ਬਿਮਾਰ ਪਤੀ ਨੂੰ ਪਿੱਠ 'ਤੇ ਲੱਦ ਕੇ ਘੁੰਮਦੀ ਰਹੀ ਆਦਿਵਾਸੀ ਔਰਤ, ਅਕੋਲਾ ਦੇ ਹਸਪਤਾਲ ਦੀ ਵੀਡੀਓ ਵਾਇਰਲ
GMC 'ਚ ਸਟ੍ਰੈਚਰ ਅਤੇ ਵ੍ਹੀਲਚੇਅਰ ਦੀ ਉਪਲਬਧਤਾ ਨੂੰ ਲੈ ਕੇ ਪਹਿਲਾਂ ਵੀ ਚਿੰਤਾਵਾਂ ਜਤਾਈਆਂ ਗਈਆਂ ਹਨ। ਕੁਝ ਮਾਮਲਿਆਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਖੁਦ ਹੀ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿਚਕਾਰ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਹੈ।
Publish Date: Sun, 07 Jun 2026 03:03 PM (IST)
Updated Date: Sun, 07 Jun 2026 03:05 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਕੋਲਾ ਸਰਕਾਰੀ ਮੈਡੀਕਲ ਕਾਲਜ (GMC) ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਆਦਿਵਾਸੀ ਔਰਤ ਆਪਣੇ ਬਿਮਾਰ ਪਤੀ ਨੂੰ ਪਿੱਠ 'ਤੇ ਲੱਦ ਕੇ ਵੱਖ-ਵੱਖ ਅਲੱਗ ਵਿਭਾਗਾਂ 'ਚ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਇਸ ਘਟਨਾ ਨੇ ਹਸਪਤਾਲ 'ਚ ਮਰੀਜ਼ਾਂ ਦੀ ਦੇਖਭਾਲ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਜੀਐੱਮਸੀ ਦੇ ਡੀਨ ਡਾ. ਸੰਜੇ ਸੋਨੋਨੇ ਮੁਤਾਬਕ, ਇਹ ਵੀਡੀਓ ਹਸਪਤਾਲ ਨੂੰ ਬਦਨਾਮ ਕਰਨ ਦੀ ਇਕ ਕੋਸ਼ਿਸ਼ ਹੈ। ਵੀਡੀਓ 'ਚ ਔਰਤ ਇਕ ਛੋਟੇ ਬੱਚੇ ਦੇ ਨਾਲ ਬਿਨਾਂ ਸਟ੍ਰੈਚਰ ਜਾਂ ਵ੍ਹੀਲਚੇਅਰ ਦੇ ਇਕ ਵਿਭਾਗ ਤੋਂ ਦੂਜੇ ਵਿਭਾਗ 'ਚ ਜਾਂਦੀ ਹੋਈ ਦਿਖਾਈ ਦੇ ਰਹੀ ਹੈ।
ਡੀਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਡੀਨ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਟਾਫ਼ ਵੀਡੀਓ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦਕਿ ਵੀਡੀਓ 'ਚ ਸੁਣੀਆਂ ਜਾ ਰਹੀਆਂ ਆਵਾਜ਼ਾਂ ਤੋਂ ਅਜਿਹਾ ਲੱਗ ਰਿਹਾ ਸੀ। ਉਨ੍ਹਾਂ ਕਿਹਾ ਕਿ ਔਰਤ ਨੂੰ ਸ਼ਾਇਦ ਪੜ੍ਹਾਈ-ਲਿਖਾਈ ਦੀ ਕਮੀ ਕਾਰਨ ਹਸਪਤਾਲ ਦੀਆਂ ਪ੍ਰਕਿਰਿਆਵਾਂ ਬਾਰੇ ਜਾਣਕਾਰੀ ਨਹੀਂ ਸੀ।
ਡਾ. ਸੋਨੋਨੇ ਨੇ ਦੱਸਿਆ ਕਿ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਮਰੀਜ਼ਾਂ ਨੂੰ ਕੁਝ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਔਰਤ ਓਪੀਡੀ ਦੇ ਸਮੇਂ ਤੋਂ ਬਾਅਦ ਆਈ ਸੀ ਅਤੇ ਸਿੱਧੀ ਆਪਣੇ ਪਤੀ ਨੂੰ ਅੰਦਰ ਲੈ ਗਈ ਸੀ।
ਸ਼ੁਰੂ ਕੀਤੀ ਗਈ ਜਾਂਚ
ਉਨ੍ਹਾਂ ਕਿਹਾ ਕਿ ਔਰਤ ਨੇ ਸਟ੍ਰੈਚਰ ਜਾਂ ਵ੍ਹੀਲਚੇਅਰ ਲਈ ਹਸਪਤਾਲ ਦੇ ਸਟਾਫ਼ ਜਾਂ ਰੈਜ਼ੀਡੈਂਟ ਮੈਡੀਕਲ ਅਫ਼ਸਰ (RMO) ਨਾਲ ਸੰਪਰਕ ਨਹੀਂ ਕੀਤਾ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ ਕਿ ਕੀ ਕਿਸੇ ਪੱਧਰ 'ਤੇ ਕੋਈ ਲਾਪਰਵਾਹੀ ਹੋਈ ਸੀ। ਜੀਐੱਮਸੀ 'ਚ ਸਟ੍ਰੈਚਰ ਅਤੇ ਵ੍ਹੀਲਚੇਅਰ ਦੀ ਉਪਲਬਧਤਾ ਨੂੰ ਲੈ ਕੇ ਪਹਿਲਾਂ ਵੀ ਚਿੰਤਾਵਾਂ ਜਤਾਈਆਂ ਗਈਆਂ ਹਨ। ਕੁਝ ਮਾਮਲਿਆਂ ਵਿੱਚ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਖੁਦ ਹੀ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿਚਕਾਰ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਹੈ।