ਸਾਲਾਂ ਤੱਕ ਸਮੂਹਿਕ ਜਬਰ-ਜਨਾਹ ਤੇ ਬਲੈਕਮੇਲਿੰਗ ਦਾ ਸ਼ਿਕਾਰ ਦੋ ਸਕੀਆਂ ਭੈਣਾਂ ਨੇ ਕੀਤੀ ਖ਼ੁਦਕੁਸ਼ੀ, ਪੁਲਿਸ 'ਤੇ ਲਾਪਰਵਾਹੀ ਦੇ ਦੋਸ਼
ਮਹਿਲਾ ਨੇ ਦੋਸ਼ ਲਗਾਇਆ ਕਿ ਐੱਫਆਈਆਰ ਦਰਜ ਹੋਣ ਤੋਂ ਬਾਅਦ ਵੀ ਮੁਲਜ਼ਮ ਉਸਨੂੰ ਸ਼ਰੇਆਮ ਧਮਕੀਆਂ ਦਿੰਦੇ ਰਹੇ ਅਤੇ ਫੜ੍ਹਾਂ ਮਾਰਦੇ ਰਹੇ ਕਿ ਪੁਲਿਸ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇਗੀ। ਸ਼ੁੱਕਰਵਾਰ ਨੂੰ ਆਪਣੀ ਮੰਗ ਨੂੰ ਲੈ ਕੇ ਛੋਟੀ ਭੈਣ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ ਅਤੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਬਾਅਦ ਉਸਨੇ ਜ਼ਹਿਰ ਖਾ ਲਿਆ ਅਤੇ ਹਸਪਤਾਲ ਲੈ ਜਾਂਦੇ ਸਮੇਂ ਉਸਦੀ ਮੌਤ ਹੋ ਗਈ।
Publish Date: Sun, 17 May 2026 12:38 PM (IST)
Updated Date: Sun, 17 May 2026 12:47 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਰਾਜਸਥਾਨ ਵਿੱਚ ਕਈ ਸਾਲਾਂ ਤੱਕ ਸਮੂਹਿਕ ਜਬਰ-ਜਨਾਹ ਅਤੇ ਬਲੈਕਮੇਲਿੰਗ ਦਾ ਸ਼ਿਕਾਰ ਹੋਣ ਤੋਂ ਬਾਅਦ ਇੱਕ ਔਰਤ ਨੇ ਮਾਰਚ ਦੇ ਮਹੀਨੇ ਵਿੱਚ ਖ਼ੁਦਕੁਸ਼ੀ ਕਰ ਲਈ ਸੀ। ਇਸ ਦੇ ਦੋ ਮਹੀਨਿਆਂ ਬਾਅਦ ਹੁਣ ਉਸਦੀ ਛੋਟੀ ਭੈਣ ਨੇ ਵੀ ਆਪਣੀ ਜਾਨ ਦੇ ਦਿੱਤੀ। ਦੋਸ਼ ਹੈ ਕਿ ਕਈ ਵਾਰ ਪੁਲਿਸ ਅੱਗੇ ਗੁਹਾਰ ਲਗਾਉਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ।
ਦਿਹਾਤੀ ਜੋਧਪੁਰ ਵਿੱਚ ਦੋ ਭੈਣਾਂ ਦੀ ਮੌਤ ਨਾਲ ਇਲਾਕੇ ਵਿੱਚ ਭਾਰੀ ਤਣਾਅ ਫੈਲ ਗਿਆ ਹੈ। ਪੁਲਿਸ 'ਤੇ ਲਾਪਰਵਾਹੀ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਅਸਫ਼ਲ ਰਹਿਣ ਦੇ ਦੋਸ਼ ਲੱਗੇ ਹਨ। ਪੀੜਤਾਂ ਦੇ ਪਿਤਾ ਨੇ ਪੁਲਿਸ ਦੇ ਰਵੱਈਏ 'ਤੇ ਸਵਾਲ ਚੁੱਕਦਿਆਂ ਨਿਰਪੱਖ ਜਾਂਚ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ।
ਪਹਿਲੀ ਖ਼ੁਦਕੁਸ਼ੀ
