਨੂੰ ਵਧਾਉਣ ਦੀ ਲੋੜ ਦੱਸੀ। ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਸ਼ਨਿਚਰਵਾਰ ਨੂੰ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੌਰਵਸ਼ਾਲੀ
Publish Date: Sun, 19 Oct 2025 10:35 AM (IST)
Updated Date: Sun, 19 Oct 2025 10:37 AM (IST)

ਜਾਗਰਣ ਟੀਮ, ਗੋਰਖਪੁਰ : ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕਿਸਾਨਾਂ ਦੀ ਸੇਵਾ ਨੂੰ ਭਗਵਾਨ ਦੀ ਸੇਵਾ ਮੰਨਦੇ ਹਨ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨਾਂ ਦੀ ਗੱਲ ਕਰਦਿਆਂ ਕਣਕ ਅਤੇ ਚੌਲ ਦੇ ਨਾਲ-ਨਾਲ ਫਲਾਂ-ਫੁੱਲਾਂ ਦੀ ਖੇਤੀ ਤੇ ਪਸ਼ੂ ਪਾਲਣ ਨੂੰ ਵਧਾਉਣ ਦੀ ਲੋੜ ਦੱਸੀ। ਉੱਤਰ ਪ੍ਰਦੇਸ਼ ਦੇ ਦੇਵਰੀਆ ਵਿਚ ਸ਼ਨਿਚਰਵਾਰ ਨੂੰ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਗੌਰਵਸ਼ਾਲੀ, ਆਤਮ-ਨਿਰਭਰ ਅਤੇ ਖ਼ੁਸ਼ਹਾਲ ਭਾਰਤ ਦਾ ਨਿਰਮਾਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਹੈ ਜਿਸ ਨੂੰ ਪੂਰਾ ਕਰਨਾ ਹੈ। ਇਸ ਤੋਂ ਉਨ੍ਹਾਂ ਨੇ ਪਹਿਲਾਂ ਗੋਰਖਪੁਰ ਦੇ ਚੌਰੀਚੌਰਾ ਵਿਚ ਮੰਜੀ ’ਤੇ ਬੈਠ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਭਰੋਸਾ ਦਿਤਾ ਕਿ ਖੁਰਾਕ-ਬੀਜ ਵਿਚ ਗੜਬੜੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਲਈ ਸਖ਼ਤ ਤੇ ਵੱਡਾ ਕਾਨੂੰਨ ਲਿਆਵਾਂਗੇ।
ਪਥਰਦੇਵਾ ਸਥਿਤ ਆਚਾਰਿਆ ਨਰਿੰਦਰ ਦੇਵ ਇੰਟਰ ਕਾਲਜ ਵਿਚ ਕਰਵਾਏ ਗਏ ਦੋ ਦਿਨਾ ਕਿਸਾਨ ਮੇਲੇ ਵਿਚ ਇਕੱਠੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਦੇਸ਼ ਪੈਸੇ ਤੇ ਦੌਲਤ ਨਾਲ ਭਰਿਆ ਹੋਇਆ ਹੈ। ਅਸੀਂ ਫ਼ਸਲਾਂ ਦਾ ਉਤਪਾਦਨ ਵਧਾਉਣਾ ਹੈ। ਕੁਦਰਤੀ ਖੇਤੀ ਨੂੰ ਅਪਣਾਉਂਦੇ ਹੋਏ ਆਉਣ ਵਾਲੀਆਂ ਪੀੜ੍ਹੀਆਂ ਲਈ ਧਰਤੀ ਤੇ ਮਿੱਟੀ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਇਸ ਲਈ ਵੱਧ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਤੋਂ ਬਚਣਾ ਪਵੇਗਾ। ਸਾਡੇ ਦੇਸ਼ ਵਿਚ ਜ਼ਿਆਦਾਤਰ ਕਿਸਾਨਾਂ ਕੋਲ ਛੋਟੇ-ਛੋਟੇ ਖੇਤ ਹਨ। ਸਿਰਫ ਕਣਕ ਅਤੇ ਚੌਲ ਦੀ ਖੇਤੀ ਹੀ ਨਹੀਂ ਸਗੋਂ ਫਲਾਂ, ਫੁੱਲਾਂ ਦੇ ਨਾਲ-ਨਾਲ ਪਸ਼ੂ ਪਾਲਣ ਨੂੰ ਵੀ ਉਤਸ਼ਾਹਤ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਟੈਰਿਫ ਵਰਗੀਆਂ ਧਮਕੀਆਂ ਸਾਹਮਣੇ ਮੋਦੀ ਸਰਕਾਰ ਨਹੀਂ ਝੁਕੀ ਸਗੋਂ ਆਪਣੇ ਕਿਸਾਨਾਂ ਦੇ ਬਲਬੂਤ ਮਜ਼ਬੂਤੀ ਨਾਲ ਖੜ੍ਹੀ ਰਹੀ। ਇਸ ਪ੍ਰੋਗਰਾਮ ਨੂੰ ਕੇਂਦਰੀ ਰਾਜ ਮੰਤਰੀ ਕਮਲੇਸ਼ ਪਾਸਵਾਨ, ਯੂਪੀ ਦੇ ਖੇਤੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ ਅਤੇ ਰਾਜ ਮੰਤਰੀ ਵਿਜੇ ਲਕਸ਼ਮੀ ਗੌਤਮ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਗੋਰਖਪੁਰ ਦੇ ਚੌਰੀਚੌਰਾ, ਡੁਮਰੀ ਖੁਰਦ ਵਿਚ ਮੰਚ ਤੋਂ ਉਤਰ ਕੇ ਮੰਜੀ ’ਤੇ ਸੱਥ ਵਿਚ ਬੈਠੇ ਖੇਤੀ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਅੰਨਦਾਤਾ ਹੀ ਨਹੀਂ, ਭਾਰਤ ਦੀ ਆਤਮਾ ਹਨ। ਕਿਸਾਨੀ ਸਾਡੇ ਅਰਥਚਾਰੇ ਦੀ ਰੀੜ੍ਹ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸਮਰਥਨ ਮੁੱਲ ਵਿਚ ਹੋਏ ਵਾਧੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀਐੱਫਓ (ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ) ਨੂੰ ਹੁਲਾਰਾ ਦੇ ਰਹੀ ਹੈ ਤਾਂ ਜੋ ਹਜ਼ਾਰਾਂ ਕਿਸਾਨ ਮਿਲ ਕੇ ਆਪਣੀ ਆਰਥਿਕ ਸ਼ਕਤੀ ਵਧਾ ਸਕਣ। ਇਸ ਤੋਂ ਬਾਅਦ ਖੇਤੀ ਮੰਤਰੀ ਨੇ ਚੌਰੀਚੌਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।