11 ਅਪ੍ਰੈਲ ਨੂੰ ਦਰਜ ਕਰਵਾਈ ਗਈ ਪੁਲਿਸ ਸ਼ਿਕਾਇਤ ਵਿੱਚ ਉਸਦੀ ਭੈਣ ਨੇ ਦੱਸਿਆ ਕਿ ਵੱਡੀ ਭੈਣ ਮਹੀਪਾਲ ਨਾਮ ਦੇ ਇੱਕ ਸਥਾਨਕ ਈ-ਮਿੱਤਰ ਸਰਵਿਸ ਸੈਂਟਰ ਆਪਰੇਟਰ ਦੇ ਜਾਲ ਵਿੱਚ ਫਸ ਗਈ ਸੀ, ਜਿਸ ਨੇ ਚੋਰੀ-ਛਿਪੇ ਉਸਦੀਆਂ ਅਸ਼ਲੀਲ ਵੀਡੀਓਜ਼ ਬਣਾ ਲਈਆਂ ਸਨ।
ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿੱਚ ਕੁੱਲ ਅੱਠ ਲੋਕਾਂ ਦੇ ਨਾਮ ਦੱਸੇ ਜਿਨ੍ਹਾਂ ਵਿੱਚ ਸ਼ਿਵਰਾਜ, ਗੋਪਾਲ, ਵਿਜਰਾਮ, ਦਿਨੇਸ਼, ਮਨੋਜ ਅਤੇ ਪੁਖਰਾਜ ਸ਼ਾਮਲ ਹਨ ਅਤੇ ਉਨ੍ਹਾਂ 'ਤੇ ਆਪਣੀ ਭੈਣ ਨਾਲ ਸਮੂਹਿਕ ਜਬਰ-ਜਨਾਹ ਕਰਨ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ।
ਆਪਣੀ ਸ਼ਿਕਾਇਤ ਵਿੱਚ ਉਸਨੇ ਕਿਹਾ ਕਿ ਮਹੀਪਾਲ ਅਤੇ ਉਸਦੇ ਸਾਥੀਆਂ ਨੇ ਲਗਪਗ ਚਾਰ ਸਾਲਾਂ ਤੱਕ ਉਸਦਾ ਸ਼ੋਸ਼ਣ ਕੀਤਾ ਅਤੇ ਉਸਨੂੰ ਬਲੈਕਮੇਲ ਕਰਕੇ ਲਗਾਤਾਰ ਪੈਸੇ ਵਸੂਲੇ। ਉਸਨੇ ਅੱਗੇ ਦੱਸਿਆ ਕਿ ਇਸ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਨੂੰ ਹੋਰ ਬਰਦਾਸ਼ਤ ਨਾ ਕਰ ਸਕਣ ਕਾਰਨ 20 ਮਾਰਚ ਨੂੰ ਉਸਨੇ ਖ਼ੁਦਕੁਸ਼ੀ ਕਰ ਲਈ।
ਛੋਟੀ ਭੈਣ ਨੇ ਦਿੱਤੀ ਸੀ ਚਿਤਾਵਨੀ
ਛੋਟੀ ਭੈਣ ਨੇ ਪੁਲਿਸ ਨੂੰ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਉਸਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਜਾਨ ਦੇ ਦੇਵੇਗੀ। ਉਸਦੀ ਸ਼ਿਕਾਇਤ 'ਤੇ ਇੱਕ ਐੱਫਆਈਆਰ (FIR) ਦਰਜ ਕੀਤੀ ਗਈ ਸੀ ਪਰ ਕਥਿਤ ਤੌਰ 'ਤੇ ਉਸ ਤੋਂ ਬਾਅਦ ਦੇ ਇੱਕ ਮਹੀਨੇ ਵਿੱਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਦਹਿਸ਼ਤ ਅਜੇ ਖ਼ਤਮ ਨਹੀਂ ਹੋਈ ਸੀ। ਆਪਣੀ ਭੈਣ ਦੀ ਖ਼ੁਦਕੁਸ਼ੀ ਤੋਂ ਬਾਅਦ ਮਹਿਲਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਹੁਣ ਉਸਨੂੰ ਪਰੇਸ਼ਾਨ ਕਰਨ ਲੱਗ ਪਏ ਸਨ। ਉਸਨੇ ਦੱਸਿਆ ਕਿ ਉਨ੍ਹਾਂ ਨੇ ਉਸਦੀ ਭੈਣ ਦੀ ਵੀਡੀਓ ਜਨਤਕ ਕਰਨ ਦੀ ਧਮਕੀ ਦੇ ਕੇ ਉਸਦਾ ਜਿਨਸੀ ਸ਼ੋਸ਼ਣ ਕੀਤਾ।
ਦੂਜੀ ਖ਼ੁਦਕੁਸ਼ੀ
ਮਹਿਲਾ ਨੇ ਦੋਸ਼ ਲਗਾਇਆ ਕਿ ਐੱਫਆਈਆਰ ਦਰਜ ਹੋਣ ਤੋਂ ਬਾਅਦ ਵੀ ਮੁਲਜ਼ਮ ਉਸਨੂੰ ਸ਼ਰੇਆਮ ਧਮਕੀਆਂ ਦਿੰਦੇ ਰਹੇ ਅਤੇ ਫੜ੍ਹਾਂ ਮਾਰਦੇ ਰਹੇ ਕਿ ਪੁਲਿਸ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇਗੀ। ਸ਼ੁੱਕਰਵਾਰ ਨੂੰ ਆਪਣੀ ਮੰਗ ਨੂੰ ਲੈ ਕੇ ਛੋਟੀ ਭੈਣ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਈ ਅਤੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਬਾਅਦ ਉਸਨੇ ਜ਼ਹਿਰ ਖਾ ਲਿਆ ਅਤੇ ਹਸਪਤਾਲ ਲੈ ਜਾਂਦੇ ਸਮੇਂ ਉਸਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਫੈਲਿਆ ਗੁੱਸਾ
ਇਸ ਘਟਨਾ ਕਾਰਨ ਰਾਜਪੂਤ ਭਾਈਚਾਰੇ ਵਿੱਚ ਭਾਰੀ ਰੋਸ ਫੈਲ ਗਿਆ ਹੈ। ਵਿਰੋਧ ਦਰਜ ਕਰਵਾਉਣ ਲਈ ਐੱਮਡੀਐੱਮ (MDM) ਹਸਪਤਾਲ ਦੇ ਬਾਹਰ ਭੀੜ ਜਮ੍ਹਾ ਹੋ ਗਈ, ਜਿੱਥੇ ਉਸਦੀ ਮ੍ਰਿਤਕ ਦੇਹ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਸੀ। ਸ਼ੁਰੂਆਤੀ ਗਤੀਰੋਧ ਤੋਂ ਬਾਅਦ ਪੀੜਤ ਦੇ ਪਰਿਵਾਰ ਵਾਲਿਆਂ ਨੇ ਪੋਸਟਮਾਰਟਮ ਲਈ ਸਹਿਮਤੀ ਦੇ ਦਿੱਤੀ ਹੈ।
ਮਾਰਵਾੜ ਰਾਜਪੂਤ ਸੁਸਾਇਟੀ ਦੇ ਪ੍ਰਧਾਨ ਹਨੂਮਾਨ ਸਿੰਘ ਖਾਂਗਟਾ ਨੇ ਪੁਲਿਸ 'ਤੇ ਦੋਸ਼ ਲਗਾਇਆ ਹੈ ਕਿ ਉਸਨੇ ਪੂਰੀ ਜਾਂਚ ਦੌਰਾਨ ਮੁਲਜ਼ਮਾਂ ਨੂੰ ਬਚਾਉਣ ਲਈ ਸਰਗਰਮੀ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਇਸ ਨਾਕਾਮੀ ਦੀ ਕੀਮਤ ਅਖੀਰ ਦੋਵਾਂ ਭੈਣਾਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਭਾਈਚਾਰੇ ਨੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਲਾਪਰਵਾਹ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਜਾਂਚ ਕੀਤੀ ਜਾਵੇਗੀ।